ਤਾਲਾਬੰਦੀ ਦੌਰਾਨ ਵੀ ਪਸੀਨਾ ਵਹਾ ਰਹੀਆਂ ਵਿਦਿਆਰਥਣਾਂ, ਲਗਾਤਾਰ ਕਰ ਰਹੀਆਂ ਅਭਿਆਸ

Friday, Jun 19, 2020 - 01:05 PM (IST)

ਤਾਲਾਬੰਦੀ ਦੌਰਾਨ ਵੀ ਪਸੀਨਾ ਵਹਾ ਰਹੀਆਂ ਵਿਦਿਆਰਥਣਾਂ, ਲਗਾਤਾਰ ਕਰ ਰਹੀਆਂ ਅਭਿਆਸ

ਮਾਛੀਵਾੜਾ ਸਾਹਿਬ (ਟੱਕਰ) : ਕੋਰੋਨਾ ਮਹਾਮਾਰੀ ਕਾਰਨ ਲਾਗੂ ਹੋਈ ਤਾਲਾਬੰਦੀ ’ਚ ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਹਨ ਅਤੇ ਵਿਦਿਆਰਥੀ ਆਨਲਾਈਨ ਹੀ ਪੜ੍ਹਾਈ ਕਰ ਰਹੇ ਹਨ ਪਰ ਖੇਡਾਂ ’ਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਵੀ ਭਵਿੱਖ ’ਚ ਹੋਣ ਵਾਲੇ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਆਪਣਾ ਅਭਿਆਸ ਲਗਾਤਾਰ ਕਰ ਰਹੇ ਹਨ, ਜਿਸ ਤਹਿਤ ਝਾੜ ਸਾਹਿਬ ਕਾਲਜ ਦੀਆਂ ਵਿਦਿਆਰਥਣਾਂ ਮਾਰਸ਼ਲ ਆਰਟ ਪ੍ਰੀਮੀਅਮ ਲੀਗ ਦੀ ਤਿਆਰੀਆਂ ’ਚ ਜੁੱਟੀਆਂ ਹੋਈਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਝਾੜ ਸਾਹਿਬ ਦੀਆਂ 7 ਵਿਦਿਆਰਥਣਾਂ ਨੂੰ ਤਾਇਕਵਾਂਡ ਕੋਚ ਲਵੀ ਢਿੱਲੋਂ ਮਾਰਸ਼ਲ ਆਰਟ ਪ੍ਰੀਮੀਅਮ ਲੀਗ ਲਈ ਵੀਡਿਓ ਕਾਨਫਰੰਸ ਰਾਹੀਂ ਟ੍ਰੇਨਿੰਗ ਦੇ ਰਹੇ ਹਨ ਅਤੇ ਇਹ ਲੜਕੀਆਂ ਵੀ ਮੁਕਾਬਲਾ ਜਿੱਤਣ ਲਈ ਪੂਰੀ ਤਨਦੇਹੀ ਨਾਲ ਰੋਜ਼ਾਨਾ ਅਭਿਆਸ ਕਰ ਰਹੀਆਂ ਹਨ।

PunjabKesari

ਉਨ੍ਹਾਂ ਦੱਸਿਆ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਰਾਸ਼ਟਰੀ ਪੱਧਰ ’ਤੇ ਕਬੱਡੀ ਲੀਗ ਕਰਵਾਈ ਜਾਂਦੀ ਸੀ, ਉਸ ਤਰ੍ਹਾਂ ਹੁਣ ਇਹ ਪਹਿਲੀ ਵਾਰ ਮਾਰਸ਼ਲ ਆਰਟ ਪ੍ਰੀਮੀਅਮ ਲੀਗ ਹੋ ਰਹੀ ਹੈ, ਜਿਸ ’ਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਤਾਈਕਵਾਂਡੋ ਦੇ ਵਿਦਿਆਰਥੀ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਝਾੜ ਸਾਹਿਬ ਕਾਲਜ ਦੀਆਂ 7 ਵਿਦਿਆਰਥਣਾਂ ਇਸ ਤੋਂ ਪਹਿਲਾਂ ਤਾਈਕਵਾਂਡੋ ਦੇ ਰਾਸ਼ਟਰੀ ਪੱਧਰ, ਸਟੇਟ ਪੱਧਰ ਚੈਪੀਅਨਸ਼ਿਪ, ਨਾਰਥ ਇੰਡੀਆ ਮੁਕਾਬਲੇ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ 'ਚ ਵੀ ਕਈ ਇਨਾਮ ਜਿੱਤ ਚੁੱਕੇ ਹਨ ਅਤੇ ਹੁਣ ਇਨ੍ਹਾਂ ਨੂੰ ਮਾਰਸ਼ਲ ਆਰਟ ਪ੍ਰੀਮੀਅਮ ਲੀਗ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਝਾੜ ਸਾਹਿਬ ਕਾਲਜ ਦੀਆਂ ਵਿਦਿਆਰਥਣਾਂ ਤਰਨਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਹਰਸ਼ਦੀਪ ਕੌਰ, ਸਪਨਾ ਰਾਣੀ, ਦਲਜੀਤ ਕੌਰ, ਸਿਮਰਨਜੀਤ ਕੌਰ, ਸੁਮਨਪ੍ਰੀਤ ਕੌਰ ਜਿੱਥੇ ਇੱਕ ਘੰਟਾ ਵੀਡਿਓ ਕਾਨਫਰੰਸ ਰਾਹੀਂ ਤਾਈਕਵਾਂਡੋ ਦੀ ਸਿਖਲਾਈ ਲੈਂਦੀਆਂ ਹਨ, ਉੱਥੇ ਰੋਜ਼ਾਨਾ ਅਭਿਆਸ ਕਰਕੇ ਇਹ ਲੀਗ ਜਿੱਤਣ ਲਈ ਸਖ਼ਤ ਮਿਹਨਤ ਕਰ ਰਹੀਆਂ ਹਨ।

ਸਰਕਾਰ ਖੇਡ ਅਕੈਡਮੀਆਂ ਜਲਦ ਸ਼ੁਰੂ ਕਰੇ 

ਆਤਮ ਰਕਸ਼ਾ ਯੋਗ ਅਕੈਡਮੀ ਦੇ ਕੋਚ ਅਤੇ ਤਾਈਕਵਾਂਡੋ ਦੇ ਨੈਸ਼ਨਲ ਰੈਫਰੀ ਲਵੀ ਢਿੱਲੋਂ ਨੇ ਕਿਹਾ ਕਿ ਖੇਡਾਂ ’ਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਸਰਕਾਰ ਤਾਲਾਬੰਦੀ ਕਾਰਨ ਬੰਦ ਪਈਆਂ ਖੇਡ ਅਕੈਡਮੀਆਂ ਨੂੰ ਜਲਦ ਖੋਲ੍ਹਣ ਦੀ ਪ੍ਰਵਾਨਗੀ ਦੇਵੇ। ਉਨ੍ਹਾਂ ਕਿਹਾ ਕਿ ਸਾਰੀਆਂ ਖੇਡ ਅਕੈਡਮੀਆਂ ਦੇ ਪ੍ਰਬੰਧਕ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨਗੇ, ਖਿਡਾਰੀਆਂ ਨੂੰ ਸਿਖਲਾਈ ਦੌਰਾਨ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਜਾਵੇਗਾ ਅਤੇ ਸੈਨੀਟਾਈਜ਼ ਦੀ ਵਰਤੋ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਖੇਡ ਅਕੈਡਮੀਆਂ ਨਾ ਖੁੱਲ੍ਹੀਆਂ ਤਾਂ ਵਿਦਿਆਰਥੀ ਘਰਾਂ ’ਚ ਵਿਹਲੇ ਬੈਠ ਕੇ ਮੋਬਾਇਲ ਗੇਮਾਂ ਵੱਲ ਆਕਰਸ਼ਿਤ ਹੋ ਕੇ ਆਲਸੀ ਹੋ ਜਾਣਗੇ, ਜਿਸ ਨਾਲ ਉਨ੍ਹਾਂ ਦੇ ਖੇਡ ਪ੍ਰਦਰਸ਼ਨ ’ਤੇ ਅਸਰ ਪਵੇਗਾ।
 


author

Babita

Content Editor

Related News