ਵਿਦੇਸ਼ ਮੰਤਰੀ ਨੇ ਸੰਤੋਖ ਚੌਧਰੀ ਨੂੰ ਪ੍ਰਭਲੀਨ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦਾ ਦਿੱਤਾ ਭਰੋਸਾ

Monday, Dec 09, 2019 - 02:34 PM (IST)

ਵਿਦੇਸ਼ ਮੰਤਰੀ ਨੇ ਸੰਤੋਖ ਚੌਧਰੀ ਨੂੰ ਪ੍ਰਭਲੀਨ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦਾ ਦਿੱਤਾ ਭਰੋਸਾ

ਜਲੰਧਰ (ਧਵਨ) : ਭਾਰਤੀ ਸਫ਼ਾਰਤਖ਼ਾਨਾ ਪ੍ਰਭਲੀਨ ਕੌਰ ਦੀ ਮੌਤ ਦੇ ਮਾਮਲੇ ਬਾਰੇ ਸੰਜੀਦਗੀ ਨਾਲ ਨਜ਼ਰ ਰੱਖ ਰਹੀ ਹੈ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਇਹ ਗੱਲ ਵਿਦੇਸ਼ ਮੰਤਰੀ ਡਾਕਟਰ ਐੱਸ. ਜੈਸ਼ੰਕਰ ਨੇ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਨੂੰ ਲਿਖੇ ਪੱਤਰ 'ਚ ਕਹੀ ਹੈ। ਪ੍ਰਭਲੀਨ ਕੌਰ ਦਾ ਕੈਨੇਡਾ ਦੇ ਸਰੀ ਸ਼ਹਿਰ 'ਚ ਕਤਲ ਕਰ ਦਿੱਤਾ ਗਿਆ ਸੀ, ਜਿਹੜੀ ਜ਼ਿਲਾ ਜਲੰਧਰ ਦੇ ਪਿੰਡ ਚਿੱਟੀ ਦੀ ਸੀ। ਕਾਂਗਰਸ ਦੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਇਸ ਮਾਮਲੇ ਬਾਰੇ ਵਿਦੇਸ਼ ਮੰਤਰੀ ਜੈ ਸ਼ੰਕਰ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਕੋਲ ਪ੍ਰਭਲੀਨ ਕੌਰ ਦੇ ਕਤਲ ਦਾ ਮਾਮਲਾ ਚੁੱਕਿਆ ਸੀ। ਉਨ੍ਹਾਂ ਨੇ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਸੀ ਕਿ ਪ੍ਰਭਲੀਨ ਕੌਰ ਦੀ ਮ੍ਰਿਤਕ ਦੇਹ ਨੂੰ ਜ਼ਿਲਾ ਜਲੰਧਰ 'ਚ ਲਿਆਉਣ ਲਈ ਯੋਗ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਅਤੇ ਇਹ ਸਭ ਕੁਝ ਭਾਰਤ ਸਰਕਾਰ ਦੇ ਖ਼ਰਚੇ 'ਤੇ ਹੋਣਾ ਚਾਹੀਦਾ ਹੈ।

ਵਿਦੇਸ਼ ਮੰਤਰੀ ਨੇ ਆਪਣੇ ਪੱਤਰ 'ਚ ਕਿਹਾ ਹੈ ਕਿ ਕੈਨੇਡਾ ਦੀ ਫੈੱਡਰਲ ਪੁਲਸ ਦੀ ਜਾਂਚ ਟੀਮ ਸਾਰੇ ਮਾਮਲੇ ਦੀ ਸੰਜੀਦਗੀ ਨਾਲ ਪੜਤਾਲ ਕਰ ਰਹੀ ਹੈ ਅਤੇ ਕੈਨੇਡਾ ਵਿਚਲੇ ਭਾਰਤੀ ਸਫ਼ਾਰਤਖ਼ਾਨੇ ਦੇ ਅਧਿਕਾਰੀ ਪ੍ਰਭਲੀਨ ਕੌਰ ਦੀ ਮ੍ਰਿਤਕ ਦੇਹ ਨੂੰ ਛੇਤੀ ਤੋਂ ਛੇਤੀ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ । ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਪ੍ਰਭਲੀਨ ਕੌਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਲਿਆਉਣ 'ਚ ਜ਼ਿਆਦਾ ਦੇਰੀ ਨਹੀਂ ਲੱਗਣੀ ਚਾਹੀਦੀ ਕਿਉਂਕਿ ਪਹਿਲਾਂ ਹੀ ਇਸ 'ਚ ਇਕ ਮਹੀਨਾ ਲੱਗ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪ੍ਰਭਲੀਨ ਕੌਰ ਦੇ ਕਤਲ ਦੇ ਮਾਮਲੇ 'ਚ ਜਿਸ ਕਿਸੇ ਦਾ ਵੀ ਹੱਥ ਹੋਵੇ, ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਪ੍ਰਭਲੀਨ ਕੌਰ ਦੇ ਪਿਤਾ ਨੇ ਧੀ ਬਾਰੇ ਕਈ ਖੁਲਾਸੇ ਕੀਤੇ ਹਨ। ਖੁਲਾਸੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਵਿਆਹੀ ਹੋਈ ਸੀ ਅਤੇ ਉਸ ਦੇ ਪਤੀ ਨੇ ਹੀ ਉਸ ਦਾ ਗੋਲੀ ਮਾਰ ਕੇ ਕਤਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿਖੇ ਉਨ੍ਹਾਂ ਦੀ ਧੀ ਨੇ ਇਕ ਗੌਰੇ ਨੌਜਵਾਨ ਪੀਟਰ ਨਾਲ ਵਿਆਹ ਕਰਵਾ ਲਿਆ ਸੀ, ਜੋ ਕਿ ਪਰਿਵਾਰ ਦੀ ਮਰਜ਼ੀ ਨਾਲ ਹੀ ਕੀਤਾ ਗਿਆ ਸੀ।


author

Anuradha

Content Editor

Related News