ਵੱਡੀ ਖ਼ਬਰ : ਪੰਜਾਬ 'ਚ ਅੱਜ ਰਾਤ 8 ਵਜੇ ਤੱਕ ਲੱਗੇਗਾ ਲੰਬਾ ਬਿਜਲੀ ਕੱਟ, ਪਾਵਰਕਾਮ ਨੇ ਜਾਰੀ ਕੀਤੇ ਹੁਕਮ (ਵੀਡੀਓ)
Saturday, Apr 30, 2022 - 09:55 AM (IST)
ਪਟਿਆਲਾ/ਜਲੰਧਰ (ਜੋਸਨ, ਪੁਨੀਤ) : ਪੰਜਾਬ ’ਚ ਬਿਜਲੀ ਦੀ ਕਮੀ ਲਗਾਤਾਰ ਜਾਰੀ ਹੈ ਅਤੇ ਪਾਵਰਕਾਮ ਨੇ ਬਿਜਲੀ ਦੀ ਕਮੀ ਨਾਲ ਨਜਿੱਠਣ ਲਈ ਸ਼ਨੀਵਾਰ ਨੂੰ ਸਾਰੇ ਇੰਡਸਟਰੀਅਲ ਕੁਨੈਕਸ਼ਨ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਨਾਰਦਰਨ ਲੋਡ ਡਿਸਪੈਚ ਸੈਂਟਰ ਅਨੁਸਾਰ ਵੀਰਵਾਰ ਨੂੰ ਪੰਜਾਬ ’ਚ 2000 ਮੈਗਾਵਾਟ ਦੀ ਸ਼ਾਰਟੇਜ ਰਹੀ। ਡਿਸਪੈਚ ਸੈਂਟਰ ਅਨੁਸਾਰ ਪੰਜਾਬ ਬਿਜਲੀ ਬੋਰਡ ਕੋਲ ਸ਼ੁੱਕਰਵਾਰ ਨੂੰ 8500 ਮੈਗਾਵਾਟ ਬਿਜਲੀ ਮੁਹੱਈਆ ਰਹੀ, ਜਿਸ ’ਚ 3672 ਮੈਗਾਵਾਟ ਬਿਜਲੀ ਬਾਹਰ ਤੋਂ ਲਈ ਗਈ, ਜਦੋਂ ਕਿ ਪੰਜਾਬ ’ਚ 4805 ਮੈਗਾਵਾਟ ਦਾ ਉਤਪਾਦਨ ਹੋਇਆ।
ਪੰਜਾਬ ਦੇ ਪਿੰਡਾਂ ’ਚ ਸਿੱਧੇ ਤੌਰ ’ਤੇ ਬਿਜਲੀ ਕੱਟ 14 ਘੰਟਿਆਂ ਤੱਕ ਪਹੁੰਚ ਚੁੱਕੇ ਹਨ, ਜਿਸ ਕਾਰਨ ਲੋਕਾਂ ’ਚ ਤ੍ਰਾਹ-ਤ੍ਰਾਹ ਹੋ ਰਹੀ ਹੈ। ਹਾਲਾਂਕਿ ਪਾਵਰਕਾਮ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ 2 ਤਾਰੀਖ਼ ਤੋਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਸ਼ੁੱਕਰਵਾਰ ਨੂੰ ਵੀ ਪੂਰਾ ਦਿਨ ਪਾਵਰਕਾਮ ਦੇ ਮੁੱਖ ਅਧਿਕਾਰੀ ਬਿਜਲੀ ਸੰਕਟ ਨੂੰ ਲੈ ਕੇ ਰਣਨੀਤੀ ਬਣਾਉਂਦੇ ਰਹੇ ਪਰ ਕਿਸੇ ਪਾਸੇ ਤੋਂ ਵੀ ਬਿਜਲੀ ਨਹੀਂ ਮਿਲ ਪਾ ਰਹੀ ਸੀ। ਸ਼ੁੱਕਰਵਾਰ ਨੂੰ ਰੋਪੜ ਥਰਮਲ ਪਲਾਂਟ ’ਚ 210 ਮੈਗਾਵਟ ਬਿਜਲੀ ਦਾ ਉਤਪਾਦਨ ਕਰਨ ਵਾਲੇ 1 ਯੂਨਿਟ ਨੂੰ ਸ਼ੁਰੂ ਕਰ ਦਿੱਤਾ ਗਿਆ, ਜਿਸ ਨੂੰ ਵੀਰਵਾਰ ਨੂੰ ਬਾਇਲਰ ’ਚ ਖ਼ਰਾਬੀ ਦੇ ਕਾਰਨ ਬੰਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਨੂੰ ਲੈ ਕੇ 'ਯੈਲੋ ਅਲਰਟ' ਜਾਰੀ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
ਸ਼ੁੱਕਰਵਾਰ ਨੂੰ ਰੋਪੜ ਤੇ ਤਲਵੰਡੀ ਸਾਬੋ ਦੇ 1-1 ਯੂਨਿਟ ਚਾਲੂ ਹੋਣ ਕਾਰਨ 870 ਮੈਗਾਵਾਟ ਬਿਜਲੀ ਦਾ ਉਤਪਾਦਨ ਸ਼ੁਰੂ ਹੋ ਗਿਆ। ਗੋਇੰਦਵਾਲ ਸਾਹਿਬ ਦਾ ਜੀ. ਵੀ. ਕੇ. ਥਰਮਲ ਪਲਾਂਟ ਕੋਲੇ ਦੀ ਕਮੀ ਕਾਰਨ ਬੰਦ ਹੈ, ਜਿਸ ਦੇ ਚੱਲਦਿਆਂ 270 ਮੈਗਾਵਾਟ ਬਿਜਲੀ ਦਾ ਉਤਪਾਦਨ ਰੁਕਿਆ ਹੋਇਆ ਹੈ। ਉੱਧਰ ਪੰਜਾਬ ਸਰਕਾਰ ਨੇ ਭਿਆਨਕ ਗਰਮੀ ਅਤੇ ਘੱਟ ਬਿਜਲੀ ਦੇ ਕਾਰਨ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਤਹਿਤ ਹੁਣ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 7 ਵਜੇ ਤੋਂ ਸਿਰਫ 11 ਵਜੇ ਤੱਕ ਹੋਵੇਗਾ, ਜਦੋਂ ਕਿ ਮਿਡਲ ਹਾਈ ਤੇ ਸੀਨੀਅਰ ਸਕੈਡੰਰੀ ਸਕੂਲਾਂ ਦਾ ਸਮਾਂ ਸਵੇਰੇ 7 ਵਜੇ ਤੋਂ 12 ਵਜੇ ਤੱਕ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ