ਥਰਮਲ ਪਲਾਂਟ ਬੰਦ ਕਰਨਾ ਪਾਵਰਕਾਮ ਤੇ ਸਰਕਾਰ ਦੀ ਨਿੱਜੀ ਕੰਪਨੀਆਂ ਨਾਲ ਮਿਲੀਭੁਗਤ ਦਾ ਨਤੀਜਾ

Wednesday, Jan 03, 2018 - 12:47 PM (IST)

ਥਰਮਲ ਪਲਾਂਟ ਬੰਦ ਕਰਨਾ ਪਾਵਰਕਾਮ ਤੇ ਸਰਕਾਰ ਦੀ ਨਿੱਜੀ ਕੰਪਨੀਆਂ ਨਾਲ ਮਿਲੀਭੁਗਤ ਦਾ ਨਤੀਜਾ

ਕਰਤਾਰਪੁਰ (ਸਾਹਨੀ)-ਬਠਿੰਡਾ ਤੇ ਰੋਪੜ ਦੇ ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ 'ਚ ਮੰਗਲਵਾਰ ਪਾਵਰਕਾਮ ਮੰਡਲ ਦਫਤਰ ਮੂਹਰੇ ਪਾਵਰਕਾਮ ਕਰਮਚਾਰੀਆਂ ਦੇ ਸਾਂਝੇ ਫੋਰਮ ਦੇ ਸੱਦੇ 'ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਸੂਬਾ ਕਮੇਟੀ ਕੌਂਸਲ ਆਫ ਜੂਨੀਅਰ ਇੰਜੀਨੀਅਰ ਰਜਿ. ਵੱਲੋਂ ਸਬ ਡਿਵੀਜ਼ਨ ਕਰਤਾਰਪੁਰ, ਬੇਗੋਵਾਲ, ਭੁਲੱਥ, ਹਮੀਰਾ ਨਾਲ ਸਬੰਧਤ ਜੇ. ਈਜ਼ ਨੇ ਹਿੱਸਾ ਲੈ ਕੇ ਜ਼ੋਰਦਾਰ ਰੈਲੀ ਤੇ ਅਰਥੀ ਫੂਕ ਮੁਜ਼ਾਹਰਾ ਕੀਤਾ। 
ਜੇ. ਈਜ਼ ਵੱਲੋਂ ਰੋਸ ਰੈਲੀ ਦੀ ਪ੍ਰਧਾਨਗੀ ਕਰਦਿਆਂ ਇੰਜ. ਕੁਲਤਾਰ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਨਿੱਜੀ ਕੰਪਨੀਆਂ ਨੂੰ ਮੁਨਾਫਾ ਪਹੁੰਚਾਉਣ ਲਈ ਸਰਕਾਰੀ ਅਦਾਰਿਆਂ ਨੂੰ ਬੰਦ ਕਰਨਾ ਨਿੰਦਣਯੋਗ ਹੈ। ਇੰਜ. ਬਲਬੀਰ ਸਿੰਘ ਸ. ਡ. ਭੁਲੱਥ ਸਰਕਲ ਸਕੱਤਰ ਕਪੂਰਥਲਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦਾ ਲਗਭਗ 770 ਕਰੋੜ ਖਰਚ ਕਰਕੇ ਨਵੀਨੀਕਰਨ ਕੀਤਾ ਗਿਆ, ਤਾਂ ਜੋ ਸਸਤੀ ਬਿਜਲੀ ਮੁਹੱਈਆ ਕੀਤੀ ਜਾ ਸਕੇ। ਇਸ ਤਰ੍ਹਾਂ ਪਲਾਂਟ ਬੰਦ ਕਰਕੇ ਮੁਲਾਜ਼ਮਾਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਪ੍ਰਾਈਵੇਟ ਪਲਾਂਟਾਂ ਤੋਂ ਮਹਿੰਗੀ ਬਿਜਲੀ ਖਰੀਦ ਕੇ ਆਮ ਜਨਤਾ 'ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। 
ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ, ਹਰਜੀਤ ਸਿੰਘ, ਸੁਖਦੇਵ ਸਿੰਘ ਅਤੇ ਮੰਡਲ ਪ੍ਰਧਾਨ ਤੀਰਥ ਕੁਮਾਰ ਨੇ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੂੰ ਆਪਣੇ ਇਸ ਫੈਸਲੇ 'ਤੇ ਮੁੜ ਵਿਚਾਰ ਕਰਕੇ ਰੱਦ ਕਰਨ ਦੀ ਪੁਰਜ਼ੋਰ ਸ਼ਬਦਾਂ 'ਚ ਮੰਗ ਕੀਤੀ ਅਤੇ ਕਿਹਾ ਕਿ ਅਜਿਹਾ ਨਾ ਹੋਇਆ ਤਾਂ ਯੂਨੀਅਨ ਅਗਾਂਹ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਵੇਗੀ। ਰੈਲੀ 'ਚ ਇੰਜੀਨੀਅਰ ਮਦਨ ਲਾਲ, ਇੰਜ. ਜਸਵਿੰਦਰ ਸਿੰਘ ਭੁਲੱਥ, ਜਤਿੰਦਰ ਸ਼ਰਮਾ ਬੇਗੋਵਾਲ, ਇੰਜ. ਸੁਖਵਿੰਦਰ ਸਿੰਘ ਹਮੀਰਾ, ਜਰਨੈਲ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਕੁਮਾਰ, ਤਰਸੇਮ ਲਾਲ, ਬਲਵਿੰਦਰ ਸਿੰਘ, ਰਤਨ ਲਾਲ, ਰਣਜੀਤ ਸਿੰਘ, ਕਰਮਜੀਤ ਸਿੰਘ, ਅਮਰਜੀਤ ਸਿੰਘ, ਸੁਰਜੀਤ ਸਿੰਘ ਆਦਿ ਸ਼ਾਮਲ ਸਨ।


Related News