ਪਾਵਰਕਾਮ ਦਾ ਐਲਾਨ : ਕਿਸਾਨਾਂ ਨੂੰ ਨਹੀ ਮਿਲ ਸਕਦੀ ਦਿਨ ਵੇਲੇ ਬਿਜਲੀ
Monday, Dec 16, 2019 - 12:40 AM (IST)

ਪਟਿਆਲਾ, (ਜੋਸਨ)- ਪਾਵਰਕਾਮ ਨੇ ਅੱਜ ਇਥੇ ਐਲਾਨ ਕੀਤਾ ਹੈ ਕਿ ਪੰਜਾਬ ਰਾਜ ਦੇ ਖੇਤੀਬਾਡ਼ੀ ਖਪਤਕਾਰ ਸਿਰਫ ਦਿਨ ਵੇਲੇ ਖੇਤੀਬਾਡ਼ੀ ਟਿਊਬਵੈੱਲ ਕੁਨੈਕਸ਼ਨਾਂ ਲਈ ਬਿਜਲੀ ਸਪਲਾਈ ਦੀ ਮੰਗ ਕਰ ਰਹੇ ਹਨ, ਜੋ ਤਕਨੀਕੀ ਤੌਰ ’ਤੇ ਸੰਭਵ ਨਹੀਂ ਹੈ। ਪਾਵਰਕਾਮ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਰਾਜ ਦੀ ਬਿਜਲੀ ਦੀ ਮੰਗ ਦਾ ਪੈਟਰਨ ਬਹੁਤ ਔਖਾ ਹੈ। ਗਰਮੀਆਂ ਅਤੇ ਝੋਨੇ ਦੇ ਸੀਜ਼ਨ (ਜੂਨ-ਸਤੰਬਰ) ਦੌਰਾਨ ਵੱਧ ਤੋਂ ਵੱਧ ਮੰਗ 13,600 ਮੈਗਾਵਾਟ ਤੱਕ ਵਧਦੀ ਹੈ। 8 ਮਹੀਨਿਆਂ (ਅਕਤੂਬਰ ਤੋਂ ਮਈ) ਦੌਰਾਨ ਵੱਧ ਤੋਂ ਵੱਧ ਮੰਗ 5000-6000 ਮੈਗਾਵਾਟ ਰਹਿ ਜਾਂਦੀ ਹੈ, ਜੋ ਕਿ ਰਾਤ ਦੇ ਸਮੇਂ ਹੁਣ 3000 ਮੈਗਾਵਾਟ ਤੱਕ ਆਉਂਦੀ ਹੈ। ਲਗਭਗ 150-200 ਮੈਗਾਵਾਟ ਦੀ ਸੋਲਰ ਜਨਰੇਸ਼ਨ ਸਿਰਫ ਦਿਨ ਦੇ ਸਮੇਂ ਵਿਚ ਉਪਲਬਧ ਹੈ। ਬੁਲਾਰੇ ਨੇ ਕਿਹਾ ਕਿ ਪੈਡੀ ਸੀਜ਼ਨ ’ਚ 8 ਘੰਟੇ ਬਿਜਲੀ ਮਿਲਦੀ ਰਹੇਗੀ।
ਇਸ ਤੋਂ ਇਲਾਵਾ ਪੰਜਾਬ ਰਾਜ ਦੇ ਨਿੱਜੀ ਥਰਮਲ ਪਾਵਰ ਪਲਾਂਟ (ਆਈ. ਪੀ. ਪੀ.) ਭਾਵ ਐੱਨ. ਪੀ. ਐੱਲ. ਰਾਜਪੁਰਾ (1400 ਮੈਗਾਵਾਟ), ਟੀ. ਪੀ. ਐੱਲ. ਤਲਵੰਡੀ ਸਾਬੋ (1980 ਮੈਗਾਵਾਟ), ਜੀ. ਵੀ. ਕੇ. ਗੋਇੰਦਵਾਲ ਸਾਹਿਬ (540 ਮੈਗਾਵਾਟ) ਤਕਨੀਕੀ ਰੁਕਾਵਟਾਂ ਕਾਰਣ ਉਨ੍ਹਾਂ ਦੀ ਸਮਰੱਥਾ ਦੇ 50 ਫੀਸਦੀ ਤੋਂ ਘੱਟ ਨਹੀਂ ਚਲਾਏ ਜਾ ਸਕਦੇ। ਥਰਮਲ ਪਲਾਂਟ ਰਾਤ ਨੂੰ ਬੰਦ ਨਹੀਂ ਹੋ ਸਕਦੇ। ਸਵੇਰ ਤੋਂ ਸ਼ੁਰੂ ਨਹੀਂ ਹੋ ਸਕਦੇ। ਪੀ. ਐੱਸ. ਪੀ. ਸੀ. ਐੱਲ. ਨੇ ਕੇਂਦਰੀ ਬਿਜਲੀ ਖੇਤਰ ਤੋਂ ਬਿਜਲੀ ਖਰੀਦ ਦੀਆਂ ਹੋਰ ਸ਼ਰਤਾਂ ਵੀ ਰੱਖੀਆਂ ਹਨ। ਸਰਦੀਆਂ ਦੇ ਸਮੇਂ ਘਰੇਲੂ ਅਤੇ ਵਪਾਰਕ ਲੋਡ ਰਾਤ ਨੂੰ ਅਣਗੌਲੇ ਹੋ ਜਾਂਦੇ ਹਨ। ਇਸ ਲਈ ਦਿਨ ਦੇ ਘੱਟੋ-ਘੱਟ 50 ਫੀਸਦੀ ਭਾਰ ਰਾਤ ਦੇ ਸਮੇਂ ਵਿਚ ਚਲਾਉਣ ਦੀ ਲੋਡ਼ ਹੁੰਦੀ ਹੈ।
ਪੀ. ਐੱਸ. ਪੀ. ਸੀ. ਐੱਲ. ਰਾਜ ਵਿਚ ਆਪਣੇ ਖੇਤੀਬਾਡ਼ੀ ਖਪਤਕਾਰਾਂ ਨੂੰ ਮਿਆਰੀ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਦੇ ਸਮੇਂ-ਸਮੇਂ ’ਤੇ ਨਿਰਦੇਸ਼ਾਂ ਅਨੁਸਾਰ ਪੀ. ਐੱਸ. ਪੀ. ਸੀ. ਐੱਲ. ਨੇ ਝੋਨੇ ਦੇ ਸੀਜ਼ਨ (13 ਜੂਨ 2019 ਤੋਂ 30 ਸਤੰਬਰ 2019) ਦੌਰਾਨ ਖੇਤੀਬਾਡ਼ੀ ਟਿਊਬਵੈੱਲ ਖਪਤਕਾਰਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਸਫਲਤਾਪੂਰਵਕ ਦਿੱਤੀ ਹੈ। 6.10.2010 ਤੋਂ ਬਾਅਦ ਪੀ. ਐੱਸ. ਪੀ. ਸੀ. ਐੱਲ. ਮੁੱਖ ਤੌਰ ’ਤੇ ਸਬਜ਼ੀਆਂ ਦੀ ਕਾਸ਼ਤ ਵਾਲੇ ਖੇਤਰਾਂ ਵਿਚ ਸਪਲਾਈ ਕਰਨ ਵਾਲੇ ਫੀਡਰਾਂ ਨੂੰ ਦਿਨ ਦੇ ਸਮੇਂ 5 ਘੰਟੇ ਬਿਜਲੀ ਸਪਲਾਈ ਮੁਹੱਈਆ ਕਰ ਰਿਹਾ ਹੈ।
ਦਿਨ ਵੇਲੇ ਬਦਲਵੇਂ ਦਿਨਾਂ ’ਤੇ 10 ਘੰਟੇ ਬਿਜਲੀ ਸਪਲਾਈ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਵਾਡ਼ ਦੇ ਪਾਰ ਖੇਤਰ ਦੀ ਸਪਲਾਈ ਕਰਨ ਵਾਲੇ ਫੀਡਰਾਂ ਨੂੰ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਬਦਲਵੇਂ ਦਿਨ 10 ਘੰਟੇ ਬਿਜਲੀ ਸਪਲਾਈ ਪੰਜਾਬ ਰਾਜ ਦੇ ਬਾਕੀ ਸਾਰੇ ਖੇਤੀ ਫੀਡਰਾਂ ਨੂੰ ਦਿੱਤੀ ਜਾ ਰਹੀ ਹੈ। ਬਿਜਲੀ ਦੀ ਉਪਲਬਧਤਾ/ਜ਼ਰੂਰਤ ਅਨੁਸਾਰ ਖੇਤੀ ਫੀਡਰ ਲੋਡ ਅਨੁਸਾਰ ਦੋ ਗਰੁੱਪਾਂ (ਭਾਵ ਦਿਨ ਅਤੇ ਰਾਤ ਸਮੂਹ) ਵਿਚ ਵੰਡੇ ਗਏ ਹਨ। ਉਨ੍ਹਾਂ ਦਾ ਸਮਾਂ ਹਰ 4 ਦਿਨਾਂ ਬਾਅਦ ਬਦਲਿਆ ਜਾਂਦਾ ਹੈ। ਬਿਜਲੀ ਦੀ ਉਪਲਬਧਤਾ/ਜ਼ਰੂਰਤ ਅਨੁਸਾਰ ਖੇਤੀ ਫੀਡਰ ਵੀ ਲੋਡ ਅਨੁਸਾਰ ਦੋ ਸਮੂਹਾਂ (ਭਾਵ ਦਿਨ ਅਤੇ ਰਾਤ ਸਮੂਹ) ਵਿਚ ਵੰਡੇ ਗਏ ਹਨ। ਉਨ੍ਹਾਂ ਦਾ ਸਮਾਂ ਹਰ 4 ਦਿਨਾਂ ਬਾਅਦ ਬਦਲਿਆ ਜਾਂਦਾ ਹੈ।