ਪਾਵਰਕਾਮ ਨੇ ਪੁਲਸ ਚੌਂਕੀ ਸਮੇਤ 7 ਸਰਕਾਰੀ ਤੇ 65 ਗੈਰ-ਸਰਕਾਰੀ ਬਿਜਲੀ ਕੁਨੈਕਸ਼ਨ ਕੱਟੇ
Wednesday, Aug 26, 2020 - 01:41 AM (IST)
ਪਟਿਆਲਾ,(ਪਰਮੀਤ)- ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਬਿਜਲੀ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲੇ ਸਰਕਾਰੀ ਤੇ ਗੈਰ-ਸਰਕਾਰੀ ਖਪਤਕਾਰਾਂ ਖਿਲਾਫ ਵੱਡੀ ਕਾਰਵਾਈ ਕੀਤੀ। ਮੰਗਲਵਾਰ ਨੂੰ ਪੁਲਸ ਚੌਂਕੀ ਮਾਡਲ ਟਾਊਨ ਸਮੇਤ ਸਿੰਚਾਈ ਵਿਭਾਗ, ਨਗਰ ਨਿਗਮ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸਮੇਤ 7 ਸਰਕਾਰੀ ਅਤੇ 65 ਗੈਰ-ਸਰਕਾਰੀ ਕੁਨੈਕਸ਼ਨ ਕੱਟ ਦਿੱਤੇ। ਪਾਵਰਕਾਮ ਦੇ ਮਾਡਲ ਟਾਊਨ ਡਵੀਜ਼ਨ ਦੇ ਸਹਾਇਕ ਨਿਗਰਾਨ ਇੰਜੀਨੀਅਰ ਅਮਰਦੀਪ ਸਿੰਘ ਢੀਂਡਸਾ ਨੇ ਦੱਸਿਆ ਕਿ ਸਰਕਾਰੀ ਵਿਭਾਗਾਂ ਵੱਲ 9 ਲੱਖ 28 ਹਜ਼ਾਰ ਰੁਪਏ ਬਕਾਇਆ ਸਨ, ਜਦਕਿ ਗੈਰ-ਸਰਕਾਰੀ ਖਪਤਕਾਰਾਂ ਵੱਲ 25 ਲੱਖ 33 ਹਜ਼ਾਰ ਰੁਪਏ ਬਕਾਇਆ ਸਨ, ਜਿਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਸਿੰਚਾਈ ਵਿਭਾਗ ਦੇ 4 ਕੁਨੈਕਸ਼ਨ ਕੱਟੇ ਗਏ ਹਨ, ਜਿਨ੍ਹਾਂ 'ਚ 2 ਐੱਸ. ਡੀ. ਓ. ਅਬਲੋਵਾਲ ਦਫ਼ਤਰ ਦੇ ਨਾਂ 'ਤੇ ਕਨਾਲ ਕਾਲੋਨੀ ਵਿਖੇ ਲੱਗੇ ਸਨ। ਇਕ ਐੱਸ. ਡੀ. ਓ. ਨੰਬਰ 2 ਦਫ਼ਤਰ ਦੇ ਨਾਂ 'ਤੇ ਪੈਪਸੂ ਭਾਖੜਾ ਕਾਲੋਨੀ ਅਤੇ 1 ਐੱਸ. ਡੀ. ਓ. ਦਫ਼ਤਰ ਦੇ ਨਾਂ 'ਤੇ ਪੈਪਸੂ ਭਾਖੜਾ ਕਾਲੋਨੀ ਡ੍ਰੇਨਜ਼ ਵਿਖੇ ਲੱਗਿਆ ਸੀ। ਇਨ੍ਹਾਂ ਦਫ਼ਤਰਾਂ ਵੱਲ ਕ੍ਰਮਵਾਰ 1 ਲੱਖ 55 ਹਜ਼ਾਰ 155, 83 ਹਜ਼ਾਰ 322, 1 ਲੱਖ 2 ਹਜ਼ਾਰ 911 ਅਤੇ 1 ਲੱਖ 2 ਹਜ਼ਾਰ 879 ਰੁਪਏ ਦਾ ਬਿਜਲੀ ਬਿੱਲ ਬਕਾਇਆ ਖੀੜ੍ਹਾ ਸੀ।
ਨਗਰ ਨਿਗਮ ਨਾਲ ਸਬੰਧਤ ਕਾਰਜਕਾਰੀ ਦਫ਼ਤਰ ਦੇ ਨਾਂ 'ਤੇ ਮਾਡਲ ਟਾਊਨ 'ਚ ਲੱਗਿਆ ਇਕ ਕੁਨੈਕਸ਼ਨ ਵੀ ਕੱਟਿਆ ਗਿਆ ਹੈ, ਜਿਸ ਦਾ 1 ਲੱਖ 34 ਹਜ਼ਾਰ 550 ਰੁਪਏ ਬਿਜਲੀ ਬਿੱਲ ਬਕਾਇਆ ਸੀ। ਇਸੇ ਤਰ੍ਹਾਂ ਜਲ ਸਪਲਾਈ ਤੇ ਸੈਨੀਟੇਸ਼ਨ ਦਾ ਇਕ ਕੁਨੈਕਸ਼ਨ ਜੋ ਐੱਸ. ਡ੍ਰੇਨੇਜ਼ ਦਫ਼ਤਰ ਦੇ ਨਾਂ 'ਤੇ ਪੈਪਸੂ ਭਾਖੜਾ ਕਾਲੋਨੀ 'ਚ ਸੀ, ਜਿਸ ਵੱਲ 1 ਲੱਖ 77 ਹਜ਼ਾਰ 970 ਰੁਪਏ ਦਾ ਬਿਜਲੀ ਬਿੱਲ ਬਕਾਇਆ ਸੀ, ਕੱਟਿਆ ਗਿਆ ਹੈ। ਇਸੇ ਤਰ੍ਹਾਂ ਮਾਡਲ ਟਾਊਨ ਪੁਲਸ ਚੌਂਕੀ ਦਾ ਏ. ਐੱਸ. ਆਈ. ਪੁਲਸ ਦੇ ਨਾਂ 'ਤੇ ਗੋਬਿੰਦ ਨਗਰ ਪੁਲਸ ਸਟੇਸ਼ਨ ਵਿਖੇ ਸੀ, ਜਿਸ ਦਾ 1 ਲੱਖ 71 ਹਜ਼ਾਰ 312 ਰੁਪਏ ਬਕਾਇਆ ਸੀ, ਕੱਟ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਸਾਰੇ ਅਦਾਰਿਆਂ ਵੱਲ 9 ਲੱਖ 28 ਹਜ਼ਾਰ 98 ਰੁਪਏ ਬਿਜਲੀ ਬਿੱਲ ਬਕਾਇਆ ਸੀ।
ਪਾਵਰਕਾਮ ਦੀਆਂ ਟੀਮਾਂ ਵਲੋਂ ਅੱਜ ਸਿਵਲ ਲਾਈਨ ਦਫ਼ਤਰ ਅਧੀਨ ਪੈਂਦੇ 27 ਸਰਕਾਰੀ ਅਤੇ 254 ਗੈਰ-ਸਰਕਾਰੀ ਕੁਨੈਕਸ਼ਨ ਚੈੱਕ ਕੀਤੇ ਗਏ, ਜਿਨ੍ਹਾਂ 'ਚੋਂ 7 ਸਰਕਾਰੀ ਅਤੇ 37 ਗੈਰ-ਸਰਕਾਰੀ ਕੁਨੈਕਸ਼ਨ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਣ ਕੱਟੇ ਗਏ। ਇਨ੍ਹਾਂ 'ਚੋਂ ਸਰਕਾਰੀ ਅਦਾਰਿਆਂ ਵੱਲ 9 ਲੱਖ 28 ਹਜ਼ਾਰ ਅਤੇ ਗੈਰ-ਸਰਕਾਰੀ ਵੱਲ 14 ਲੱਖ 75 ਹਜ਼ਾਰ ਦੀ ਰਾਸ਼ੀ ਬਕਾਇਆ ਸੀ, ਜਿਸ 'ਚੋਂ ਸਰਕਾਰੀ ਅਦਾਰਿਆਂ ਨੇ 1 ਲੱਖ 12 ਹਜ਼ਾਰ ਅਤੇ ਗੈਰ-ਸਰਕਾਰੀ ਨੇ 11 ਲੱਖ 39 ਹਜ਼ਾਰ ਦੀ ਅਦਾਇਗੀ ਕੀਤੀ ਹੈ। ਇਸੇ ਤਰ੍ਹਾਂ ਈਸਟ ਟੈਕਨੀਕਲ ਦਫ਼ਤਰ ਅਧੀਨ 123 ਗੈਰ-ਸਰਕਾਰੀ ਕੁਨੈਕਸ਼ਨ ਚੈੱਕ ਕੀਤੇ ਗਏ, ਜਿਨ੍ਹਾਂ ਵੱਲ 10 ਲੱਖ 58 ਹਜ਼ਾਰ ਰੁਪਏ ਦੀ ਬਿਜਲੀ ਰਾਸ਼ੀ ਬਕਾਇਆ ਸੀ। ਇਨ੍ਹਾਂ 'ਚੋਂ 28 ਕੁਨੈਕਸ਼ਨ ਕੱਟ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੈਰ-ਸਰਕਾਰੀ ਖਪਤਕਾਰਾਂ ਵਲੋਂ ਅੱਜ 4 ਲੱਖ 33 ਹਜ਼ਾਰ ਦੀ ਰਾਸ਼ੀ ਜਮ੍ਹਾ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਾਵਰਕਾਮ ਦੀਆਂ ਟੀਮਾਂ ਵਲੋਂ ਅੱਜ ਕੁੱਲ 409 ਥਾਵਾਂ 'ਤੇ ਚੈਕਿੰਗ ਕੀਤੀ ਗਈ, ਜਿਸ 'ਚੋਂ 72 ਕੁਨੈਕਸ਼ਨ ਕੱਟੇ ਗਏ, ਜਿਹੜੇ ਕੁਨੈਕਸ਼ਨ ਚੈੱਕ ਕੀਤੇ ਗਏ, ਉਨ੍ਹਾਂ ਵੱਲ ਕੁੱਲ 34 ਲੱਖ 61 ਹਜ਼ਾਰ ਦੀ ਰਾਸ਼ੀ ਬਕਾਇਆ ਸੀ। ਇਸ 'ਚੋਂ 16 ਲੱਖ 84 ਹਜ਼ਾਰ ਦੀ ਰਾਸ਼ੀ ਅੱਜ ਵਸੂਲ ਕਰ ਲਈ ਗਈ ਹੈ।