ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਪਾਵਰਕਾਮ ਨੇ ਜਾਰੀ ਕੀਤੇ ਨਵੇਂ ਹੁਕਮ
Wednesday, Sep 17, 2025 - 03:28 PM (IST)

ਗੋਨਿਆਣਾ ਮੰਡੀ (ਗੋਰਾ ਲਾਲ) : ਗੋਨਿਆਣਾ ਬਿਜਲੀ ਬੋਰਡ ਵਿਚ ਤਿਕੌਨੀ ਜੋੜੀ ਵੱਲੋਂ ਚੱਲ ਰਹੇ ਵੱਡੇ ਘਪਲੇ ਬਾਰੇ 'ਜਗ ਬਾਣੀ' ਵਿਚ ਖ਼ਬਰ ਛਪਣ ਤੋਂ ਬਾਅਦ ਆਖ਼ਿਰਕਾਰ ਮਹਿਕਮਾ ਹਰਕਤ ਵਿਚ ਆ ਗਿਆ ਹੈ। ਐਕਸੀਅਨ ਸਾਹਿਲ ਗੁਪਤਾ ਦੀ ਅਗਵਾਈ ਵਿਚ ਕਈ ਟੀਮਾਂ ਨੇ ਗੋਨਿਆਣਾ ਡਿਵੀਜ਼ਨ ਦੇ ਵੱਖ-ਵੱਖ ਇਲਾਕਿਆਂ ਵਿਚ ਤਾਬੜਤੋੜ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਅਨੇਕਾਂ ਸ਼ੱਕੀ ਮੀਟਰ ਉਤਾਰ ਕੇ ਸੀਲ ਕਰਕੇ ਲੈਬ ਵਿਚ ਭੇਜੇ ਗਏ ਹਨ ਤਾਂ ਜੋ ਪੱਕੀ ਜਾਂਚ ਕਰਕੇ ਸੱਚਾਈ ਸਾਹਮਣੇ ਆ ਸਕੇ।
ਇਹ ਵੀ ਪੜ੍ਹੋ : ਪੰਜਾਬ ਵਿਆਹ ਕਰਵਾਉਣ ਆਈ 72 ਸਾਲਾ ਅਮਰੀਕੀ ਔਰਤ ਦਾ ਬੇਰਹਿਮੀ ਨਾਲ ਕਤਲ
ਸਾਹਿਲ ਗੁਪਤਾ ਦੀ ਅਗਵਾਈ ਹੇਠ ਵੱਡੀ ਕਾਰਵਾਈ
ਸੂਤਰਾਂ ਮੁਤਾਬਕ, ਐਕਸੀਅਨ ਸਾਹਿਲ ਗੁਪਤਾ ਨੇ 'ਜਗਬਾਣੀ' ਵਿਚ ਖ਼ਬਰ ਛਪਣ ਤੋਂ ਬਾਅਦ ਤੁਰੰਤ ਇਕ ਖ਼ਾਸ ਮੀਟਿੰਗ ਬੁਲਾਈ ਅਤੇ ਟੀਮਾਂ ਨੂੰ ਹਦਾਇਤ ਦਿੱਤੀ ਕਿ ਕਿਸੇ ਵੀ ਪ੍ਰਕਾਰ ਦੀ ਮੀਟਰ ਚੈਕਿੰਗ ਵਿਚ ਕੋਈ ਕਸਰ ਨਾ ਛੱਡੀ ਜਾਵੇ। ਨਤੀਜੇ ਵਜੋਂ, ਟੀਮਾਂ ਨੇ ਮੰਡੀ ਅਤੇ ਨੇੜਲੇ ਪਿੰਡਾਂ ਵਿਚ ਘਰ-ਘਰ ਅਤੇ ਦੁਕਾਨਾਂ ਵਿਚ ਮੀਟਰਾਂ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਅਨੇਕਾਂ ਮੀਟਰ ਸ਼ੱਕ ਦੇ ਘੇਰੇ ਵਿਚ ਆਏ ਜਿਨ੍ਹਾਂ ਨੂੰ ਉਤਾਰ ਕੇ ਸੀਲ ਕੀਤਾ ਗਿਆ ਅਤੇ ਤੁਰੰਤ ਲੈਬ ਵਿਚ ਭੇਜਿਆ ਗਿਆ। ਲੋਕਾਂ ਦੇ ਕਹਿਣ ਅਨੁਸਾਰ ਇਹ ਪਹਿਲੀ ਵਾਰ ਹੋਇਆ ਹੈ ਕਿ ਮਹਿਕਮੇ ਵੱਲੋਂ ਇੰਨੀ ਵੱਡੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਡਿਫਾਲਟਰ ਖਪਤਕਾਰਾਂ ਦੀ ਹੁਣ ਆਵੇਗੀ ਸ਼ਾਮਤ, ਪਾਵਰਕਾਮ ਨੇ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਕਾਰਵਾਈ
ਲੋਕਾਂ ਦਾ ਗੁੱਸਾ ਅਤੇ ਵਿਜੀਲੈਂਸ ਜਾਂਚ ਦੀ ਮੰਗ
ਇਸ ਚੈਕਿੰਗ ਤੋਂ ਬਾਅਦ ਵੀ ਲੋਕਾਂ ਦਾ ਗੁੱਸਾ ਠੰਢਾ ਨਹੀਂ ਹੋਇਆ। ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਮੀਟਰ ਟੈਂਪਰ ਕਰਨ ਵਾਲੇ ਕਰਮਚਾਰੀ ਸਿਰਫ਼ ਇਕੱਲੇ ਨਹੀਂ ਕੰਮ ਕਰ ਰਹੇ ਸਨ, ਸਗੋਂ ਉਨ੍ਹਾਂ ਨਾਲ ਉੱਚ ਅਧਿਕਾਰੀਆਂ ਦੀ ਵੀ ਮਿਲੀਭੁਗਤ ਸੀ। ਇਸ ਲਈ ਲੋਕਾਂ ਨੇ ਸਰਕਾਰ ਅਤੇ ਮਹਿਕਮੇ ਤੋਂ ਸਪੱਸ਼ਟ ਮੰਗ ਕੀਤੀ ਕਿ ਵਿਜੀਲੈਂਸ ਵੱਲੋਂ ਜਾਂਚ ਕਰਵਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤਕ ਵਿਜੀਲੈਂਸ ਆਪਣੀ ਸੁਤੰਤਰ ਜਾਂਚ ਨਹੀਂ ਕਰਦੀ ਉਦੋਂ ਤਕ ਸੱਚਾਈ ਪੂਰੀ ਤਰ੍ਹਾਂ ਸਾਹਮਣੇ ਨਹੀਂ ਆ ਸਕਦੀ।
ਇਹ ਵੀ ਪੜ੍ਹੋ : ਪ੍ਰਵਾਸੀਆਂ ਖ਼ਿਲਾਫ਼ ਹੋ ਗਿਆ ਵੱਡਾ ਐਲਾਨ, ਜੇ ਕਿਸੇ ਨੇ ਮਕਾਨ ਕਿਰਾਏ 'ਤੇ ਦਿੱਤਾ ਤਾਂ...
ਪ੍ਰਾਪਰਟੀਆਂ ਦੀ ਜਾਂਚ ਦੀ ਮੰਗ
ਇਲਾਕਾ ਵਾਸੀਆਂ ਨੇ ਇਹ ਵੀ ਸਵਾਲ ਉਠਾਇਆ ਹੈ ਕਿ ਜਿਨ੍ਹਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਸਾਲਾਂ ਤੋਂ ਇਹ ਘਪਲਾ ਚਲਾਇਆ ਹੈ, ਉਨ੍ਹਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਵੀ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਕਈ ਕਰਮਚਾਰੀਆਂ ਦੀ ਜੀਵਨ ਸ਼ੈਲੀ ਅਤੇ ਆਮਦਨ ਵਿਚ ਅਸਾਧਾਰਣ ਵਾਧਾ ਹੋਇਆ ਹੈ। ਉਨ੍ਹਾਂ ਨੇ ਮਹਿੰਗੀਆਂ ਕਾਰਾਂ, ਕੋਠੀਆਂ ਅਤੇ ਜਾਇਦਾਦਾਂ ਖਰੀਦੀਆਂ ਹਨ ਜੋ ਉਨ੍ਹਾਂ ਦੀ ਸਰਕਾਰੀ ਤਨਖ਼ਾਹ ਨਾਲ ਮੇਲ ਨਹੀਂ ਖਾਂਦੀਆਂ। ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇ ਇਨ੍ਹਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਕੀਤੀ ਜਾਵੇ ਤਾਂ ਵੱਡੇ ਪੱਧਰ ’ਤੇ ਕਾਲਾ ਚਿੱਠਾ ਸਾਹਮਣੇ ਆ ਸਕਦਾ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਘਟਨਾ ਤੋਂ ਬਾਅਦ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਐਕਸ਼ਨ, ਜਥੇਬੰਦੀਆਂ ਨੇ ਕੀਤਾ ਵੱਡਾ ਐਲਾਨ
ਮਹਿਕਮੇ ਲਈ ਚੁਣੌਤੀ
ਲੋਕਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਸਿਰਫ਼ ਸ਼ੁਰੂਆਤ ਹੈ। ਜੇ ਮਹਿਕਮਾ ਸੱਚਮੁੱਚ ਆਪਣਾ ਅਕਸ ਸਾਫ਼ ਕਰਨਾ ਚਾਹੁੰਦਾ ਹੈ ਤਾਂ ਵਿਜੀਲੈਂਸ ਦੀ ਸੁਤੰਤਰ ਜਾਂਚ, ਦੋਸ਼ੀ ਕਰਮਚਾਰੀਆਂ ਦੀ ਸਸਪੈਂਸ਼ਨ ਅਤੇ ਉਨ੍ਹਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਹੀ ਅਸਲੀ ਕਦਮ ਹੋ ਸਕਦੇ ਹਨ। ਨਹੀਂ ਤਾਂ ਇਹ ਸਾਰੀ ਕਾਰਵਾਈ ਸਿਰਫ਼ ਲੋਕਾਂ ਦੇ ਗੁੱਸੇ ਨੂੰ ਠੰਡਾ ਕਰਨ ਦਾ ਜ਼ਰੀਆ ਹੀ ਸਮਝੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e