ਪਾਵਰਕਾਮ ਸਖ਼ਤ: ਦੂਜੇ ਦਿਨ ਵੀ ਕੋਤਵਾਲੀ ਸਮੇਤ 5 ਦਫ਼ਤਰਾਂ ਦੇ ਕੱਟੇ ਕੁਨੈਕਸ਼ਨ

12/11/2019 12:48:31 PM

ਪਟਿਆਲਾ (ਜੋਸਨ): ਵਿੱਤੀ ਸੰਕਟ ਨਾਲ ਜੂਝ ਰਹੇ ਪਾਵਰਕਾਮ ਨੇ ਡਿਫਾਲਟਰਾਂ ਤੋਂ ਪੈਸੇ ਕਢਵਾਉਣ ਲਈ ਪੂਰੀ ਸ਼ਕਤੀ ਲਾ ਦਿੱਤੀ ਹੈ। ਅੱਜ ਦੂਜੇ ਦਿਨ ਵੀ ਪਾਵਰਕਾਮ ਦੀਆਂ ਵੱਡੀਆਂ ਟੀਮਾਂ ਨੇ 5 ਸਰਕਾਰੀ ਦਫ਼ਤਰਾਂ ਨੂੰ ਆਪਣੇ ਟਾਰਗੈੱਟ 'ਤੇ ਲਿਆ ਤੇ ਇਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ।ਪਾਵਰਕਾਮ ਦੀ ਟੀਮ ਨੇ ਸਭ ਤੋਂ ਪਹਿਲਾਂ ਸ਼ਹਿਰ ਦੀ ਪੁਲਸ ਕੋਤਵਾਲੀ 'ਤੇ ਧਾਵਾ ਬੋਲਿਆ। ਇਸ ਤੋਂ ਬਾਅਦ ਸੀ. ਆਈ. ਏ. ਪਟਿਆਲਾ ਦਾ ਕੁਨੈਕਸ਼ਨ ਕੱਟ ਦਿੱਤਾ। ਇਨ੍ਹਾਂ ਦੋਹਾਂ ਪੁਲਸ ਥਾਣਿਆਂ ਵੱਲ 3 ਲੱਖ ਰੁਪਏ ਬਿਜਲੀ ਦੇ ਬਿੱਲ ਬਕਾਇਆ ਖੜ੍ਹੇ ਹਨ। ਪਾਵਰਕਾਮ ਦੀ ਟੀਮ ਨੇ ਇਸ ਤੋਂ ਬਾਅਦ ਪੀ. ਆਰ. ਟੀ. ਸੀ. ਕਾਲੋਨੀ ਮਾਡਲ ਟਾਊਨ ਵਿਖੇ ਸਥਿਤ ਐੱਸ. ਡੀ. ਓ. ਹੈਲਥ ਦੇ ਦਫ਼ਤਰ ਦਾ ਕੁਨੈਕਸ਼ਨ ਕੱਟਿਆ। ਇਸ ਦਫ਼ਤਰ ਵੱਲ 2 ਲੱਖ 98 ਹਜ਼ਾਰ ਬਕਾਇਆ ਬਿੱਲ ਹੈ। ਉਪਰੰਤ ਅਬਲੋਵਾਲ ਵਿਖੇ ਸਥਿਤ ਪਬਲਿਕ ਹੈਲਥ ਦੇ ਦਫ਼ਤਰ ਦਾ ਕੁਨੈਕਸ਼ਨ ਕੱਟ ਦਿੱਤਾ, ਜਿਸ ਵੱਲ 4 ਲੱਖ 56 ਹਜ਼ਾਰ ਬਕਾਇਆ ਹੈ। ਪਾਵਰਕਾਮ ਟੀਮ ਨੇ ਕੈਨਾਲ ਕਾਲੋਨੀ ਵਿਖੇ ਸਥਿਤ ਸਰਕਾਰੀ ਦਫ਼ਤਰ ਦਾ ਕੁਨੈਕਸ਼ਨ ਕੱਟਿਆ। ਉਸ ਵੱਲ 2 ਲੱਖ 25 ਹਜ਼ਾਰ ਰਾਸ਼ੀ ਬਿੱਲ ਬਕਾਇਆ ਹੈ।

ਡਿਫਾਲਟਰਾਂ ਖਿਲਾਫ਼ ਮੁਹਿੰਮ ਜਾਰੀ ਰਹੇਗੀ : ਐਕਸੀਅਨ ਢੀਂਡਸਾ
ਇਸ ਸਬੰਧੀ ਜਦੋਂ ਪਾਵਰਕਾਮ ਦੇ ਐਕਸੀਅਨ ਢੀਂਡਸਾ ਨਾਲ ਰਾਬਤਾ ਬਣਾਇਆ ਤਾਂ ਉਨ੍ਹਾਂ ਆਖਿਆ ਕਿ ਅਸੀਂ ਸਮੁੱਚੇ ਡਿਫਾਲਟਰਾਂ ਖਿਲਾਫ਼ ਕਾਰਵਾਈ ਕਰ ਰਹੇ ਹਾਂ। ਅੱਜ 5 ਦਫ਼ਤਰਾਂ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਵੀ ਇਹ ਮੁਹਿੰਮ ਜਾਰੀ ਰਹੇਗੀ। ਇਸ ਲਈ ਜਿਨ੍ਹਾਂ ਦਫ਼ਤਰਾਂ ਵੱਲ ਬਿਲ ਬਕਾਇਆ ਹੈ, ਉਨ੍ਹਾਂ ਨੂੰ ਆਪਣੇ ਬਿਜਲੀ ਬਿੱਲ ਤੁਰੰਤ ਭਰਵਾਉਣੇ ਚਾਹੀਦੇ ਹਨ।


Shyna

Content Editor

Related News