ਬਿਜਲੀ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਕੀਤੀ ਰੋਸ ਰੈਲੀ
Friday, Sep 08, 2017 - 12:03 AM (IST)
ਗੁਰਦਾਸਪੁਰ, (ਦੀਪਕ, ਵਿਨੋਦ)- ਸਾਂਝੇ ਫੋਰਮ ਪੰਜਾਬ ਦੇ ਸੱਦੇ 'ਤੇ ਸ਼ਹਿਰੀ ਸਬ–ਡਵੀਜ਼ਨ ਗੁਰਦਾਸਪੁਰ ਵਿਖੇ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਾਲੇ ਬਿੱਲੇ ਲਾ ਕੇ ਰੋਸ ਰੈਲੀ ਇੰਜੀ. ਕੁਲਵੰਤ ਰਾਏ ਦੀ ਅਗਵਾਈ ਵਿਚ ਕੀਤੀ ਗਈ।
ਇਸ ਮੌਕੇ ਬੁਲਾਰਿਆਂ ਨੇ ਪਾਵਰਕਾਮ ਦੀ ਮੈਨੇਜਮੈਂਟ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਮੈਨੇਜਮੈਂਟ ਨੇ ਸਾਂਝੇ ਫੋਰਮ ਪੰਜਾਬ ਨਾਲ ਸਮਝੌਤਾ ਕੀਤਾ ਸੀ ਕਿ 25 ਅਗਸਤ ਤੱਕ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੀਆਂ ਜਾਣਗੀਆਂ ਪਰ ਇੰਨਾਂ ਸਮਾਂ ਬੀਤਣ ਦੇ ਬਾਵਜੂਦ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ। ਇਸ ਲਈ ਬਿਜਲੀ ਮੁਲਾਜ਼ਮਾਂ 'ਚ ਮੈਨੇਜਮੈਂਟ ਪ੍ਰਤੀ ਕਾਫੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ 14 ਸਤੰਬਰ ਤੱਕ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ 14 ਸਤੰਬਰ ਨੂੰ ਪਟਿਆਲਾ ਹੈੱਡ ਆਫਿਸ ਅੱਗੇ ਲਾ-ਮਿਸਾਲ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪਾਵਰਕਾਮ ਦੀ ਮੈਨੇਜਮੈਂਟ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਬਿਜਲੀ ਕਾਮੇ 13 ਸਤੰਬਰ ਤੱਕ ਵਰਕ ਟੂ ਰੂਲ 8 ਘੰਟੇ ਕੰਮ ਕਰਨਗੇ। ਇਸ ਮੌਕੇ ਬਲਜੀਤ ਸਿੰਘ ਰੰਧਾਵਾ, ਬਲਕਾਰ ਸਿੰਘ, ਪ੍ਰਕਾਸ਼ ਚੰਦ, ਰਾਜ ਕੁਮਾਰ, ਬਲਵੰਤ ਸਿੰਘ, ਕਸ਼ਮੀਰ ਸਿੰਘ, ਪਵਨ ਸਲਹੋਤਰਾ, ਜਗਤਾਰ ਸਿੰਘ ਆਦਿ ਹਾਜ਼ਰ ਸਨ।
