ਬਿਜਲੀ ਸਪਲਾਈ ਠੀਕ ਨਾ ਹੋਣ ਕਾਰਨ ਲੋਕਾਂ ਕਿਹਾ, ''ਬੱਚੇ ਹੋਏ ਫੇਲ ਤਾਂ ਜ਼ਿੰਮੇਵਾਰ ਹੋਵੇਗਾ ਵਿਭਾਗ''

Thursday, Feb 22, 2018 - 11:44 PM (IST)

ਰੂਪਨਗਰ, (ਕੈਲਾਸ਼)- ਨੰਗਲ ਰੋਡ ਸਥਿਤ ਖੁਆਸਪੁਰਾ ਕਾਲੋਨੀ 'ਚ ਪਿਛਲੇ ਕਰੀਬ ਦੋ ਸਾਲਾਂ ਤੋਂ ਬਿਜਲੀ ਦੀ ਸਪਲਾਈ ਠੀਕ ਨਾ ਹੋਣ ਕਾਰਨ ਕਾਲੋਨੀ ਵਾਸੀ ਪ੍ਰੇਸ਼ਾਨ ਹੋ ਰਹੇ ਹਨ। 
ਕਾਲੋਨੀ ਵਾਸੀ ਹਰਬੰਸ ਸਿੰਘ, ਹਰਪਾਲ ਸਿੰਘ, ਪਾਰਸ ਨਾਥ, ਕੇ. ਐੱਨ. ਮਿਸ਼ਰਾ, ਹਰਮੇਸ਼, ਸਤਨਾਮ ਸੇਠੀ, ਕਰਮਜੀਤ ਕੌਰ, ਦਰਸ਼ਨ ਸਿੰਘ, ਨਜ਼ਮਾ ਬੇਗਮ, ਮਨਦੀਪ ਕੌਰ, ਹਰਵਿੰਦਰ ਕੌਰ, ਰਜਨੀ ਦੇਵੀ, ਨਿਰਮਲਾ ਦੇਵੀ ਨੇ ਕਿਹਾ ਕਿ ਪਿਛਲੇ ਦੋ ਸਾਲ ਤੋਂ ਉਹ ਪੰਜਾਬ ਪਾਵਰ ਸਪਲਾਈ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਬੇਨਤੀ ਕਰ ਰਹੇ ਹਨ ਕਿ ਉਨ੍ਹਾਂ ਦੀ ਕਾਲੋਨੀ 'ਚ ਵੋਲਟੇਜ ਦੀ ਭਾਰੀ ਸਮੱਸਿਆ ਹੈ, ਜਿਸ ਕਾਰਨ ਉਨ੍ਹਾਂ ਦੇ ਟੀ.ਵੀ., ਫਰਿੱਜ ਆਦਿ ਵਾਰ-ਵਾਰ ਖਰਾਬ ਹੋ ਰਹੇ ਹਨ ਅਤੇ ਰਾਤ ਨੂੰ ਬੱਚਿਆਂ ਦੇ ਪੜ੍ਹਨਯੋਗ ਵੀ ਰੌਸ਼ਨੀ ਨਹੀਂ ਆਉਂਦੀ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਅਤੇ ਦੂਜਾ ਪ੍ਰੀਖਿਆ ਦਾ ਸਮਾਂ ਨੇੜੇ ਹੈ, 
ਜੇਕਰ ਵੋਲਟੇਜ ਦੇ ਕਾਰਨ ਕੋਈ ਬੱਚਾ 
ਫੇਲ ਹੋਇਆ ਤਾਂ ਸਬੰਧਤ ਅਧਿਕਾਰੀ ਜ਼ਿੰਮੇਵਾਰ ਹੋਣਗੇ।
ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਕਾਫੀ ਸਮੇਂ ਤੋਂ ਇਥੇ ਬਿਜਲੀ ਦੇ ਯੰਤਰ ਰੱਖੇ ਹਨ ਪਰ ਉਨ੍ਹਾਂ ਦੀ ਵਰਤੋਂ ਨਾ ਹੋਣ ਕਰ ਕੇ ਉਨ੍ਹਾਂ 'ਤੇ ਧੂੜ-ਮਿੱਟੀ ਪੈਂਦੀ ਰਹਿੰਦੀ ਹੈ, ਜੇਕਰ ਅਜਿਹੇ ਹਾਲਾਤ ਰਹੇ ਤਾਂ ਕਾਲੋਨੀ ਵਾਸੀ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਵਿਰੁੱਧ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। 
ਟਰਾਂਸਫਾਰਮਰ ਰੱਖਣ 'ਤੇ ਲੋਕਾਂ ਨੇ ਜਤਾਇਆ ਵਿਰੋਧ : ਐੱਸ.ਡੀ.ਓ.
ਪੰਜਾਬ ਪਾਵਰ ਸਪਲਾਈ ਕਾਰਪੋਰੇਸ਼ਨ ਦੇ ਐੱਸ.ਡੀ.ਓ. ਰਣਧੀਰ ਸਿੰਘ ਨੇ ਕਿਹਾ ਕਿ ਐਸਟੀਮੇਟ ਪਾਸ ਹੋ ਜਾਣ ਮਗਰੋਂ ਟਰਾਂਸਫਾਰਮਰ ਰੱਖਿਆ ਜਾਣਾ ਸੀ। ਜਿਵੇਂ ਹੀ ਵਿਭਾਗੀ ਕਰਮਚਾਰੀ ਟਰਾਂਸਫਾਰਮਰ ਰੱਖਣ ਲਈ ਪਹੁੰਚੇ ਤਾਂ ਉਥੇ ਕੁਝ ਲੋਕਾਂ ਨੇ ਟਰਾਂਸਫਾਰਮਰ ਲਾਉਣ ਵਾਲੀ ਜਗ੍ਹਾ ਨੂੰ ਲੈ ਕੇ ਵਿਵਾਦ ਪੈਦਾ ਕਰ ਦਿੱਤਾ, ਜਿਸ ਕਾਰਨ ਟਰਾਂਸਫਾਰਮਰ ਚਾਲੂ ਨਹੀਂ ਕੀਤਾ ਜਾ ਸਕਿਆ ਅਤੇ ਟਰਾਂਸਫਾਰਮਰ ਲੱਗਣ ਦੇ ਬਾਅਦ ਹੀ ਵਿਭਾਗੀ ਮੁਲਾਜ਼ਮ ਅਗਲੀ ਕੋਈ ਕਾਰਵਾਈ ਕਰ ਸਕਦੇ ਹਨ।


Related News