ਦੋਸ਼ੀਅਾਂ ਨੂੰ ਸਜ਼ਾ ਦਿਵਾਉਣ ਲਈ ਕੈਪਟਨ ਤੇ ਬਿਜਲੀ ਮੰਤਰੀ ਦੇ ਪੁਤਲੇ ਫੂਕੇ
Tuesday, Jun 26, 2018 - 02:38 AM (IST)
ਸੁਨਾਮ, ਊਧਮ ਸਿੰਘ ਵਾਲਾ, (ਮੰਗਲਾ)– ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਰਾਮਪੁਰਾ ਫੂਲ ਵਿਖੇ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਦੇ ਦੋਸ਼ੀਅਾਂ ਨੂੰ ਸਜ਼ਾ ਦਿਵਾਉਣ ਲਈ ਕਿਸਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਿਜਲੀ ਮੰਤਰੀ ਦੇ ਪੁਤਲੇ ਫੂਕੇ। ਇਸ ਸਬੰਧ ’ਚ 28 ਅਤੇ 29 ਜੂਨ ਨੂੰ ਜ਼ਿਲੇ ’ਚੋਂ ਹਜ਼ਾਰਾਂ ਕਿਸਾਨ-ਮਜ਼ਦੂਰ ਅਤੇ ਔਰਤਾਂ ਰਾਮਪੁਰਾ ਫੂਲ ਵਿਖੇ ਚੱਲ ਰਹੇ ਧਰਨੇ ’ਚ ਸ਼ਾਮਲ ਹੋਣਗੀਅਾਂ।
ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਗੁਰਦੁਆਰਾ ਸੱਚਖੰਡ ਸੁਨਾਮ ਵਿਖੇ ਹੋਈ, ਜਿਸ ’ਚ ਜ਼ਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਆਗੂਆਂ ਨੇ ਕੈਪਟਨ ਸਰਕਾਰ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਕੈਪਟਨ ਸਰਕਾਰ ਨੇ ਝੋਨੇ ਦੀ ਲਵਾਈ 20 ਜੂਨ ਤੋਂ ਸ਼ੁਰੂ ਕਰ ਕੇ ਪੰਜਾਬ ਦੇ ਕਿਸਾਨਾਂ ਦਾ ਕਰੋਡ਼ਾਂ ਰੁਪਏ ਦਾ ਨੁਕਸਾਨ ਕੀਤਾ ਹੈ ਕਿਉਂਕਿ ਝੋਨੇ ਦੀ ਇਕੱਠੀ ਲਵਾਈ ਕਾਰਨ ਲੇਬਰ ਦੀ ਸਮੱਸਿਆ ਵੱਡੇ ਪੱਧਰ ’ਤੇ ਪੈਦਾ ਹੋ ਗਈ ਹੈ। ਝੋਨੇ ਦੀ ਲਵਾਈ ਜੋ ਪਿਛਲੇ ਸਾਲ 2000-2200 ਰੁਪਏ ਪ੍ਰਤੀ ਏਕਡ਼ ਸੀ, ਇਸ ਵਾਰ ਇਕੱਠੀ ਲਵਾਈ ਕਾਰਨ 3000 ਤੋਂ 4000 ਰੁਪਏ ਪ੍ਰਤੀ ਏਕਡ਼ ਪੁੱਜ ਗਈ ਹੈ। ਇਕੱਠੀ ਲਵਾਈ ਕਾਰਨ ਲੋਡ ਵਧਣ ਕਰਕੇ ਗਰਿੱਡ ਬੈਠ ਰਹੇ ਹਨ, ਬਿਜਲੀ 8 ਘੰਟੇ ਦੀ ਜਗ੍ਹਾ 4 ਤੋਂ 6 ਘੰਟੇ ਮਿਲ ਰਹੀ ਹੈ, ਉਹ ਵੀ ਕੱਟ ਲਾ ਕੇ।
ਬਿਜਲੀ ਸਪਲਾਈ ਲਈ ਸੰਘਰਸ਼ ਕਰਨਗੇ ਕਿਸਾਨ
ਕਿਸਾਨ ਆਗੂਅਾਂ ਨੇ ਕਿਹਾ ਕਿ ਬਿਜਲੀ ਸਪਲਾਈ ਨੂੰ ਲੈ ਕੇ ਆਉਣ ਵਾਲੇ ਦਿਨਾਂ ’ਚ ਸਖਤ ਸੰਘਰਸ਼ ਕੀਤੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਇਸ ਮੌਕੇ ਦਰਬਾਰਾ ਸਿੰਘ ਛਾਜਲਾ, ਰਾਮ ਸ਼ਰਨ ਉਗਰਾਹਾਂ, ਅਜੈਬ, ਸੁਖਪਾਲ ਮਾਣਕ ਕਣਕਵਾਲ, ਪਾਲ ਸਿੰਘ ਦੋਲੇਵਾਲਾ, ਗੋਬਿੰਦ ਚੱਠੇ, ਰਾਮ ਪਾਲ ਸੁਨਾਮ, ਗੁਰਭਗਤ ਸ਼ਾਹਪੁਰ, ਮਹਿੰਦਰ ਨਮੋਲ ਆਦਿ ਆਗੂ ਹਾਜ਼ਰ ਸਨ।
