ਬਿਜਲੀ ਮਾਫ਼ੀਆ ਹੱਥੋਂ ਲੋਕਾਂ ਦੀ ਅੰਨ੍ਹੀ ਲੁੱਟ ਕਰਵਾ ਰਹੀ ਹੈ ਕੈਪਟਨ ਸਰਕਾਰ : ਅਮਨ ਅਰੋੜਾ
Saturday, Oct 31, 2020 - 01:20 AM (IST)
ਚੰਡੀਗੜ੍ਹ,(ਰਮਨਜੀਤ)– ਕੈਪਟਨ ਅਮਰਿੰਦਰ ਸਿੰਘ ਸਰਕਾਰ ਨਿੱਜੀ ਬਿਜਲੀ ਕੰਪਨੀਆਂ ਦੇ ਗੱਠਜੋੜ ਨਾਲ ਚੱਲ ਰਹੇ ਬਿਜਲੀ ਮਾਫ਼ੀਆ ਹੱਥੋਂ ਪੰਜਾਬ ਦੀ ਜਨਤਾ ਦੀ ਅੰਨ੍ਹੀ ਲੁੱਟ ਕਰਵਾ ਰਹੀ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਕੀਤਾ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਹਰ ਫ਼ਰੰਟ 'ਤੇ ਫ਼ੇਲ੍ਹ ਹੋਈ ਅਮਰਿੰਦਰ ਸਿੰਘ ਸਰਕਾਰ ਕਾਰਨ ਪੰਜਾਬ ਗੰਭੀਰ ਚੁਣੌਤੀਆਂ 'ਚੋਂ ਗੁਜ਼ਰ ਰਿਹਾ ਹੈ, ਜਿਸ ਦਾ ਖ਼ਮਿਆਜ਼ਾ ਪੰਜਾਬ ਦੇ ਸਾਰੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਅਮਨ ਅਰੋੜਾ ਨੇ ਪੰਜਾਬ ਦੇ 3 ਨਿੱਜੀ ਥਰਮਲ ਪਲਾਂਟਾਂ (ਤਲਵੰਡੀ ਸਾਬੋ, ਰਾਜਪੁਰਾ ਤੇ ਗੋਇੰਦਵਾਲ ਸਾਹਿਬ) ਨੂੰ ਬਿਨਾਂ ਬਿਜਲੀ ਖ਼ਰੀਦੇ ਪਾਵਰਕਾਮ (ਸਰਕਾਰ) ਵਲੋਂ ਦਿੱਤੇ ਜਾ ਰਹੇ ਰੋਜ਼ਾਨਾ 5 ਕਰੋੜ ਰੁਪਏ ਦੇ ਫਿਕਸਡ ਚਾਰਜ ਦੇਣ ਬਾਰੇ ਦੋਸ਼ ਲਾਇਆ ਕਿ ਅਮਰਿੰਦਰ ਸਿੰਘ ਸਰਕਾਰ ਨੇ ਵੀ ਨਿੱਜੀ ਬਿਜਲੀ ਕੰਪਨੀਆਂ ਨਾਲ ਬਾਦਲਾਂ ਵਾਂਗ ਹਿੱਸਾ-ਪੱਤੀ ਬੰਨ੍ਹ ਲਈ ਹੈ। ਇਹੋ ਕਾਰਨ ਹੈ ਕਿ ਚੋਣਾਂ ਤੋਂ ਪਹਿਲਾਂ ਬਾਦਲਾਂ ਦੇ ਕੀਤੇ ਬਿਜਲੀ ਖ਼ਰੀਦ ਸਮਝੌਤੇ ਰੱਦ ਕਰਨ ਦੇ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨਿੱਜੀ ਥਰਮਲ ਪਲਾਂਟਾਂ ਨਾਲ ਸਮਝੌਤੇ ਰੱਦ ਕਰਨ ਤੋਂ ਭੱਜ ਚੁੱਕੇ ਹਨ। ਅਮਨ ਅਰੋੜਾ ਨੇ ਕਿਹਾ ਕਿ ਬਿਜਲੀ ਸਮਝੌਤੇ ਰੱਦ ਕਰਨਾ ਤਾਂ ਦੂਰ ਮੁੱਖ ਮੰਤਰੀ ਅਮਰਿੰਦਰ ਸਿੰਘ ਬਿਜਲੀ ਖ਼ਰੀਦ ਸਮਝੌਤਿਆਂ 'ਤੇ ਵ੍ਹਾਈਟ ਪੇਪਰ ਜਾਰੀ ਕਰਨ ਦੇ ਵਚਨਾਂ ਤੋਂ ਵੀ ਮੁੱਕਰ ਗਏ ਹਨ। ਅਮਨ ਅਰੋੜਾ ਨੇ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਸਰਕਾਰ ਲੋਕਾਂ ਨੂੰ ਲੁੱਟ ਰਹੇ ਨਿੱਜੀ ਥਰਮਲ ਪਲਾਂਟਾਂ ਨਾਲ ਸਮਝੌਤੇ ਰੱਦ ਕਰਨ ਵਿਚ ਅਸਫਲ ਰਹੀ ਤਾਂ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਇਹ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਅਤੇ ਪੰਜਾਬ ਦੇ ਖਪਤਕਾਰਾਂ ਨੂੰ ਕੇਜਰੀਵਾਲ ਸਰਕਾਰ ਵਾਂਗ ਸਸਤੀ ਬਿਜਲੀ ਮੁਹੱਈਆ ਕੀਤੀ ਜਾਵੇਗੀ।