ਬਿਜਲੀ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ PSPCL ਪੂਰੀ ਤਰ੍ਹਾਂ ਤਿਆਰ : ਹਰਭਜਨ ਸਿੰਘ

Monday, May 02, 2022 - 08:28 PM (IST)

ਬਿਜਲੀ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ PSPCL ਪੂਰੀ ਤਰ੍ਹਾਂ ਤਿਆਰ : ਹਰਭਜਨ ਸਿੰਘ

ਰਾਜਪੁਰਾ (ਪਟਿਆਲਾ) : ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਨਾਲ ਰਾਜਪੁਰਾ ਥਰਮਲ ਪਾਵਰ ਪਲਾਂਟ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਸੂਬੇ 'ਚ ਵੱਧ ਰਹੀ ਬਿਜਲੀ ਦੀ ਪੂਰਤੀ ਲਈ ਪੀ. ਐੱਸ. ਪੀ. ਸੀ. ਐੱਲ. ਪੂਰੀ ਤਰ੍ਹਾਂ ਤਿਆਰ ਹੈ। ਬਿਜਲੀ ਮੰਤਰੀ ਨੇ ਨਾਭਾ ਪਾਵਰ ਲਿਮਟਿਡ, ਜੋ ਕਿ 2x700 ਮੈਗਾਵਾਟ ਰਾਜਪੁਰਾ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਦੀ ਹੈ, ਦੇ ਉੱਚ ਪ੍ਰਬੰਧਕਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਸਿਰਫ ਪੰਜਾਬ ਹੀ ਨਹੀਂ, ਬਲਕਿ ਪੂਰਾ ਦੇਸ਼ ਕੋਲੇ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਪਰ ਪੰਜਾਬ ਅਜੇ ਵੀ ਦੂਜੇ ਰਾਜਾਂ ਦੇ ਮੁਕਾਬਲੇ ਬਿਹਤਰ ਸਥਿਤੀ ਵਿਚ ਹੈ।"

ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਖਾਲੀ ਪਈਆਂ 26,454 ਅਸਾਮੀਆਂ ਲਈ ਭਰਤੀ ਨੂੰ ਪ੍ਰਵਾਨਗੀ

ਉਨ੍ਹਾਂ ਕਿਹਾ ਕਿ ਬਿਜਲੀ ਦੀ ਮੰਗ ਪਹਿਲਾਂ ਹੀ 8500 ਮੈਗਾਵਾਟ ਨੂੰ ਪਾਰ ਕਰ ਚੁੱਕੀ ਹੈ ਅਤੇ ਪਾਵਰ ਕਾਰਪੋਰੇਸ਼ਨ ਇਸ ਮੰਗ ਨੂੰ ਪੂਰਾ ਕਰ ਰਿਹਾ ਹੈ ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ 40 ਫ਼ੀਸਦੀ ਵੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਵਰਗਾਂ ਖੇਤੀਬਾੜੀ, ਉਦਯੋਗਿਕ, ਵਪਾਰਕ ਤੇ ਘਰੇਲੂ ਖਪਤਕਾਰਾਂ ਨੂੰ ਬਿਜਲੀ ਦੀ ਨਿਰਵਿਘਨ ਅਤੇ ਭਰੋਸੇਮੰਦ ਸਪਲਾਈ ਯਕੀਨੀ ਬਣਾਉਣ ਲਈ ਸਾਰੇ ਉਪਾਅ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਛਵਾੜਾ ਕੋਲਾ ਖਾਣਾ ਨੂੰ ਮੁੜ ਚਾਲੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜੂਨ ਦੇ ਅੰਤ ਤੱਕ ਰਾਜ ਦੇ ਥਰਮਲ ਪਾਵਰ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਸ਼ੁਰੂ ਕਰਨ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਮੰਗ ਕਈ ਗੁਣਾ ਵੱਧ ਗਈ ਹੈ, ਇਸ ਲਈ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਸਰਕਾਰੀ ਅਤੇ ਨਿੱਜੀ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਕੰਮ ਕਰਨ।

ਇਹ ਵੀ ਪੜ੍ਹੋ : ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਈਦ-ਉਲ-ਫਿਤਰ ਦੀਆਂ ਮੁਬਾਰਕਾਂ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀ. ਐੱਸ. ਪੀ. ਸੀ. ਐੱਲ. ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਨੇ ਰਾਜਪੁਰਾ ਤਾਪ ਬਿਜਲੀ ਘਰ ਦੀ ਸ਼ਲਾਘਾ ਕਰਦਿਆਂ ਦਾਅਵਾ ਕੀਤਾ ਕਿ ਇਸ ਦੀ ਕਾਰਗੁਜ਼ਾਰੀ ਬਾਕੀਆਂ ਨਾਲੋਂ ਬਿਹਤਰ ਹੈ ਅਤੇ ਇਹ ਪਲਾਂਟ ਬਿਨਾਂ ਸ਼ੱਕ ਸੂਬੇ ਦੇ ਊਰਜਾ ਖੇਤਰ ਦੀ ਰੀੜ੍ਹ ਦੀ ਹੱਡੀ ਸਾਬਤ ਹੋਇਆ ਹੈ। ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਬਿਜਲੀ ਮੰਤਰੀ ਅੱਜ ਉਨ੍ਹਾਂ ਦੇ ਹਲਕੇ ਦੇ ਥਰਮਲ ਪਲਾਂਟ ਦਾ ਦੌਰਾ ਕਰਨ ਆਏ ਹਨ, ਜੋ ਕਿ ਉਨ੍ਹਾਂ ਅਨੁਸਾਰ ਪੰਜਾਬ ਦੀ ਬਿਜਲੀ ਦੀ ਮੰਗ ਅਤੇ ਸਪਲਾਈ ਦੇ ਪਾੜੇ ਨੂੰ ਵੱਡੇ ਪੱਧਰ 'ਤੇ ਪੂਰਾ ਕਰਨ ਵਿੱਚ ਯੋਗਦਾਨ ਪਾ ਰਿਹਾ ਹੈ। ਇਸ ਤੋਂ ਪਹਿਲਾਂ ਨਾਭਾ ਪਾਵਰ ਲਿਮਟਿਡ ਦੇ ਉੱਚ ਅਧਿਕਾਰੀਆਂ ਨੇ ਬਿਜਲੀ ਮੰਤਰੀ ਦਾ ਸਵਾਗਤ ਕੀਤਾ ਅਤੇ ਮੰਤਰੀ ਨੂੰ ਪਲਾਂਟ ਦੀ ਚੰਗੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ 'ਚ ਝੋਨੇ ਦੇ ਸੀਜ਼ਨ ਦੌਰਾਨ ਇਸ ਪਲਾਂਟ ਦੀ ਉਪਲਬਧਤਾ ਦਾ ਕਾਰਕ 96% ਤੋਂ ਵੱਧ ਰਿਹਾ ਹੈ, ਖਾਸ ਕਰਕੇ ਪਿਛਲੇ 2 ਸਾਲ ਜਦੋਂ ਪੀ. ਏ. ਐੱਫ. ਲਗਾਤਾਰ 100% ਰਿਹਾ ਹੈ।

ਇਹ ਵੀ ਪੜ੍ਹੋ : ਸਾਬਕਾ CM ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਜਲੰਧਰ ਕੋਰਟ ਤੋਂ ਨਹੀਂ ਮਿਲੀ ਕੋਈ ਰਾਹਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News