ਅਹਿਮ ਖ਼ਬਰ : ਚੰਡੀਗੜ੍ਹ ਦੇ ਬਿਜਲੀ ਮੁਲਾਜ਼ਮ 72 ਘੰਟੇ ਦੀ ਹੜਤਾਲ 'ਤੇ, ਜਾਰੀ ਕੀਤੇ ਗਏ ਹੈਲਪਲਾਈਨ ਨੰਬਰ
Tuesday, Feb 22, 2022 - 11:05 AM (IST)
ਚੰਡੀਗੜ੍ਹ (ਰਾਜਿੰਦਰ) : ਨਿੱਜੀਕਰਨ ਖ਼ਿਲਾਫ਼ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ 72 ਘੰਟੇ ਦੀ ਹੜਤਾਲ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕਿਸੇ ਹਿੱਸੇ ਵਿਚ ਬਿਜਲੀ ਜਾਂਦੀ ਹੈ ਤਾਂ ਫਾਲਟ ਨੂੰ ਠੀਕ ਕਰਨ ਲਈ ਕੋਈ ਮੁਲਾਜ਼ਮ ਨਹੀਂ ਆਵੇਗਾ। ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਹੜਤਾਲ ਦੌਰਾਨ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ, ਇਸ ਲਈ ਸਾਰੇ ਕੇ. ਵੀ. ਸਟੇਸ਼ਨ ’ਤੇ ਬਿਜਲੀ ਵਿਭਾਗ ਦੇ ਮੁਲਾਜ਼ਮ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਪੂਰੇ ਸ਼ਹਿਰ ’ਚ 40 ਇਲੈਕਟ੍ਰੀਸ਼ੀਅਨਾਂ ਦੀ ਡਿਊਟੀ ਲਗਾਈ ਗਈ ਹੈ। ਹਾਲਾਂਕਿ ਬਿਜਲੀ ਵਿਭਾਗ ਨੇ ਇਕ ਨੋਟਿਸ ਵੀ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਲੋਕ ਬਿਜਲੀ ਦੀ ਵਾਧੂ ਲੋੜੀਂਦੀ ਵਿਵਸਥਾ ਆਪਣੇ ਪੱਧਰ ’ਤੇ ਕਰ ਕੇ ਰੱਖਣ। ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਕਿ ਹੜਤਾਲ ਦੌਰਾਨ ਬਿਜਲੀ ਦੀ ਸਪਲਾਈ ਨੂੰ ਜਾਰੀ ਰੱਖਿਆ ਜਾਵੇ ਪਰ ਜੇਕਰ ਬ੍ਰੇਕਡਾਊਨ ਹੁੰਦਾ ਹੈ ਜਾਂ ਫਾਲਟ ਆਉਂਦਾ ਹੈ ਤਾਂ ਇਸ ਨੂੰ ਠੀਕ ਕਰਨ ਵਿਚ ਕਾਫ਼ੀ ਸਮਾਂ ਲੱਗ ਸਕਦਾ ਹੈ ਕਿਉਂਕਿ ਸਾਰੇ ਮੁਲਾਜ਼ਮ ਹੜਤਾਲ ’ਤੇ ਹੋਣਗੇ। ਅਜਿਹੇ ਵਿਚ ਲੋਕਾਂ ਨੂੰ ਪਹਿਲਾਂ ਤੋਂ ਤਿਆਰ ਰਹਿਣਾ ਚਾਹੀਦਾ ਹੈ। ਇਸ ਵਾਰ ਬਿਜਲੀ ਮੁਲਾਜ਼ਮਾਂ ਨੂੰ ਰਾਜਨੀਤਕ ਦਲਾਂ ਦੇ ਨਾਲ-ਨਾਲ ਸ਼ਹਿਰ ਦੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਤੋਂ ਇਲਾਵਾ ਪੇਂਡੂ ਸੰਘਰਸ਼ ਕਮੇਟੀ ਅਤੇ ਕਿਸਾਨ ਸੰਗਠਨਾਂ ਦਾ ਸਾਥ ਮਿਲਿਆ ਹੈ। ਹੜਤਾਲੀ ਮੁਲਾਜ਼ਮ ਮੰਗਲਵਾਰ ਨੂੰ ਕੰਮਕਾਰ ਛੱਡ ਕੇ ਸੈਕਟਰ-17 ਦੇ ਪਰੇਡ ਗਰਾਊਂਡ ਨਾਲ ਲੱਗਦੇ ਗਰਾਊਂਡ ਵਿਚ ਵਿਸ਼ਾਲ ਰੈਲੀ ਵੀ ਕਰਨਗੇ।
ਇਹ ਵੀ ਪੜ੍ਹੋ : ਮੋਹਾਲੀ 'ਚ ਸਟਰਾਂਗ ਰੂਮ ਬਾਹਰ ਆਮ ਆਦਮੀ ਪਾਰਟੀ ਨੇ ਲਾਇਆ ਟੈਂਟ, ਜਾਣੋ ਕਾਰਨ
ਹੈਲਪਲਾਈਨ ਨੰਬਰ ਜਾਰੀ
ਹੜਤਾਲ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਜ਼ਰੂਰੀ ਇੰਤਜ਼ਾਮ ਕੀਤੇ ਹਨ। ਫਿਰ ਵੀ ਕਿਤੇ ਪਾਵਰ ਸਪਲਾਈ ਵਿਚ ਸਮੱਸਿਆ ਆਉਣ ਨਾਲ ਬਿਜਲੀ ਕੱਟ ਲੱਗ ਸਕਦਾ ਹੈ। ਆਮ ਲੋਕ ਕਿਸੇ ਵੀ ਸ਼ਿਕਾਇਤ ਲਈ ਸ਼ਿਕਾਇਤ ਕੇਂਦਰਾਂ ’ਤੇ ਫ਼ੋਨ ਕਰ ਸਕਦੇ ਹਨ। ਆਮ ਜਨ ਨੂੰ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਉਹ ਵੀ ਇਲੈਕਟ੍ਰੀਸਿਟੀ ਲਾਈਨ ’ਤੇ ਚੈੱਕ ਰੱਖਣ। ਜੇਕਰ ਕੋਈ ਇਨ੍ਹਾਂ ਨਾਲ ਛੇੜਛਾੜ ਕਰਦਾ ਦਿਸੇ ਤਾਂ ਤੁਰੰਤ ਪੁਲਸ ਕੰਟਰੋਲ ਰੂਮ ਜਾਂ ਹੋਰ ਹੈਲਪਲਾਈਨ ਨੰਬਰ ’ਤੇ ਸੂਚਨਾ ਦੇ ਸਕਦੇ ਹੋ। ਸੈਕਟਰ-17 ਕੰਟਰੋਲ ਰੂਮ 0172-2703242, ਸੈਕਟਰ-9 ਕੰਟਰੋਲ ਰੂਮ 0172-2740475, ਸਿਟੀਜ਼ਨ ਫੈਸਿਲੀਟੇਸ਼ਨ ਸੈਂਟਰ 0172-4639999 ’ਤੇ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਆਉਣ ਵਾਲੇ 2 ਦਿਨ ਪਵੇਗਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਯੂਨੀਅਨ ਨੇ ਕੀਤੀ ਹੜਤਾਲ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ
ਚੰਡੀਗੜ੍ਹ ਦੇ ਬਿਜਲੀ ਮੁਲਾਜ਼ਮ ਨਿੱਜੀਕਰਨ ਖ਼ਿਲਾਫ਼ 21 ਫਰਵਰੀ ਨੂੰ ਰਾਤ 11 ਵਜੇ ਤੋਂ 72 ਘੰਟੇ ਦੀ ਹੜਤਾਲ ’ਤੇ ਚਲੇ ਗਏ ਹਨ। ਨੈਸ਼ਨਲ ਕੋ-ਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰੀਸਿਟੀ ਇੰਪਲਾਈਜ਼ ਐਂਡ ਇੰਜਨੀਅਰ (ਐੱਨ. ਸੀ. ਸੀ. ਓ. ਈ. ਈ. ਈ.) ਦੇ ਐਲਾਨ ’ਤੇ ਦੇਸ਼ ਭਰ ਦੇ ਬਿਜਲੀ ਮੁਲਾਜ਼ਮਾਂ ਅਤੇ ਇੰਜੀਨੀਅਰਾਂ ਨੇ ਨਿੱਜੀਕਰਨ ਖ਼ਿਲਾਫ਼ ਸ਼ੁਰੂ ਹੋਈ ਹੜਤਾਲ ਨਾਲ ਇੱਕਜੁਟਤਾ ਜ਼ਾਹਰ ਕਰਨ ਲਈ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਵਿਚ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਨੈਸ਼ਨਲ ਕੋ-ਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰੀਸਿਟੀ ਇੰਪਲਾਈਜ਼ ਐਂਡ ਇੰਜੀਨੀਅਰ ਦੇ ਮੈਂਬਰ ਸੁਭਾਸ਼ ਲਾਂਬਾ ਨੇ ਦੱਸਿਆ ਕਿ ਪੰਜਾਬ ਦੇ ਬਿਜਲੀ ਮੁਲਾਜ਼ਮ ਅਤੇ ਇੰਜੀਨੀਅਰ 22 ਫਰਵਰੀ, ਹਰਿਆਣਾ ਦੇ ਬਿਜਲੀ ਮੁਲਾਜ਼ਮ 23 ਫਰਵਰੀ ਅਤੇ ਹਿਮਾਚਲ ਦੇ ਬਿਜਲੀ ਮੁਲਾਜ਼ਮ 24 ਫਰਵਰੀ ਤੋਂ ਚੰਡੀਗੜ੍ਹ ਵਿਚ ਹੜਤਾਲੀ ਮੁਲਾਜ਼ਮਾਂ ਦੇ ਪ੍ਰਦਰਸ਼ਨ ਵਿਚ ਸ਼ਾਮਲ ਹੋ ਕੇ ਇੱਕਜੁਟਤਾ ਜ਼ਾਹਰ ਕਰਨਗੇ। ਚੰਡੀਗੜ੍ਹ ਦੇ ਸਾਰੇ ਵਿਰੋਧੀ ਦਲਾਂ ਦੇ ਕੌਂਸਲਰ, ਆਰ. ਡਬਲਿਊ. ਏ., ਪੇਂਡੂ ਸੰਘਰਸ਼ ਕਮੇਟੀ, ਸੰਯੁਕਤ ਕਿਸਾਨ ਮੋਰਚਾ ਵਿਚ ਸ਼ਾਮਲ ਕਿਸਾਨ ਸੰਗਠਨਾਂ, ਕੇਂਦਰੀ ਟ੍ਰੇਡ ਯੂਨੀਅਨਾਂ, ਗੁਰਦੁਆਰਾ ਪ੍ਰਬੰਧਕ ਕਮੇਟੀ, ਵਪਾਰੀ ਸੰਗਠਨਾਂ ਆਦਿ ਨੇ ਇਕ ਆਵਾਜ਼ ਵਿਚ ਬਿਜਲੀ ਨਿੱਜੀਕਰਨ ਦਾ ਵਿਰੋਧ ਕਰਦਿਆਂ ਤਿੰਨ ਦਿਨਾਂ ਹੜਤਾਲ ਦਾ ਪੁਰਜ਼ੋਰ ਸਮਰਥਨ ਦਾ ਐਲਾਨ ਕੀਤਾ ਹੈ। ਰਾਸ਼ਟਰੀ ਉਪ-ਪ੍ਰਧਾਨ ਸੁਭਾਸ਼ ਲਾਂਬਾ ਨੇ ਦੱਸਿਆ ਕਿ ਐੱਨ. ਸੀ. ਸੀ. ਓ. ਈ. ਈ. ਈ. ਦੇ ਸੀਨੀਅਰ ਨੇਤਾ ਸ਼ੈਲੇਂਦਰ ਦੂਬੇ, ਪਦਮਜੀਤ ਸਿੰਘ, ਪ੍ਰਸ਼ਾਂਤ ਨੰਦੀ ਚੌਧਰੀ, ਸੁਭਾਸ਼ ਲਾਂਬਾ, ਮੋਹਨ ਸ਼ਰਮਾ, ਅਭਿਮਨਿਯੂ ਧਨਖੜ, ਸਮਰ ਸਿਨਹਾ ਆਦਿ 22 ਫਰਵਰੀ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ। ਉਕਤ ਨੇਤਾ ਹੜਤਾਲ ਦੀ ਮਾਨੀਟਰਿੰਗ ਕਰਨਗੇ ਅਤੇ ਪ੍ਰਸ਼ਾਸਨ ਵੱਲੋਂ ਹੜਤਾਲ ਨੂੰ ਅਸਫ਼ਲ ਬਣਾਉਣ ਦੇ ਚੁੱਕੇ ਜਾਣ ਵਾਲੇ ਕਦਮਾਂ ’ਤੇ ਨਜ਼ਦੀਕੀ ਨਜ਼ਰ ਰੱਖਣਗੇ ਅਤੇ ਉਸੇ ਸਾਮਾਨ ਜ਼ਰੂਰੀ ਫ਼ੈਸਲੇ ਲੈਣਗੇ। ਯੂ. ਟੀ. ਪਾਵਰਮੈਨ ਯੂਨੀਅਨ ਚੰਡੀਗੜ੍ਹ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਅਤੇ ਪ੍ਰਧਾਨ ਧਿਆਨ ਚੰਦ ਨੇ ਦੱਸਿਆ ਕਿ ਕੇਂਦਰ ਸਰਕਾਰ ਪਿਛਲੇ 5 ਸਾਲਾਂ ਤੋਂ 150 ਕਰੋੜ ਤੋਂ 350 ਕਰੋੜ ਤੱਕ ਲਾਭ ਕਮਾ ਰਹੇ ਬਿਜਲੀ ਵਿਭਾਗ ਦਾ ਨਿਜੀਕਰਣ ਕਰ ਰਿਹਾ ਹੈ। ਮੁਲਾਜ਼ਮਾਂ ਦੇ ਨਾਲ ਹੀ ਨਿੱਜੀਕਰਣ ਦਾ ਸਿੱਧਾ ਭਾਰ ਸ਼ਹਿਰ ਦੀ ਆਮ ਜਨਤਾ ’ਤੇ ਪਵੇਗਾ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਨਾਲ ਜੁੜੀ ਅਹਿਮ ਖ਼ਬਰ, 2024 ਤੱਕ ਸੂਬੇ 'ਚ ਰਹਿ ਸਕਦੀ ਹੈ 'ਅਸਥਿਰ ਸਰਕਾਰ'!
ਐਡਵਾਈਜ਼ਰ ਨੇ ਯੂਨੀਅਨ ਦੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ
ਸੋਮਵਾਰ ਨੂੰ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਯੂਨੀਅਨ ਦੇ ਅਹੁਦੇਦਾਰਾਂ ਦੀ ਮੀਟਿੰਗ ਬੁਲਾਈ। ਯੂਨੀਅਨ ਦੇ ਅਹੁਦੇਦਾਰਾਂ ਨੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਈ ਕਮੀਆਂ ਗਿਣਵਾਈਆਂ ਅਤੇ ਚੰਡੀਗੜ੍ਹ ਦੇ ਬਿਜਲੀ ਵਿਭਾਗ ਦਾ ਨਿੱਜੀਕਰਣ ਰੋਕਣ ਦੀ ਮੰਗ ਕੀਤੀ, ਜਿਸ ’ਤੇ ਪ੍ਰਸ਼ਾਸਕ ਦੇ ਸਲਾਹਕਾਰ ਨੇ ਯੂਨੀਅਨ ਦਾ ਪੱਖ ਕੇਂਦਰ ਸਰਕਾਰ ਕੋਲ ਰੱਖਣ ਦੀ ਗੱਲ ਕੀਤੀ। ਬਾਅਦ ਵਿਚ ਯੂਨੀਅਨ ਦੇ ਅਹੁਦੇਦਾਰਾਂ ਨੇ ਮੀਟਿੰਗ ਕਰ ਕੇ ਨਿੱਜੀਕਰਣ ਦੀ ਪ੍ਰੀਕਿਰਿਆ ਰੱਦ ਕਰਨ ਤੱਕ ਹੜਤਾਲ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਉਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਮੁਕੰਮਲ ਹੜਤਾਲ ਕਰ ਕੇ 22-23-24 ਫਰਵਰੀ ਨੂੰ ਪਰੇਡ ਗਰਾਊਂਡ ਦੇ ਸਾਹਮਣੇ ਕੀਤੀ ਜਾ ਰਹੀ ਰੈਲੀ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ