ਹਨੇਰੀ ਤੋਂ ਬਾਅਦ ਵਿਗੜੀ ਬਿਜਲੀ ਵਿਵਸਥਾ, ਇੱਕ ਘੰਟੇ ’ਚ ਫਾਲਟ ਦੀਆਂ ਆਈਆਂ 500 ਤੋਂ ਵੱਧ ਸ਼ਿਕਾਇਤਾਂ
Friday, Jun 05, 2026 - 07:22 AM (IST)
ਜਲੰਧਰ (ਪੁਨੀਤ) : ਵੀਰਵਾਰ ਸ਼ਾਮੀਂ ਮੌਸਮ ਨੇ ਅਚਾਨਕ ਕਰਵਟ ਲੈਂਦੇ ਹੋਏ ਤੇਜ਼ ਹਨੇਰੀ ਅਤੇ ਹਵਾਵਾਂ ਦਾ ਰੂਪ ਧਾਰਨ ਕਰ ਲਿਆ, ਜਿਸ ਦਾ ਸਿੱਧਾ ਅਸਰ ਸ਼ਹਿਰ ਦੀ ਬਿਜਲੀ ਵਿਵਸਥਾ ’ਤੇ ਦੇਖਣ ਨੂੰ ਮਿਲਿਆ। ਹਨੇਰੀ ਸ਼ੁਰੂ ਹੋਣ ਦੇ ਕੁਝ ਹੀ ਸਮੇਂ ਬਾਅਦ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਬਿਜਲੀ ਬੰਦ ਹੋਣ ਦੀਆਂ ਸ਼ਿਕਾਇਤਾਂ ਆਉਣ ਲੱਗੀਆਂ। ਸਥਿਤੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਲਗਭਗ ਇਕ ਘੰਟੇ ਦੇ ਅੰਦਰ ਹੀ ਪਾਵਰਕਾਮ ਦੇ ਸ਼ਿਕਾਇਤ ਕੇਂਦਰਾਂ ਅਤੇ ਕੰਟਰੋਲ ਰੂਮ ਵਿਚ 500 ਤੋਂ ਵੱਧ ਸ਼ਿਕਾਇਤਾਂ ਦਰਜ ਹੋ ਗਈਆਂ।
ਇਹ ਵੀ ਪੜ੍ਹੋ : ਜੰਗ ਦਾ ਮੈਦਾਨ ਬਣਿਆ ਸਿਵਲ ਹਸਪਤਾਲ! ਮਰੀਜ਼ ਨਾਲ ਬੁਰੀ ਤਰ੍ਹਾਂ ਕੁੱਟਮਾਰ
ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਰੁੱਖਾਂ ਦੇ ਟਾਹਣੇ ਬਿਜਲੀ ਲਾਈਨਾਂ ’ਤੇ ਡਿੱਗ ਗਏ, ਜਦੋਂ ਕਿ ਕੁਝ ਥਾਵਾਂ ’ਤੇ ਤਕਨੀਕੀ ਫਾਲਟ ਵੀ ਸਾਹਮਣੇ ਆਏ। ਇਸ ਕਾਰਨ ਕਈ ਰਿਹਾਇਸ਼ੀ ਅਤੇ ਕਾਰੋਬਾਰੀ ਖੇਤਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ। ਦਿਨ ਭਰ ਦੀ ਭਿਆਨਕ ਗਰਮੀ ਅਤੇ ਹੁੰਮਸ ਤੋਂ ਪ੍ਰੇਸ਼ਾਨ ਲੋਕਾਂ ਨੂੰ ਸ਼ਾਮ ਦੇ ਸਮੇਂ ਮੌਸਮ ਤੋਂ ਰਾਹਤ ਤਾਂ ਮਿਲੀ, ਪਰ ਬਿਜਲੀ ਬੰਦ ਹੋਣ ਕਾਰਨ ਉਨ੍ਹਾਂ ਨੂੰ ਨਵੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈ ਇਲਾਕਿਆਂ ਵਿਚ ਲੋਕਾਂ ਨੂੰ ਘੰਟਿਆਂਬੱਧੀ ਇਨਵਰਟਰ ਅਤੇ ਹੋਰ ਬਦਲਵੇਂ ਸਾਧਨਾਂ ਦੇ ਸਹਾਰੇ ਰਹਿਣਾ ਪਿਆ। ਸ਼ਿਕਾਇਤਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਪਾਵਰਕਾਮ ਅਧਿਕਾਰੀਆਂ ਨੇ ਤੁਰੰਤ ਫੀਲਡ ਸਟਾਫ ਅਤੇ ਤਕਨੀਕੀ ਟੀਮਾਂ ਨੂੰ ਅਲਰਟ ਕਰ ਦਿੱਤਾ। ਵੱਖ -ਵੱਖ ਸਬ-ਡਵੀਜ਼ਨਾਂ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਕੇ ਫਾਲਟ ਲੱਭਣ ਅਤੇ ਉਨ੍ਹਾਂ ਨੂੰ ਦੂਰ ਕਰਨ ਵਿਚ ਜੁਟ ਗਈਆਂ। ਕਈ ਥਾਵਾਂ ’ਤੇ ਕਰਮਚਾਰੀਆਂ ਨੂੰ ਖਰਾਬ ਮੌਸਮ ਦੇ ਵਿਚ ਹੀ ਮੁਰੰਮਤ ਦਾ ਕੰਮ ਕਰਨਾ ਪਿਆ।
ਪਾਵਰਕਾਮ ਅਧਿਕਾਰੀਆਂ ਅਨੁਸਾਰ ਹਨੇਰੀ ਦੌਰਾਨ ਬਿਜਲੀ ਸਿਸਟਮ ਨੂੰ ਕਈ ਥਾਵਾਂ ’ਤੇ ਨੁਕਸਾਨ ਪਹੁੰਚਿਆ, ਜਿਸ ਕਾਰਨ ਵੱਡੀ ਗਿਣਤੀ ਵਿਚ ਸ਼ਿਕਾਇਤਾਂ ਪ੍ਰਾਪਤ ਹੋਈਆਂ। ਵਿਭਾਗ ਦੀਆਂ ਟੀਮਾਂ ਨੇ ਪਹਿਲ ਦੇ ਆਧਾਰ ’ਤੇ ਫਾਲਟ ਦੂਰ ਕਰਨ ਦਾ ਕੰਮ ਸ਼ੁਰੂ ਕੀਤਾ ਅਤੇ ਸਮੇਂ ਰਹਿੰਦੇ ਵਧੇਰੇ ਪ੍ਰਭਾਵਿਤ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਸਮ ਸਬੰਧੀ ਅਜਿਹੇ ਹਾਲਾਤ ਵਿਚ ਬਿਜਲੀ ਲਾਈਨਾਂ ’ਤੇ ਰੁੱਖ ਡਿੱਗਣ ਅਤੇ ਤਕਨੀਕੀ ਖਰਾਬੀਆਂ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ, ਪਰ ਖਪਤਕਾਰਾਂ ਨੂੰ ਜਲਦ ਰਾਹਤ ਦੇਣ ਲਈ ਵਿਭਾਗੀ ਕਰਮਚਾਰੀ ਲਗਾਤਾਰ ਮੈਦਾਨ ਵਿਚ ਡਟੇ ਰਹੇ।
ਇਹ ਵੀ ਪੜ੍ਹੋ : ਪਹਿਲੀ ਵਾਰ ਨਵੀਂ ਮੁੰਬਈ ਏਅਰਪੋਰਟ ’ਤੇ ਉਤਰਿਆ ‘ਸੁਖੋਈ SU-30 MKI’ ਲੜਾਕੂ ਜਹਾਜ਼
ਸੁਰੱਖਿਆ ਦੇ ਮੱਦੇਨਜ਼ਰ ਬੰਦ ਕੀਤੀਆਂ ਗਈਆਂ ਮੁੱਖ ਲਾਈਨਾਂ
ਪਾਵਰਕਾਮ ਅਧਿਕਾਰੀਆਂ ਅਨੁਸਾਰ ਤੇਜ਼ ਹਨੇਰੀ ਅਤੇ ਖਰਾਬ ਮੌਸਮ ਦੌਰਾਨ ਸੁਰੱਖਿਆ ਕਾਰਨਾਂ ਕਰ ਕੇ ਕਈ ਮੁੱਖ ਬਿਜਲੀ ਲਾਈਨਾਂ (ਫੀਡਰਾਂ) ਨੂੰ ਅਹਿਤਿਆਤਨ ਬੰਦ ਕਰ ਦਿੱਤਾ ਗਿਆ ਸੀ, ਤਾਂ ਜੋ ਬਿਜਲੀ ਸਿਸਟਮ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਅਤੇ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ। ਮੌਸਮ ਆਮ ਵਾਂਗ ਹੋਣ ਅਤੇ ਹਨੇਰੀ ਦੀ ਤੀਬਰਤਾ ਘੱਟ ਹੋਣ ਤੋਂ ਬਾਅਦ ਇਨ੍ਹਾਂ ਫੀਡਰਾਂ ਨੂੰ ਪੜਾਅਵਾਰ ਤਰੀਕੇ ਨਾਲ ਦੁਬਾਰਾ ਚਾਲੂ ਕੀਤਾ ਗਿਆ। ਬਿਜਲੀ ਸਪਲਾਈ ਬੰਦ ਹੋਣ ਦੌਰਾਨ ਖਪਤਕਾਰਾਂ ਨੇ ਵੱਡੀ ਗਿਣਤੀ ਵਿਚ ਸ਼ਿਕਾਇਤਾਂ ਦਰਜ ਕਰਵਾਈਆਂ। ਹਾਲਾਂਕਿ ਫੀਡਰ ਚਾਲੂ ਹੋਣ ਤੋਂ ਬਾਅਦ ਅਨੇਕ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਆਪਣੇ-ਆਪ ਬਹਾਲ ਹੋ ਗਈ, ਜਿਸ ਨਾਲ ਕਈ ਸ਼ਿਕਾਇਤਾਂ ਦਾ ਤੁਰੰਤ ਹੱਲ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬਾਕੀ ਤਕਨੀਕੀ ਫਾਲਟਾਂ ਨੂੰ ਦੂਰ ਕਰਨ ਲਈ ਟੀਮਾਂ ਲਗਾਤਾਰ ਮੈਦਾਨ ਵਿਚ ਕੰਮ ਕਰਦੀਆਂ ਰਹੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
