'ਬਿਜਲੀ ਆਫ਼ਤ' ਦੇ ਬਹਾਨੇ ਮਾਇਆਵਤੀ ਨੇ ਘੇਰੀ ਪੰਜਾਬ ਸਰਕਾਰ

Saturday, Jul 03, 2021 - 04:08 PM (IST)

'ਬਿਜਲੀ ਆਫ਼ਤ' ਦੇ ਬਹਾਨੇ ਮਾਇਆਵਤੀ ਨੇ ਘੇਰੀ ਪੰਜਾਬ ਸਰਕਾਰ

ਨੈਸ਼ਨਲ ਡੈਸਕ : ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਬਿਜਲੀ ਦੇ ਲੰਮੇ ਕੱਟਾਂ ਕਾਰਨ ਮਚੀ ਹਾਹਾਕਾਰ 'ਤੇ ਸਿਆਸੀ ਵਿਰੋਧੀ ਧਿਰਾਂ ਨੇ ਕੈਪਟਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।  ਹੁਣ ਇਨ੍ਹਾਂ ਵਿਰੋਧੀਆਂ ਵਿੱਚ ਮਾਇਆਵਤੀ ਦੀ ਵੀ ਐਂਟਰੀ ਹੋ ਗਈ ਹੈ। ਮਾਇਆਵਤੀ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਦਿਆਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਘਾਟ ਕਾਰਨ ਆਮ ਜਨ ਜੀਵਨ, ਉਦਯੋਗ, ਕੰਮ-ਧੰਦੇ ਅਤੇ ਖੇਤੀ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਜੋ ਇਹ ਗੱਲ ਸਾਬਿਤ ਕਰਦਾ ਹੈ ਕਿ ਪੰਜਾਬ  ਦੀ ਕਾਂਗਰਸ ਸਰਕਾਰ ਆਪਸੀ ਧੜ੍ਹੇਬੰਦੀ ਅਤੇ ਟਕਰਾਅ ਵਿੱਚ ਉਲਝੀ ਪਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਜਾਣ ਲੈਣੀ ਚਾਹੀਦੀ ਹੈ ਕਿ ਸਰਕਾਰ ਲੋਕ ਭਲਾਈ ਦੀ ਜ਼ਿੰਮੇਵਾਰੀ ਨੂੰ ਤਿਲਾਂਜਲੀ ਦੇ ਚੁੱਕੀ ਹੈ।

PunjabKesari

ਬਸਪਾ ਸੁਪਰੀਮੋ ਮਾਇਆਵਤੀ ਨੇ ਟਵੀਟ ਕਰਦਿਆਂ ਆਸ ਪ੍ਰਗਟਾਈ ਕਿ ਪੰਜਾਬ ਦੇ ਲੋਕ ਬਿਹਤਰ ਭਵਿੱਖ ਦੀ ਤਲਾਸ਼ ਵਿੱਚ ਹਨ ਅਤੇ ਉਨ੍ਹਾਂ ਲਈ ਭਲਾਈ ਇਸੇ ਗੱਲ ਵਿੱਚ ਹੈ ਕਿ ਕਾਂਗਰਸ ਦੀ ਸਰਕਾਰ ਤੋਂ ਛੁਟਕਾਰਾ ਪਾਇਆ ਜਾਵੇ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਬਹੁਮਤ ਵਾਲੀ ਸਰਕਾਰ ਬਣਾਈ ਜਾਵੇ।

PunjabKesari

ਗੌਰਤਲਬ ਹੈ ਕਿ ਬੀਤੇ ਕੱਲ੍ਹ ਬਿਜਲੀ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਪੂਰੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਅਤੇ ਪੰਜਾਬ ਸਰਕਾਰ ਨੂੰ ਮਾੜੇ ਪ੍ਰਬੰਧ ਲਈ ਕੋਸਿਆ। ਇਸੇ ਕੜ੍ਹੀ ਅਧੀਨ ਅੱਜ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਦਾ ਸਿਸਵਾਂ ਫਾਰਮ ਘੇਰਿਆ ਗਿਆ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਾਸ ਰਿਪੋਰਟ

ਬਿਜਲੀ ਮਾਮਲੇ 'ਤੇ ਨਵਜੋਤ ਸਿੱਧੂ ਨੇ ਕੀਤੇ ਕਈ ਟਵੀਟ 
ਪੰਜਾਬ ਸਰਕਾਰ ਜਿੱਥੇ ਵਿਰੋਧੀਆਂ ਦੇ ਤਿੱਖੇ ਹਮਲਿਆਂ 'ਚ ਘਿਰੀ ਪਈ ਹੈ ਉਥੇ ਹੀ ਆਪਣੇ ਵਿਧਾਇਕਾਂ ਦੀ ਨਾਰਾਜ਼ਗੀ ਨੇ ਕਾਂਗਰਸ ਦੇ ਕਲੇਸ਼ ਨੂੰ ਦਿਨੋਂ ਦਿਨ ਹੋਰ ਗਹਿਰਾ ਕੀਤਾ ਹੈ। ਬਿਜਲੀ ਦੇ ਮਾਮਲੇ 'ਚ ਬੀਤੇ ਦਿਨ ਨਵਜੋਤ ਸਿੰਘ ਸਿੱਧੂ ਨੇ ਕਈ ਟਵੀਟ ਕੀਤੇ ਸਨ ਤੇ ਪਿਛਲੀ ਸਰਕਾਰ ਵੱਲੋਂ ਕੀਤੇ ਸਮਝੌਤਿਆਂ ਨੂੰ ਮੌਜੂਦਾ ਆਫ਼ਤ ਲਈ ਜ਼ਿੰਮੇਵਾਰ ਦੱਸਿਆ ਸੀ। ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ਨੂੰ ਕਈ ਸੁਝਾਅ ਵੀ ਦਿੱਤੇ ਸਨ ਕਿ ਮਹਿੰਗੀ ਬਿਜਲੀ ਨਾਲ ਨਜਿੱਠਣ ਲਈ ਕਾਨੂੰਨ ਬਣਾ ਕੇ ਪਹਿਲਾਂ ਕੀਤੇ ਸਮਝੌਤੇ ਰੱਦ ਕੀਤੇ ਜਾਣ ਤੇ ਮੁੜ ਤੋਂ ਸਸਤੀ ਬਿਜਲੀ ਖ਼ਰੀਦਣ ਦੀ ਕਵਾਇਦ ਸ਼ੁਰੂ ਹੋਵੇ। ਹਾਲਾਂਕਿ ਨਵਜੋਤ ਸਿੱਧੂ ਦੇ ਬਿਆਨਾਂ 'ਤੇ ਕਿਸੇ ਵੀ ਕਾਂਗਰਸੀ ਆਗੂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸਗੋਂ ਉਲਟ ਪਾਵਰਕਾਮ ਨੇ ਸਿੱਧੂ ਵੱਲ ਲੱਖਾਂ ਦੇ ਬਿਜਲੀ ਬਿੱਲ ਬਕਾਇਆ ਹੋਣ ਦੀ ਗੱਲ ਕਹੀ।

ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 7 ਮਹੀਨੇ ਪੂਰੇ, ਕੀ ਹੋਵੇਗਾ ਅੰਦੋਲਨ ਦਾ ਭਵਿੱਖ ? ਪੜ੍ਹੋ ਇਹ ਖ਼ਾਸ ਰਿਪੋਰਟ

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ?


 


author

Harnek Seechewal

Content Editor

Related News