ਮੁੱਖ ਮੰਤਰੀ ਦੇ ਨਿਰਦੇਸ਼ਾਂ ਮਗਰੋਂ ਹਰਕਤ ''ਚ ਬਿਜਲੀ ਮਹਿਕਮਾ, ਅਧਿਕਾਰੀਆਂ ਨੂੰ ਜਾਰੀ ਕੀਤੀਆਂ ਹਦਾਇਤਾਂ
Thursday, Sep 23, 2021 - 02:39 PM (IST)
ਚੰਡੀਗੜ੍ਹ (ਟੱਕਰ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣਾ ਅਹੁਦਾ ਸੰਭਾਲਦਿਆਂ ਹੀ ਪਹਿਲੇ ਦਿਨ ਗਰੀਬਾਂ ਤੇ ਅਨੁਸੂਚਿਤ ਜਾਤੀ ਸ਼੍ਰੇਣੀਆਂ ਨਾਲ ਸਬੰਧਿਤ ਲੋਕਾਂ ਨੂੰ ਰਾਹਤ ਦੇਣ ਲਈ ਕੁੱਝ ਐਲਾਨ ਕੀਤੇ ਗਏ ਸਨ। ਇਸ ਤੋਂ ਬਾਅਦ ਬਿਜਲੀ ਮਹਿਕਮੇ ਨੇ ਹਰਕਤ ’ਚ ਆਉਂਦਿਆਂ ਇਨ੍ਹਾਂ ਰਿਆਇਤਾਂ ਸਬੰਧੀ ਪੱਤਰ ਜਾਰੀ ਕਰ ਦਿੱਤੇ ਹਨ। ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਡੀ. ਪੀ. ਐੱਸ. ਗਰੇਵਾਲ ਵੱਲੋਂ ਵੀਡੀਓ ਕਾਨਫਰੰਸ ਕਰ ਕੇ ਮਹਿਕਮੇ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਪੰਜਾਬ ਵਿਚ ਜਿਹੜੇ ਲੋਕ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਅਤੇ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਲੋਕ ਹਨ, ਉਨ੍ਹਾਂ ਦਾ ਬਿੱਲ ਅਦਾਇਗੀ ਕਾਰਨ ਕੋਈ ਵੀ ਕੁਨੈਕਸ਼ਨ ਨਾ ਕੱਟਿਆ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਕੁਨੈਕਸ਼ਨ ਕੱਟਿਆ ਹੈ ਤਾਂ ਉਸ ਨੂੰ ਤੁਰੰਤ ਜੋੜਿਆ ਜਾਵੇ। ਨਾਲ ਹੀ ਇਹ ਵੀ ਹਦਾਇਤ ਕੀਤੀ ਹੈ ਕਿ ਸਬੰਧਿਤ ਸ਼੍ਰੇਣੀਆਂ ਦੇ ਕੁਨੈਕਸ਼ਨਾਂ ਦੀ ਚੈਕਿੰਗ ਵੀ ਨਾ ਕੀਤੀ ਜਾਵੇ ਪਰ ਜੇਕਰ ਬਿਜਲੀ ਚੋਰੀ ਸਬੰਧੀ ਕੋਈ ਵੀ ਮਸਲਾ ਹੋਵੇ ਤਾਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਇਸ ਤੋਂ ਇਲਾਵਾ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਪਾਵਰਕਾਮ ਕਾਰਪੋਰੇਸ਼ਨ ਦੇ ਅਧਿਕਾਰੀ ਦਫ਼ਤਰਾਂ ਦੀ ਬਜਾਏ ਪਿੰਡਾਂ ’ਚ ਜਾ ਕੇ ਪੰਚਾਇਤਾਂ ਕਰਕੇ ਅਨੁਸੂਚਿਤ ਜਾਤੀਆਂ ਤੇ ਗਰੀਬਾਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਜਾਗਰੂਕ ਕਰਨ। ਇਸ ਤੋਂ ਇਲਾਵਾ ਖ਼ਪਤਕਾਰਾਂ ਨੂੰ ਸਹੀ ਸਮੇਂ ਸਿਰ ਬਿੱਲ ਵੀ ਪਹੁੰਚਾਏ ਜਾਣ ਅਤੇ ਨਾਲ ਹੀ 100 ਫ਼ੀਸਦੀ ਸਹੀ ਬਿਲਿੰਗ ਨੂੰ ਯਕੀਨੀ ਬਣਾਇਆ ਜਾਵੇ। ਪਾਵਰਕਾਮ ਕਾਰਪੋਰੇਸ਼ਨ ਦੀਆਂ ਨਵੀਆਂ ਹਦਾਇਤਾਂ ’ਚ ਗਰੀਬਾਂ ਦੇ ਪੁਰਾਣੇ ਬਿਜਲੀ ਬਿੱਲ ਮੁਆਫ਼ ਸਬੰਧੀ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ।