ਪੰਜਾਬ ’ਚ ਬਿਜਲੀ ਦੀ ਮੰਗ ਘਟੀ, ਪਾਵਰਕਾਮ ਨੇ ਸਾਰੇ ਥਰਮਲ ਪਲਾਂਟ ਕੀਤੇ ਬੰਦ

Sunday, Oct 06, 2019 - 08:44 PM (IST)

ਪੰਜਾਬ ’ਚ ਬਿਜਲੀ ਦੀ ਮੰਗ ਘਟੀ, ਪਾਵਰਕਾਮ ਨੇ ਸਾਰੇ ਥਰਮਲ ਪਲਾਂਟ ਕੀਤੇ ਬੰਦ

ਪਟਿਆਲਾ, (ਜੋਸਨ)–ਪੰਜਾਬ ਵਿਚ ਪਈ ਅੱਤ ਦੀ ਗਰਮੀ ਅਤੇ ਪੈਡੀ ਸੀਜ਼ਨ ਸੁਖਾਵਾਂ ਲੰਘਣ ਤੋਂ ਬਾਅਦ ਸਰਦੀ ਸ਼ੁਰੂ ਹੁੰਦਿਆਂ ਹੀ ਬਿਜਲੀ ਦੀ ਡਿਮਾਂਡ ਇਕਦਮ ਘਟ ਗਈ ਹੈ। ਪਾਵਰਕਾਮ ਨੇ ਆਪਣੇ ਸਮੁੱਚੇ ਥਰਮਲ ਪਲਾਂਟ ਬੰਦ ਕਰ ਦਿੱਤੇ ਹਨ। ਪੰਜਾਬ ਵਿਚ ਇਸ ਸਮੇਂ ਬਿਜਲੀ ਦੀ ਡਿਮਾਂਡ ਸਿਰਫ਼ 1415 ਲੱਖ ਯੂਨਿਟ ਹੈ।

ਅਕਤੂਬਰ ਮਹੀਨੇ ਦੇ ਸ਼ੁਰੂ ਵਿਚ ਹੀ ਬਿਜਲੀ ਦੀ ਡਿਮਾਂਡ ਘਟਣੀ ਸ਼ੁਰੂ ਹੋ ਗਈ ਸੀ, ਜਿਹਡ਼ੀ ਕਿ ਲਗਾਤਾਰ ਘਟਦੀ ਹੀ ਜਾ ਰਹੀ ਹੈ। ਬਿਜਲੀ ਨਿਗਮ ਨੇ ਆਪਣੇ ਥਰਮਲ ਪਲਾਂਟ ਬੰਦ ਕਰ ਕੇ ਆਪਣੇ ਖਰੀਦ ਸਮਝੌਤਿਆਂ ਤੋਂ ਬਿਜਲੀ ਲੈਣੀ ਜਾਰੀ ਰੱਖੀ ਹੋਈ ਹੈ। ਇਸ ਤਹਿਤ ਪਾਵਰਕਾਮ ਨੇ ਅੱਜ ਵੀ 1122 ਲੱਖ ਯੂਨਿਟ ਬਿਜਲੀ ਖਰੀਦੀ ਹੈ। ਬੀ. ਬੀ. ਐੱਮ. ਬੀ. ਤੋਂ 125 ਲੱਖ ਯੂਨਿਟ, ਐੱਨ. ਆਰ. ਐੱਸ. ਈ. ਤੋਂ 74 ਲੱਖ ਯੂਨਿਟ ਅਤੇ ਆਪਣੇ ਹਾਈਡ੍ਰੋ ਤੋਂ 119 ਲੱਖ ਯੂਨਿਟ ਬਿਜਲੀ ਖਰੀਦੀ ਹੈ। ਪਾਵਰਕਾਮ ਪੈਡੀ ਅਤੇ ਗਰਮੀ ਸੀਜ਼ਨ ਸੁਖਾਵਾਂ ਨਿਕਲਣ ਲਈ ਬਾਗੋਬਾਗ ਹੈ। ਪਾਵਰਕਾਮ ਨੇ ਲੰਘੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਵੀ ਪੂਰੀ ਬਿਜਲੀ ਦਿੱਤੀ ਹੈ। ਪੰਜਾਬ ਵਿਚ ਕੋਈ ਕੱਟ ਵੀ ਨਹੀਂ ਲਾਇਆ।

ਪਿਛਲੀ ਸਰਕਾਰ ਵੱਲੋਂ ਕੀਤੇ ਸਮਝੌਤੇ ਕੱਢ ਰਹੇ ਹਨ ਪਾਵਰਕਾਮ ਦਾ ਧੂੰਆਂ

ਪਿਛਲੀ ਸਰਕਾਰ ਵੱਲੋਂ ਵੱਖ-ਵੱਖ ਬਿਜਲੀ ਪਲਾਂਟ ਲਾ ਕੇ ਕੀਤੇ ਪਾਵਰ ਪ੍ਰਚੇਜ਼ ਸਮਝੌਤੇ ਪਾਵਰਕਾਮ ਦਾ ਧੂੰਆਂ ਕੱਢਣ ’ਤੇ ਤੁਲੇ ਹੋਏ ਹਨ। ਘੱਟ ਡਿਮਾਂਡ ਹੋਣ ਦੇ ਬਾਵਜੂਦ ਵੀ ਪਾਵਰਕਾਮ ਨੂੰ ਇਨ੍ਹਾਂ ਪਲਾਂਟਾਂ ਨਾਲ ਕੀਤੇ ਸਮਝੌਤਿਆਂ ਤੋਂ ਬਿਜਲੀ ਦੀ ਖਰੀਦ ਕਰਨੀ ਪੈ ਰਹੀ ਹੈ। ਇਸ ਨਾਲ ਕਰੋਡ਼ਾਂ ਰੁਪਏ ਬਰਬਾਦ ਹੋ ਰਹੇ ਹਨ। ਪਾਵਰਕਾਮ ਨੂੰ ਆਪਣੇ ਬਿਜਲੀ ਪਲਾਂਟ ਬੇਹੱਦ ਸਸਤੇ ਪੈਂਦੇ ਹਨ। ਕੋਈ ਹੱਲ ਨਾ ਨਿਕਲਦਾ ਦੇਖ ਪਾਵਰਕਾਮ ਨੇ ਆਪਣੇ ਸਮੁੱਚੇ ਥਰਮਲ ਪਲਾਂਟ ਮਜਬੂਰੀ ਵਿਚ ਬੰਦ ਕਰ ਦਿੱਤੇ ਹਨ।


author

DILSHER

Content Editor

Related News