ਅੱਤ ਦੀ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਚਿੰਤਾਜਨਕ ਖ਼ਬਰ, ਹੋਰ ਡੂੰਘਾ ਹੋਇਆ ਬਿਜਲੀ ਸੰਕਟ

Wednesday, Apr 27, 2022 - 10:09 PM (IST)

ਚੰਡੀਗੜ੍ਹ : ਅੱਤ ਦੀ ਗਰਮੀ ਕਾਰਣ ਪੰਜਾਬ ’ਚ ਜਿੱਥੇ ਬਿਜਲੀ ਸੰਕਟ ਹੋਰ ਡੂੰਘਾ ਹੋ ਰਿਹਾ ਹੈ, ਉੱਥੇ ਹੀ ਤਾਪ ਘਰਾਂ ਦੇ ਦੋ ਯੂਨਿਟ ਤਕਨੀਕੀ ਖਰਾਬੀ ਕਰਕੇ ਬੰਦ ਹੋ ਗਏ ਹਨ। ਇਨ੍ਹਾਂ ਯੂਨਿਟਾਂ ਦੇ ਬੰਦ ਹੋਣ ਨਾਲ ਬਿਜਲੀ ਸਪਲਾਈ ’ਚ ਤਿੰਨ ਦਿਨਾਂ ਲਈ ਕਰੀਬ 200 ਲੱਖ ਯੂਨਿਟ ਦੀ ਕਟੌਤੀ ਹੋ ਗਈ ਹੈ। ਤਲਵੰਡੀ ਸਾਬੋ ਤਾਪ ਘਰ ਅਤੇ ਰੋਪੜ ਥਰਮਲ ਦਾ ਇਕ-ਇਕ ਯੂਨਿਟ ਬੰਦ ਹੋ ਗਿਆ ਹੈ। ਇਨ੍ਹਾਂ ਦੇ ਠੀਕ ਹੋਣ ’ਚ ਕਰੀਬ ਤਿੰਨ ਦਿਨ ਦਾ ਸਮਾਂ ਲੱਗਣ ਦਾ ਅਨੁਮਾਨ ਹੈ। ਪਾਵਰਕਾਮ ਵੱਲੋਂ ਦੋ ਯੂਨਿਟ ਬੰਦ ਹੋਣ ਕਰਕੇ ਬਦਲਵੇਂ ਪ੍ਰਬੰਧ ਕਰਨੇ ਪੈ ਰਹੇ ਹਨ। ਹੁਣ ਗਰਮੀ ਕਰਕੇ ਬਿਜਲੀ ਦੀ ਵੱਧ ਤੋਂ ਵੱਧ ਮੰਗ ਪਿਛਲੇ ਵਰ੍ਹੇ ਨਾਲੋਂ 68 ਫ਼ੀਸਦੀ ਵੱਧ ਗਈ ਹੈ ਤਾਂ ਪਾਵਰਕਾਮ ਕੋਲ ਪਾਵਰ ਕੱਟ ਲਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਬੀਤੇ ਦਿਨ ਪੰਜਾਬ ਵਿਚ ਬਿਜਲੀ ਦੀ ਵੱਧ ਤੋਂ ਵੱਧ ਮੰਗ 8150 ਮੈਗਾਵਾਟ ਸੀ ਜਦਕਿ ਬੀਤੇ ਵਰ੍ਹੇ ਇਸੇ ਦਿਨ ਇਹ ਮੰਗ 5500 ਮੈਗਾਵਾਟ ਸੀ। ਇਸੇ ਤਰ੍ਹਾਂ ਪੰਜਾਬ ’ਚ ਬੀਤੇ ਦਿਨ ਬਿਜਲੀ ਖਪਤ 1740 ਲੱਖ ਯੂਨਿਟ ਸੀ ਜੋ ਪਿਛਲੇ ਵਰ੍ਹੇ ਇਸੇ ਦਿਨ 1106 ਲੱਖ ਯੂਨਿਟ ਸੀ। ਇਹ ਵਾਧਾ ਕਰੀਬ 57 ਫ਼ੀਸਦੀ ਬਣਦਾ ਹੈ। ਸਨਅਤੀ ਖੇਤਰ ’ਚ ਵੀ ਬਿਜਲੀ ਦੀ ਮੰਗ ਵਧੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਤੋਂ ਬਾਅਦ ਛਿੜੀ ਨਵੀਂ ਚਰਚਾ

‘ਆਪ’ ਸਰਕਾਰ ਦਾ ਆਗਾਮੀ ਪਹਿਲਾ ਝੋਨੇ ਦਾ ਸੀਜ਼ਨ ਹੈ ਜਿਸ ਲਈ ਢੁੱਕਵੀਂ ਬਿਜਲੀ ਸਪਲਾਈ ਦੇਣਾ ਸਰਕਾਰ ਲਈ ਚੁਣੌਤੀ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਮੱਦੇਨਜ਼ਰ ਕੇਂਦਰੀ ਊਰਜਾ ਮੰਤਰੀ ਆਰ. ਕੇ. ਸਿੰਘ ਨਾਲ ਦਿੱਲੀ ਵਿਚ ਮੀਟਿੰਗ ਕੀਤੀ ਹੈ। ਸੰਭਾਵਨਾ ਜਾਪ ਰਹੀ ਹੈ ਕਿ ਪਾਵਰਕਾਮ ਨੂੰ ਐਤਕੀਂ ਵੱਧ ਬਿਜਲੀ ਖ਼ਰੀਦਣੀ ਪਵੇਗੀ। ਹੁਣ ਤੱਕ ਕਰੀਬ 200 ਕਰੋੜ ਦੀ ਬਿਜਲੀ ਪਾਵਰਕਾਮ ਖ਼ਰੀਦ ਚੁੱਕਾ ਹੈ। ਪਾਵਰਕਾਮ ਨੇ ਸੰਕਟ ਨਾਲ ਨਜਿੱਠਣ ਲਈ ਭਲਕੇ ਲਈ 120 ਲੱਖ ਯੂਨਿਟਾਂ ਦੀ ਖ਼ਰੀਦ ਕਰ ਲਈ ਹੈ। ਝੋਨੇ ਦੇ ਸੀਜ਼ਨ ਵਿਚ ਸੂਬੇ ਵਿਚ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਤੱਕ ਪਹੁੰਚਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ : ਪਾਰਟੀ ’ਚੋਂ ਦੋ ਸਾਲ ਲਈ ਮੁਅੱਤਲ ਹੋਣ ਦੀ ਸਿਫਾਰਿਸ਼ ਤੋਂ ਬਾਅਦ ਜਾਖੜ ਨੇ ਕਾਂਗਰਸ ਨੂੰ ਕਿਹਾ ‘ਗੁੱਡ ਲੱਕ’

ਕੋਲਾ ਸਪਲਾਈ ’ਚ ਹੋਇਆ ਸੁਧਾਰ
ਸੂਬੇ ਵਿਚ ਕੋਲਾ ਸਪਲਾਈ ’ਚ ਕੁਝ ਸੁਧਾਰ ਹੋਇਆ ਹੈ। ਅਖ਼ਬਾਰੀ ਰਿਪੋਰਟਾਂ ਮੁਤਾਬਕ ਬੀਤੇ ਦਿਨੀਂ ਪੰਜਾਬ ਨੂੰ ਕੋਲੇ ਦੇ 14 ਰੈਕ ਪ੍ਰਾਪਤ ਹੋਏ ਸਨ ਅਤੇ ਮੰਗਲਵਾਰ ਨੂੰ 15 ਰੈਕ ਲੋਡ ਹੋਏ ਹਨ। ਇਸ ਵੇਲੇ ਰੋਪੜ ਥਰਮਲ ਕੋਲ 8 ਦਿਨਾਂ ਦਾ, ਲਹਿਰਾ ਮੁਹੱਬਤ ਥਰਮਲ ਕੋਲ 5, ਤਲਵੰਡੀ ਸਾਬੋ ਥਰਮਲ ਕੋਲ 6, ਰਾਜਪੁਰਾ ਥਰਮਲ ਕੋਲ 20 ਅਤੇ ਗੋਇੰਦਵਾਲ ਥਰਮਲ ਕੋਲ 3 ਦਿਨਾਂ ਦਾ ਕੋਲਾ ਭੰਡਾਰ ਪਿਆ ਹੈ। ਇਸ ਤੋਂ ਇਲਾਵਾ ਸਰਕਾਰ ਲਈ ਇਹ ਰਾਹਤ ਵਾਲੀ ਖ਼ਬਰ ਹੈ ਕਿ ਪੰਜਾਬ ਦੀ ਟਰਾਂਸਮਿਸ਼ਨ ਸਮਰੱਥਾ ’ਚ ਵਾਧਾ ਹੋ ਗਿਆ ਹੈ। ਪਾਵਰ ਸਿਸਟਮ ਅਪਰੇਸ਼ਨ ਕਾਰਪੋਰੇਸ਼ਨ ਦੇ ਪੱਤਰ ਅਨੁਸਾਰ ਪਾਵਰਕੌਮ ਦੀ ਹੁਣ ਜੋ 7400 ਮੈਗਾਵਾਟ ਟਰਾਂਸਮਿਸ਼ਨ ਸਮਰੱਥਾ ਸੀ, ਉਹ ਵੱਧ ਕੇ ਹੁਣ 8500 ਮੈਗਾਵਾਟ ਹੋ ਜਾਣੀ ਹੈ।

ਇਹ ਵੀ ਪੜ੍ਹੋ : ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਦੇ ਫ਼ੈਸਲੇ ਤੋਂ ਪਹਿਲਾਂ ਜਾਖੜ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News