ਅਗੇਤੇ ਆਲੂਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਬਾਰਸ਼ ਬਣੀ ਆਫ਼ਤ

Saturday, Sep 25, 2021 - 10:24 AM (IST)

ਅਗੇਤੇ ਆਲੂਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਬਾਰਸ਼ ਬਣੀ ਆਫ਼ਤ

ਬਨੂੜ (ਗੁਰਪਾਲ) : ਪਿਛਲੇ ਕਈ ਦਿਨਾਂ ਤੋਂ ਇਲਾਕੇ ’ਚ ਹੋਈ ਬਾਰਸ਼ ਅਗੇਤੇ ਆਲੂਆਂ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਆਫ਼ਤ ਬਣ ਗਈ ਹੈ। 15 ਸਤੰਬਰ ਤੋਂ ਬਾਅਦ ਅਗੇਤੇ ਝੋਨੇ ਦੀ ਫ਼ਸਲ ਵੱਢ ਕੇ ਆਲੂਆਂ ਦੀ ਬਿਜਾਈ ਲਈ ਤਿਆਰੀ ਕਰ ਰਹੇ ਕਿਸਾਨਾਂ ਵੱਲੋਂ ਕੋਲਡ ਸਟੋਰਾਂ ’ਚ ਰੱਖੇ ਆਲੂਆਂ ਦੇ ਬੀਜ ਨੂੰ ਬਾਹਰ ਕਢਾ ਕੇ ਸੁੱਕਣ ਲਈ ਖੋਲ੍ਹ ਦਿੱਤਾ ਗਿਆ ਹੈ। ਕੋਲਡ ਸਟੋਰ ’ਚੋਂ ਕਢਵਾਇਆ ਬੀਜ 15 ਤੋਂ 20 ਦਿਨ ਹੀ ਠੀਕ ਰਹਿ ਸਕਦਾ ਹੈ। ਇਸ ਤੋਂ ਬਾਅਦ ਇਹ ਬੀਜ ਖ਼ਰਾਬ ਹੋਣ ਲੱਗ ਜਾਂਦਾ ਹੈ। ਬਨੂੜ ਇਲਾਕਾ ਜੋ ਕਿ ਸਬਜ਼ੀਆਂ ਦੇ ਹੱਬ ਵੱਜੋਂ ਜਾਣਿਆ ਜਾਂਦਾ ਹੈ। ਇੱਥੋਂ ਦੇ ਜ਼ਿਆਦਾਤਰ ਕਿਸਾਨ ਆਲੂਆਂ ਦੀ ਕਾਸ਼ਤ ਕਰਦੇ ਹਨ।

ਕਿਸਾਨਾਂ ਨੇ ਅਗੇਤੇ ਝੋਨੇ ਦੀ ਫ਼ਸਲ ਵੱਢ ਕੇ ਆਲੂਆਂ ਦੀ ਬਿਜਾਈ ਲਈ ਖਾਦਾਂ ਪਾ ਕੇ ਖੇਤ ਤਿਆਰ ਕਰ ਰਹੇ ਸਨ। ਹੁਣ ਕਿਸਾਨਾਂ ਨੂੰ ਇਹ ਖੇਤ ਫਿਰ ਤਿਆਰ ਕਰਨੇ ਪੈਣੇ ਹਨ। ਤਿਆਰ ਕੀਤੇ ਜਾਣ ਵਾਲੇ ਇਨ੍ਹਾਂ ਖੇਤਾਂ ’ਚ ਕਿਸਾਨਾਂ ਨੂੰ ਕੁੱਝ ਮਾਤਰਾ ’ਚ ਦੁਬਾਰਾ ਮਹਿੰਗੇ ਭਾਅ ਦੀ ਖਾਦ ਫਿਰ ਪਾਉਣੀ ਪਵੇਗੀ। ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਆਲੂਆਂ ਲਈ ਆਪਣੀ ਫ਼ਸਲ ਤਿਆਰ ਕਰਦੇ ਹਨ। ਕਿਸਾਨਾਂ ਨੇ ਅਗੇਤੇ ਆਲੂਆਂ ਦੀ ਬਿਜਾਈ ਕਰ ਦਿੱਤੀ ਹੈ ਪਰ ਲਗਾਤਾਰ ਪੈ ਰਹੀ ਬਾਰਸ਼ ਕਾਰਨ ਬੀਜੀ ਗਈ ਆਲੂਆਂ ਦੀ ਫ਼ਸਲ ’ਚ ਪਾਣੀ ਖੜ੍ਹ ਜਾਣ ਕਾਰਨ ਬੀਜੀ ਫ਼ਸਲ ਖ਼ਰਾਬ ਹੋ ਜਾਵੇਗੀ, ਜਿਸ ਕਾਰਨ ਕਿਸਾਨਾਂ ਦਾ ਬਹੁਤ ਮਾਲੀ ਨੁਕਸਾਨ ਹੋਵੇਗਾ। ਅਗੇਤੇ ਆਲੂਆਂ ਦੀ ਬਿਜਾਈ ਕਰਨ ਵਾਲੇ ਕਿਸਾਨ ਕੇਸਰ ਸਿੰਘ ਕਨੌੜ, ਕੁਲਵੰਤ ਸਿੰਘ ਨੰਡਿਆਲੀ, ਬਿੱਲਾ ਜੋਤ ਫਾਰਮ, ਸਰਪੰਚ ਲੱਖੀ ਅਬਰਾਵਾਂ, ਸਰਪੰਚ ਗੁਰਵਿੰਦਰ ਸਿੰਘ ਰਾਮਪੁਰ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਗੇਤੇ ਆਲੂਆਂ ਦੀ ਬਿਜਾਈ ਕਰ ਦਿੱਤੀ ਗਈ ਸੀ।

ਹੁਣ ਬਾਰਸ਼ ਪੈਣ ਕਾਰਨ ਆਲੂਆਂ ਦੀ ਇਹ ਫ਼ਸਲ ਨਹੀਂ ਪੁੱਜੇਗੀ, ਜਿਸ ਕਾਰਨ ਉਨ੍ਹਾਂ ਨੂੰ ਪ੍ਰਤੀ ਏਕੜ 30 ਤੋਂ 40 ਹਜ਼ਾਰ ਰੁਪਏ ਨੁਕਸਾਨ ਹੋ ਗਿਆ ਹੈ। ਕਿਸਾਨ ਆਗੂ ਨੰਬਰਦਾਰ ਸਤਨਾਮ ਖਲੌਰ, ਜੱਗੀ ਕਕਰਾਲਾ ਅਤੇ ਡਾ. ਭੁਪਿੰਦਰ ਸਿੰਘ ਮਨੌਲੀ ਸੂਰਤ ਨੇ ਕਿਹਾ ਕਿ ਲਗਾਤਾਰ ਡੀਜ਼ਲ, ਖਾਦਾਂ ਤੇ ਕੀੜੇਮਾਰ ਦਵਾਈਆਂ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਕਿਸਾਨਾਂ ਦੇ ਪੱਲੇ ਆਪਣੀ ਮਿਹਨਤ ਵੀ ਪੱਲੇ ਨਹੀਂ ਪੈਂਦੀ ਉੱਪਰੋਂ ਕੁਦਰਤੀ ਮਾਰਾਂ ਕਾਰਨ ਪੱਕੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਇਲਾਕੇ ’ਚ ਝੋਨੇ ਦੀ ਫ਼ਸਲ ਅਤੇ ਆਲੂਆਂ ਦੀ ਬਿਜੀ ਫਸਲ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਵੇ। ਉਨ੍ਹਾਂ ਕਿਹਾ ਕਿ ਕਈ ਕਿਸਾਨ ਠੇਕੇ ’ਤੇ ਲੈ ਕੇ ਖੇਤੀ ਕਰਦੇ ਹਨ। ਇਹ ਕਿਸਾਨ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ 2 ਤੋਂ ਵਧੇਰੇ ਫ਼ਸਲਾਂ ਬੀਜਦੇ ਹਨ ਪਰ ਹੁਣ ਬਾਰਸ਼ ਪੈਣ ਕਾਰਨ ਇਹ ਫ਼ਸਲ ਖ਼ਰਾਬ ਹੋ ਗਈ ਹੈ।
 


author

Babita

Content Editor

Related News