ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਖੁੱਲ੍ਹੇਗਾ ਮੌਤ ਦਾ ਰਾਜ਼
Saturday, Jul 28, 2018 - 05:13 AM (IST)
ਮਾਮਲਾ : 3 ਦਿਨ ਪਹਿਲਾਂ ਦੁਬਈ ਤੋਂ ਆਏ 28 ਸਾਲਾ ਨੌਜਵਾਨ ਦੀ ਮੌਤ ਦਾ
ਲੁਧਿਆਣਾ(ਰਿਸ਼ੀ)-3 ਦਿਨ ਪਹਿਲਾਂ ਦੁਬਈ ਤੋਂ ਆਏ 28 ਸਾਲਾ ਨੌਜਵਾਨ ਦੀ ਵੀਰਵਾਰ ਨੂੰ ਆਪਣੀ ਗਲੀ ਨੰ. 4, ਸ਼ਿਮਲਾਪੁਰੀ ਸਥਿਤ ਘਰ ਵਿਚ ਸ਼ੱਕੀ ਹਾਲਾਤ ’ਚ ਹੋਈ ਮੌਤ ਦੇ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਸ ਵਲੋਂ ਸ਼ੁੱਕਰਵਾਰ ਨੂੰ ਮ੍ਰਿਤਕ ਦੀ ਪਤਨੀ ਅਤੇ ਸੱਸ ਦੇ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਹੈ ਅਤੇ ਸਿਵਲ ਹਸਪਤਾਲ ਤੋਂ ਲਾਸ਼ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਹੈ। ਥਾਣਾ ਇੰਚਾਰਜ ਐੱਸ. ਆਈ. ਪਵਿੱਤਰ ਸਿੰੰਘ ਅਨੁਸਾਰ ਦੋਸ਼ੀਆਂ ਦੀ ਪਛਾਣ ਪਤਨੀ ਵਿੰਨੀ ਉਰਫ ਦੀਪ ਅਤੇ ਸੱਸ ਮਨਿੰਦਰ ਕੌਰ ਨਿਵਾਸੀ ਢਿਲੋਂ ਕਾਲੋਨੀ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਉਨ੍ਹਾਂ ਖਿਲਾਫ ਭਾਈ ਜਤਿੰਦਰ ਸਿੰਘ ਦੇ ਬਿਆਨ ’ਤੇ ਧਾਰਾ 306 ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਭਰਾ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਭਰਾ ਨੂੰ ਪਤਨੀ ਅਤੇ ਸੱਸ ਵਲੋਂ ਜਾਂ ਤਾਂ ਜ਼ਹਿਰੀਲਾ ਪਦਾਰਥ ਖੁਆਇਆ ਗਿਆ ਹੈ ਜਾਂ ਫਿਰ ਉਨ੍ਹਾਂ ਤੋਂ ਦੁਖੀ ਹੋ ਕੇ ਉਸ ਨੇ ਜ਼ਹਿਰ ਨਿਗਲ ਲਿਆ। ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਪੁਲਸ ਅਨੁਸਾਰ ਫਿਲਹਾਲ ਕੇਸ ਦਰਜ ਕੀਤਾ ਗਿਆ ਹੈ, ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ, ਜਿਸ ਦੇ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ। ਵਰਣਨਯੋਗ ਹੈ ਕਿ ਡੇਢ ਸਾਲ ਬਾਅਦ ਕਰਣ ਭਾਰਤ ਵਾਪਸ ਆ ਕੇ ਆਪਣੇ ਸਿੱਧਾ ਸਹੁਰੇ ਘਰ ਗਿਆ ਸੀ, 3 ਦਿਨ ਰਹਿਣ ਦੇ ਬਾਅਦ ਆਪਣੇ ਘਰ ਮਾਤਾ-ਪਿਤਾ ਨੂੰ ਮਿਲਣ ਪਤਨੀ ਅਤੇ ਬੇਟੇ ਨਾਲ ਆਇਆ ਸੀ, ਜਿੱਥੇ ਆਉਂਦੇ ਹੀ ਉਸ ਦੀ ਹਾਲਤ ਖਰਾਬ ਹੋ ਗਈ। ਤੁਰੰਤ ਨੇਡ਼ੇ ਦੇ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋਡ਼ ਦਿੱਤਾ।
ਘਰ ਆ ਕੇ ਪਾਣੀ ਵੀ ਨਹੀਂ ਪੀਤਾ ਤੇ ਹਮੇਸ਼ਾ ਲਈ ਚਲਾ ਗਿਆ ਮਾਂ ਬਲਵਿੰਦਰ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਮਾਂ ਨੇ ਦੱਸਿਆ ਕਿ ਬੇਟਾ ਕਰਣ ਜਦ ਘਰ ਆਇਆ ਤਾਂ ਉਹ ਉਸ ਦੇ ਪਿਤਾ ਕਸ਼ਮੀਰ ਸਿੰਘ ਦੇ ਕੱਪਡ਼ੇ ਧੋ ਰਹੀ ਸੀ, ਬੇਟੇ ਨੇ ਕੋਲ ਆ ਕੇ ਕੰਮ ਬਾਅਦ ਵਿਚ ਕਰਨ ਗੱਲ ਕਹੀ ਅਤੇ ਕਮਰੇ ਵਿਚ ਕੋਲ ਆ ਕੇ ਬੈਠਣ ਲਈ ਕਿਹਾ ਪਰ ਮਾਂ ਨੂੰ ਕੀ ਪਤਾ ਸੀ ਕਿ 10 ਮਿੰਟ ਬਾਅਦ ਬੇਟਾ ਢਿੱਡ ’ਚ ਦਰਦ ਹੋਣ ਦੀ ਗੱਲ ਕਹਿਣ ਲੱਗ ਪਵੇਗਾ। ਉਹ ਬਿਨਾਂ ਕੁੱਝ ਸੋਚੇ-ਸਮਝੇ ਉਸ ਨੂੰ ਤੁਰੰਤ ਨੇਡ਼ੇ ਦੇ ਇਕ ਪ੍ਰਾਈਵੇਟ ਹਸਪਤਾਲ ਲੈ ਗਏ। ਮਾਂ ਕਹਿ ਰਹੀ ਸੀ ਕਿ ਉਸ ਨੂੰ ਕੀ ਪਤਾ ਸੀ ਕਿ ਵਿਦੇਸ਼ ਤੋਂ ਘਰ ਆਉਣ ਦੇ ਬਾਅਦ ਬੇਟਾ ਪਾਣੀ ਵੀ ਨਹੀਂ ਪੀਵੇਗਾ ਅਤੇ ਦੁਨੀਆ ਛੱਡ ਕੇ ਹਮੇਸ਼ਾ ਲਈ ਚਲਾ ਜਾਵੇਗਾ। ਮਾਂ ਨੇ ਕਿਹਾ ਕਿ ਉਸ ਦੀ ਬੇਟੇ ਨਾਲ ਫੋਨ ’ਤੇ ਗੱਲ ਵੀ ਹੋਈ ਸੀ ਅਤੇ ਵਾਪਸ ਆਉਣ ਤੋਂ ਰੋਕਿਆ ਸੀ ਪਰ ਉਸ ਨੇ ਗੱਲ ਨਹੀਂ ਮੰਨੀ। ਕਰਣ ਦੇ 2 ਭਰਾ ਅਤੇ 2 ਭੈਣਾਂ ਹਨ।
4 ਸਾਲ ਤੋਂ ਮਾਪਿਆਂ ਕੋਲ ਰਹਿ ਰਹੀ ਨੂੰਹ
ਮਾਂ ਅਨੁਸਾਰ ਨੂੰਹ 4 ਸਾਲ ਪਹਿਲਾਂ ਮਾਪਿਅਾਂ ਘਰ ਗਈ, ਜਿਸ ਦੇ ਬਾਅਦ ਵਾਪਸ ਨਹੀਂ ਆਈ, ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਉਸ ਦੀ ਨੂੰਹ ਨੇ ਆਪਣੀ ਮਾਂ ਦੇ ਨਾਲ ਮਿਲ ਕੇ ਉਸ ਨੂੰ ਜ਼ਹਿਰੀਲਾ ਪਦਾਰਥ ਦਿੱਤਾ ਹੈ।
ਡਾਕਟਰਾਂ ਦੇ ਬੋਰਡ ਨੇ ਕੀਤਾ ਪੋਸਟਮਾਰਟਮ
ਮ੍ਰਿਤਕ ਦਾ ਪੋਸਟਮਾਰਟਮ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਬੋਰਡ ਵਲੋਂ ਕੀਤਾ ਗਿਆ। ਬੋਰਡ ’ਚ ਡਾਕਟਰ ਰੋਹਿਤ ਰਾਮਪਾਲ, ਡਾਕਟਰ ਪੁਨੀਤ ਸਿੱਧੂ ਅਤੇ ਡਾਕਟਰ ਸੀਮਾ ਚੋਪਡ਼ਾ ਸਨ, ਜਿਨ੍ਹਾਂ ਨੇ ਵਿਸਰਾ ਜਾਂਚ ਲਈ ਖਰਡ਼ ਭੇਜਿਆ ਹੈ। ਜਿੱਥੋਂ ਰਿਪੋਰਟ ਆਉਣ ਦੇ ਬਾਅਦ ਹੀ ਮੌਤ ਦਾ ਕਾਰਨ ਸਪੱਸ਼ਟ ਹੋ ਸਕੇਗਾ।
ਨਾਜਾਇਜ਼ ਸਬੰਧ ਹੋਣ ਦਾ ਲਾਇਆ ਦੋਸ਼
ਮ੍ਰਿਤਕ ਦੇ ਭਰਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਇਸ ਮਾਮਲੇ ਵਿਚ ਧਾਰਾ 174 ਦੀ ਕਾਰਵਾਈ ਕਰਵਾਈ ਸੀ ਪਰ ਉਨ੍ਹਾਂ ਦਾ ਦੋੋਸ਼ ਹੈ ਕਿ ਭਰਾ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਦੀ ਪਤਨੀ ਦੇ ਕਿਸੇ ਨਾਲ ਨਾਜਾਇਜ਼ ਸਬੰਧ ਬਣ ਗਏ। ਇਸ ਬਾਰੇ ’ਚ ਸੱਸ ਨੂੰ ਵੀ ਪਤਾ ਸੀ, ਜਿਸ ਕਾਰਨ ਉਸ ਦੇ ਭਰਾ ਨੂੰ ਜਾਨ ਗਵਾਉਣੀ ਪਈ।
