ਮੁੱਖ ਡਾਕਘਰ ’ਚ 27 ਦਿਨਾਂ ਬਾਅਦ ਪਰਤੀਆਂ ਰੌਣਕਾਂ

Thursday, Aug 30, 2018 - 02:42 AM (IST)

ਮੁੱਖ ਡਾਕਘਰ ’ਚ 27 ਦਿਨਾਂ ਬਾਅਦ ਪਰਤੀਆਂ ਰੌਣਕਾਂ

 ਨੂਰਪੁਰਬੇਦੀ, (ਭੰਡਾਰੀ)-  ਬੀਤੇ 4 ਹਫ਼ਤਿਆਂ ਤੋਂ ਠੱਪ ਪਈਆਂ ਸਮੁੱਚੀਆਂ ਸੇਵਾਵਾਂ ਦੇ ਅੱਜ ਬਹਾਲ ਹੋ ਜਾਣ ’ਤੇ 27 ਦਿਨਾਂ ਬਾਅਦ ਮੁਡ਼ ਮੁੱਖ ਡਾਕਘਰ ’ਚ ਰੌਣਕਾਂ ਪਰਤ ਆਈਆਂ ਹਨ। 
ਜ਼ਿਕਰਯੋਗ ਹੈ ਕਿ 3 ਅਗਸਤ ਨੂੰ ਡਾਕਘਰ ਦਾ ਰਾਊਟਰ ਨਾਮੀ ਯੰਤਰ ਸਡ਼ ਜਾਣ ਕਾਰਨ ਡਾਕਘਰ ਦੀਆਂ ਲੈਣ-ਦੇਣ ਸਮੇਤ ਹੋਰ ਸਾਰੀਅਾਂ ਸੇਵਾਵਾਂ ਪ੍ਰਭਾਵਿਤ ਸਨ ਤੇ ਸ਼ਹਿਰ ਤੇ ਆਸ-ਪਾਸ ਦੇ ਕਈ ਪਿੰਡਾਂ ਦੇ ਗਾਹਕਾਂ ਨੂੰ ਇਸ ਅਸੁਵਿਧਾ ਦੇ ਚੱਲਦਿਆਂ ਰੋਜ਼ਾਨਾ ਡਾਕਘਰ ਦੇ ਚੱਕਰ ਲਗਾ ਕੇ ਭਾਰੀ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਸੀ। ਇੱਥੋਂ ਤੱਕ ਕਿ ਅੱਜ ਕਈ ਪਾਲਿਸੀਆਂ ਦੀ ਰਾਸ਼ੀ ਜਮ੍ਹਾ ਕਰਵਾਉਣ ਸਮੇਂ ਗਾਹਕਾਂ ਨੂੰ ਜੁਰਮਾਨਾ ਤੱਕ ਭਰਨਾ ਪਿਆ। ਇਸ ਵਰਤਾਰੇ ਦਾ ਪਤਾ ਚੱਲਣ ’ਤੇ ਇਲਾਕਾ ਸੰਘਰਸ਼ ਕਮੇਟੀ ਨੇ ਗੰਭੀਰ ਨੋਟਿਸ ਲੈਂਦਿਆਂ 29 ਅਗਸਤ ਨੂੰ ਡਾਕਘਰ ਦੇ ਗੇਟ ਮੂਹਰੇ ਰੋਸ ਧਰਨਾ ਲਗਾਉਣ ਦਾ ਐਲਾਨ ਕੀਤਾ ਸੀ। ਸੰਘਰਸ਼ ਕਮੇਟੀ ਦੀ ਘੁਰਕੀ ਦਾ ਇਹ ਅਸਰ ਹੋਇਆ ਕਿ ਜੋ ਯੰਤਰ ਚੇਨਈ ਤੋਂ ਅਜੇ ਆਉਣਾ ਸੀ ਦਾ ਵਿਭਾਗ ਦੇ ਚੰਡੀਗਡ਼੍ਹ ਵਿਖੇ ਤਾਇਨਾਤ ਐੱਸ.ਐੱਸ.ਪੀ. ਵੱਲੋਂ ਕਹਿਣ ’ਤੇ ਕੰਪਨੀ ਦੇ ਕਰਮਚਾਰੀਆਂ ਨੇ ਚੰਡੀਗਡ਼੍ਹ ਤੋਂ ਹੀ ਬੰਦੋਬਸਤ ਕਰ ਕੇ ਦੇਰ ਸ਼ਾਮ ਸਮੁੱਚੀਆਂ ਸੰਚਾਰ ਸੇਵਾਵਾਂ ਬਹਾਲ ਕਰ ਦਿੱਤੀਆਂ, ਜਿਸ ’ਤੇ ਜਨਤਾ ਤੇ ਡਾਕਘਰ ਦੇ ਸਟਾਫ਼ ਨੇ ਸੁੱਖ ਦਾ ਸਾਹ ਲਿਆ।
 ਇਲਾਕਾ ਸੰਘਰਸ਼ ਕਮੇਟੀ ਨੂਰਪੁਰਬੇਦੀ ਦੇ ਪ੍ਰਧਾਨ ਮਾ. ਗੁਰਨੈਬ ਸਿੰਘ ਜੇਤੇਵਾਲ ਤੇ ਸਲਾਹਕਾਰ ਵੇਦ ਪ੍ਰਕਾਸ਼ ਸਸਕੌਰ ਨੇ ਕਿਹਾ ਕਿ ਉਕਤ ਸੇਵਾਵਾਂ ਦੇ ਬਹਾਲ ਹੋ ਜਾਣ ’ਤੇ ਅੱਜ ਦਾ ਧਰਨਾ ਰੱਦ ਕਰ ਦਿੱਤਾ ਗਿਆ ਹੈ। 4 ਹਫ਼ਤਿਆਂ ਬਾਅਦ ਸੇਵਾਵਾਂ ਚਾਲੂ ਹੋਣ ’ਤੇ ਅੱਜ ਡਾਕਖਾਨੇ ’ਚ ਗਾਹਕਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਵੀ ਦੇਖਣ ਨੂੰ ਮਿਲੀਆਂ। ਡਾਕਘਰ ਦੇ ਮੁੱਖ ਪੋਸਟ ਮਾਸਟਰ ਬਲਵੀਰ ਸਿੰਘ ਨੇ ਕਿਹਾ ਕਿ ਅੱਜ ਵਾਧੂ ਸਮਾਂ ਲਗਾ ਕੇ ਗਾਹਕਾਂ ਦੇ ਹਰ ਪ੍ਰਕਾਰ ਦੇ ਰੁਕੇ ਕਾਰਜ ਨਿਪਟਾਉਣਗੇ।    
 


Related News