''ਪੋਸਟ ਮੈਟ੍ਰਿਕ ਸਕੀਮ'' ਨਾਲ ਸਬੰਧਿਤ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ

01/16/2018 12:55:27 PM

ਫਾਜ਼ਿਲਕਾ : ਡਿਪਟੀ  ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮਾਂ ਦਾ ਲਾਹਾ ਲੈਣ ਲਈ ਆਨਲਾਈਨ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਅਨੁਸੂਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਵਰਗ ਨਾਲ ਸਬੰਧਤ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸਫਲ ਰਹੇ ਵਿਦਿਆਰਥੀ ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। 
ਜਾਣਕਾਰੀ ਦਿੰਦਿਆਂ ਜ਼ਿਲਾ ਭਲਾਈ ਅਫਸਰ ਬਰਿੰਦਰ ਸਿੰਘ ਨੇ ਦੱਸਿਆ ਕਿ ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ 'ਤੇ ਐੱਸ. ਸੀ. ਅਤੇ ਓ. ਬੀ. ਸੀ. ਸਕੀਮਾਂ ਤਹਿਤ ਸਕਾਲਰਸ਼ਿਪ ਲੈਣ ਲਈ ਵਿਦਿਆਰਥੀ 22 ਤੋਂ 28 ਜਨਵਰੀ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਐੱਸ. ਸੀ. ਅਤੇ ਓ. ਬੀ. ਸੀ. ਸਕੀਮਾਂ ਦਾ ਲਾਹਾ ਹਾਸਲ ਕਰਨ ਤੋਂ ਵਾਂਝੇ ਰਹੇ ਵਿਦਿਆਰਥੀਆਂ ਲਈ ਪੋਰਟਲ ਦੁਬਾਰਾ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਸੰਸਥਾ ਵੱਲੋਂ 15 ਜਨਵਰੀ ਤੱਕ ਦੀ ਆਪਣੀ ਹਾਜ਼ਰੀ ਸ਼ੀਟ ਸੰਸਥਾ ਦੇ ਮੁਖੀ ਤੋਂ ਤਸਦੀਕ ਕਰਵਾ ਕੇ ਕਾਪੀ ਨੂੰ ਸਕੈਨ ਕਰ ਕੇ ਪੋਰਟਲ 'ਤੇ ਅਪਲੋਡ ਕੀਤੀ ਜਾਵੇ। ਜ਼ਿਲਾ ਭਲਾਈ ਅਫਸਰ ਨੇ ਦੱਸਿਆ ਕਿ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਵੱਲੋਂ (ਸਿਵਾਏ ਐੱਮ. ਬੀ. ਬੀ. ਐੱਸ ਅਤੇ ਬੀ. ਡੀ. ਐੱਸ. ਕੋਰਸਾਂ) ਬੋਰਡ, ਯੂਨੀਵਰਸਿਟੀ ਦਾ ਐਡਮਿਟ ਕਾਰਡ, ਰਜਿਸਟ੍ਰੇਸ਼ਨ ਕਾਰਡ ਜਾਂ ਸਮੈਸਟਰ ਦੇ ਰਿਜ਼ਲਟ ਦੀ ਕਾਪੀ ਸਕੈਨ ਕਰ ਕੇ ਅਪਲੋਡ ਕਰਨੀ ਜ਼ਰੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪੋਰਟਲ ਅਤੇ ਸਕੀਮ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਜ਼ਿਲਾ ਭਲਾਈ ਦਫਤਰ 'ਚ ਪਹੁੰਚ ਕਰ ਕੇ ਵੀ ਸੰਪਰਕ ਕੀਤਾ ਜਾ ਸਕਦਾ ਹੈ।


Related News