ਤਰਨਤਾਰਨ ''ਚ ਕੋਰੋਨਾ ਦੀ ਦਸਤਕ, ਨਾਂਦੇੜ ਸਾਹਿਬ ਤੋਂ ਪਰਤੇ ਜੱਥੇ ''ਚੋਂ 6 ਸ਼ਰਧਾਲੂ ਮਿਲੇ ''ਕੋਰੋਨਾ'' ਪਾਜ਼ੇਟਿਵ
Monday, Apr 27, 2020 - 07:47 PM (IST)
ਅੰਮ੍ਰਿਤਸਰ/ਤਰਨਤਾਰਨ (ਗੁਰਪ੍ਰੀਤ, ਰਮਨ, ਦਿਲਜੀਤ ਸ਼ਰਮਾ) : ਜ਼ਿਲ੍ਹਾ ਤਰਨਤਾਰਨ ਪਿਛਲੇ ਲੰਮੇ ਸਮੇਂ ਤੋਂ ਗ੍ਰੀਨ ਜ਼ੋਨ ਸੂਚੀ 'ਚ ਬਰਕਰਾਰ ਚੱਲ ਰਿਹਾ ਸੀ ਪਰ ਅੱਜ ਇਹ ਚੇਨ ਟੁੱਟ ਗਈ ਹੈ। ਅੱਜ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਸੁਰਸਿੰਘ ਦੇ 6 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸੁਰਸਿੰਘ ਦੇ ਕਰੀਬ 35 ਸ਼ਰਧਾਲੂਆਂ ਦਾ ਜੱਥਾ ਸ਼੍ਰੀ ਹਜ਼ੂਰ ਸਾਹਿਬ ਵਿਖੇ ਦਰਸ਼ਨਾਂ ਲਈ ਗਿਆ ਸੀ, ਜਿਨ੍ਹਾਂ ਨੂੰ ਬੀਤੇ ਸ਼ਨੀਵਾਰ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਵਾਪਸ ਬੁਲਾਇਆ ਗਿਆ ਸੀ।
ਇਹ ਵੀ ਪੜ੍ਹੋ ► ਪਟਿਆਲਾ ਜ਼ਿਲੇ 'ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ, 63 ਸਾਲਾ ਮਹਿਲਾ ਨੇ ਤੋੜਿਆ ਦਮ
ਜਿਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਦੇ ਸੈਂਪਲ ਲੈ ਕੇ ਲੈਬਾਰਟਰੀ ਜਾਂਚ ਲਈ ਭੇਜੇ ਗਏ ਸਨ। ਅੱਜ ਇਨ੍ਹਾਂ 'ਚੋਂ 6 (5 ਪੁਰਸ਼ ਤੇ 1 ਔਰਤ) ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਜਿਸ ਦੀ ਪੁਸ਼ਟੀ ਸਿਵਲ ਸਰਜਨ ਡਾ. ਅਨੁਪ ਕੁਮਾਰ ਵਲੋਂ ਕੀਤੀ ਗਈ ਹੈ। ਇੱਥੇ ਇਹ ਵੀ ਦੱਸ ਦਈਏ ਕਿ ਇਨ੍ਹਾਂ 'ਚੋਂ 5 ਪੁਰਸ਼ ਸੁਰਸਿੰਘ ਪਿੰਡ ਦੇ ਹਨ ਜਦੋਂਕਿ ਇਕ ਔਰਤ ਬਾਸਰਕੇ ਪਿੰਡ ਤੋਂ ਹੈ। ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵੇਲੇ ਪੂਰੇ ਪਿੰਡ ਨੂੰ ਸੀਲ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ ► ਜਲੰਧਰ ਵਾਸੀਆਂ ਲਈ ਰਾਹਤ ਦੀ ਖਬਰ, 236 ਲੋਕਾਂ ਦੀ 'ਕੋਰੋਨਾ' ਰਿਪੋਰਟ ਆਈ ਨੈਗੇਟਿਵ
ਪੰਜਾਬ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 328 ਤੱਕ ਪੁੱਜਾ
ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ 'ਚ ਕੋਰੋਨਾ ਵਾਇਰਸ ਦੇ 78, ਮੋਹਾਲੀ 'ਚ 63, ਪਠਾਨਕੋਟ 'ਚ 25, ਨਵਾਂਸ਼ਹਿਰ 'ਚ 20, ਲੁਧਿਆਣਾ 'ਚ 18, ਅੰਮ੍ਰਿਤਸਰ 'ਚ 14, ਮਾਨਸਾ 'ਚ 13, ਪਟਿਆਲਾ 'ਚ 61, ਹੁਸ਼ਿਆਰਪੁਰ 'ਚ 7, ਮੋਗਾ 'ਚ 4, ਰੋਪੜ 'ਚ 3, ਫਰੀਦਕੋਟ 'ਚ 3, ਸੰਗਰੂਰ 'ਚ 3, ਬਰਨਾਲਾ 'ਚ 2, ਫਗਵਾੜਾ 1, ਕਪੂਰਥਲਾ 2, ਫਤਿਹਗੜ੍ਹ ਸਾਹਿਬ 'ਚ 2, ਮੁਕਤਸਰ 'ਚ 1, ਗੁਰਦਾਸਪੁਰ 'ਚ 1, ਤਰਨਤਾਰਨ 6 ਅਤੇ ਫਿਰੋਜ਼ਪੁਰ 'ਚ 1 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 19 ਲੋਕਾਂ ਦੀ ਮੌਤ ਹੋ ਚੁੱਕੀ ਹੈ।