ਅਸ਼ਲੀਲ ਵੀਡੀਓ ਬਣਾ ਬਲੈਕਮੇਲ ਕਰਨ ਵਾਲੀ ਔਰਤ ਪ੍ਰੇਮੀ ਸਣੇ ਕਾਬੂ
Wednesday, Jun 26, 2019 - 02:21 PM (IST)

ਫਰੀਦਕੋਟ (ਜਗਤਾਰ) - ਫਰੀਦਕੋਟ ਪੁਲਸ ਵਲੋਂ ਔਰਤ ਦੀ ਅਸ਼ਲੀਲ ਵੀਡੀਓ ਬਣਾ ਕੇ ਫਿਰੌਤੀ ਮੰਗਣ ਵਾਲੀ ਇਕ ਔਰਤ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਇਨ੍ਹਾਂ ਦੇ 2 ਸਾਥੀ ਅਜੇ ਵੀ ਫਰਾਰ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਸਿਟੀ ਫਰੀਦਕੋਟ ਦੇ ਰਾਜਬੀਰ ਸਿੰਘ ਨੇ ਕਿਹਾ ਕਿ ਪੀੜਤ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੱਬਲ ਨਾਂ ਦੀ ਇਕ ਔਰਤ ਅਤੇ ਉਸ ਦੇ ਸਾਥੀ ਮਨਪ੍ਰੀਤ ਸਿੰਘ ਨੇ ਉਸ ਨੂੰ ਧੋਖੇ ਨਾਲ ਆਪਣੇ ਘਰ ਬੁਲਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੋਵਾਂ ਨੇ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਡਰਾ-ਧਮਕਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ, ਜਿਸ ਨੂੰ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਉਹ ਉਸ ਤੋਂ ਢਾਈ ਲੱਖ ਰੁਪਏ ਦੀ ਫਿਰੌਤੀ ਮੰਗ ਕਰ ਰਹੇ ਹਨ। ਪੀੜਤ ਔਰਤ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਨ੍ਹਾਂ ਨੇ ਟੀਮ ਬਣਾ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਦਕਿ ਉਨ੍ਹਾਂ ਦੇ 2 ਸਾਥੀ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਪੀੜਤ ਔਰਤ ਦੇ ਬਿਆਨ ਦਰਜ ਕਰਕੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।