''ਪੰਜਾਬ'' ਆਬਾਦੀ ਕੰਟਰੋਲ ''ਚ ਦੂਜੇ ਸੂਬਿਆਂ ਲਈ ਬਣ ਸਕਦੈ ਰੋਲ ਮਾਡਲ

Friday, Jul 12, 2019 - 08:56 AM (IST)

''ਪੰਜਾਬ'' ਆਬਾਦੀ ਕੰਟਰੋਲ ''ਚ ਦੂਜੇ ਸੂਬਿਆਂ ਲਈ ਬਣ ਸਕਦੈ ਰੋਲ ਮਾਡਲ

ਚੰਡੀਗੜ੍ਹ : ਸੂਬੇ ਦੀ ਹਰ ਸਰਕਾਰੀ ਸੰਸਥਾ 'ਚ ਲੋੜੀਂਦੀਆਂ ਦਵਾਈਆਂ ਪੂਰੀਆਂ ਕਰਨਾ ਅਤੇ ਚੰਗੀਆਂ ਸਿਹਤ ਸਹੂਲਤਾਂ ਦੇਣਾ ਮੇਰੀ ਪਹਿਲੀ ਜ਼ਿੰਮੇਵਾਰੀ ਹੈ। ਕੁੱਝ ਥਾਈਂ ਸਰਕਾਰੀ ਡਾਕਟਰ ਪ੍ਰਾਈਵੇਟ ਦੁਕਾਨਾਂ ਤੋਂ ਮਿਲਣ ਵਾਲੀਆਂ ਮਹਿੰਗੀਆਂ ਦਵਾਈਆਂ ਦੀ ਸਿਫ਼ਾਰਸ਼ ਕਰ ਦਿੰਦੇ ਹਨ, ਜੋ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਾਕਟਰਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਸਰਕਾਰੀ ਹਸਪਤਾਲ 'ਚ ਹੀ ਮਿਲਣ ਵਾਲੀਆਂ ਦਵਾਈਆਂ ਲਿਖਣ ਨੂੰ ਤਰਜੀਹ ਦੇਣ।”ਇਹ ਗੱਲ ਸਿਹਤ ਅਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਸ਼ਵ ਆਬਾਦੀ ਦਿਵਸ ਮੌਕੇ ਸਥਾਨਕ ਰਾਜ ਸਿਹਤ ਅਤੇ ਪਰਿਵਾਰ ਭਲਾਈ ਸੰਸਥਾ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ।
ਸਿੱਧੂ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਸਿਹਤ ਸਹੂਲਤਾਂ ਦੇ ਮਾਮਲੇ 'ਚ ਪੰਜਾਬ ਨੂੰ ਇਕ ਨੰਬਰ ਸੂਬਾ ਬਣਾਇਆ ਜਾਵੇ, ਜਿਸ ਦੀ ਪ੍ਰਾਪਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੀ ਤਨਦੇਹੀ ਨਾਲ ਯਤਨ ਕਰ ਰਹੇ ਹਨ। ਆਬਾਦੀ ਕੰਟਰੋਲ ਬਾਰੇ ਗੱਲ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਮਾਮਲੇ 'ਚ ਪੰਜਾਬ ਦੀ ਸਥਿਤੀ ਹੋਰਨਾਂ ਸੂਬਿਆਂ ਨਾਲੋਂ ਕਾਫ਼ੀ ਬਿਹਤਰ ਹੈ। ਸੂਬੇ ਵਿੱਚ ਪਿਛਲੇ ਕੁੱਝ ਸਮੇਂ ਦੌਰਾਨ ਆਬਾਦੀ ਵਧਣ ਦੀ ਰਫ਼ਤਾਰ ਕਾਫ਼ੀ ਮੱਠੀ ਪਈ ਹੈ, ਜਿਸ ਦਾ ਸਿਹਰਾ ਸਿਹਤ ਵਿਭਾਗ ਦੇ ਤਮਾਮ ਮੁਲਾਜ਼ਮਾਂ ਖ਼ਾਸਕਰ ਏਐਨਐਮਜ਼ ਅਤੇ ਆਸ਼ਾ ਵਰਕਰਾਂ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਬਾਦੀ ਦਾ ਬੋਝ ਸਾਰੀ ਧਰਤੀ ਉਤੇ ਹੈ, ਇਸ ਲਈ ਜੇ ਅਸੀਂ ਹੋਰ ਜ਼ਿਆਦਾ ਲਗਨ ਅਤੇ ਮਿਹਨਤ ਨਾਲ ਯਤਨ ਕਰੀਏ ਤਾਂ ਸਾਡਾ ਸੂਬਾ ਹੋਰਾਂ ਲਈ ਰੋਲ ਮਾਡਲ ਬਣ ਸਕਦਾ ਹੈ।


author

Babita

Content Editor

Related News