ਘੋਨੇ ਪੁਲ ਦੀ ਖਸਤਾ ਹਾਲਤ ਕਾਰਨ ਕਿਸੇ ਵੀ ਸਮੇਂ ਵਾਪਰ ਸਕਦਾ ਹੈ ਅਣਸੁਖਾਵਾਂ ਹਾਦਸਾ

04/23/2018 2:40:34 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ, ਪਵਨ ਤਨੇਜਾ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਨਹਿਰਾਂ, ਡਰੇਨਾਂ ਅਤੇ ਰਜਬਾਹਿਆਂ ਦੇ ਪੁਲ ਅਜਿਹੇ ਹਨ, ਜਿਨਾਂ ਦੇ ਦੋਵੇਂ ਪਾਸੇ ਘੋਨੇ ਹਨ ਅਤੇ ਪਾਸਿਆਂ 'ਤੇ ਲੋਹੇ ਦੀਆਂ ਗਰਿੱਲਾਂ ਆਦਿ ਨਹੀਂ ਲੱਗੀਆਂ ਹੋਈਆਂ ਅਤੇ ਨਾ ਹੀ ਇੱਟਾਂ ਨਾਲ ਉੱਚੀਆਂ ਕੰਧਾਂ ਕੱਢ ਦਿੱਤੀਆਂ ਹਨ। ਅਜਿਹੇ ਘੋਨੇ ਪੁਲ ਬੇਹੱਦ ਖਤਰਨਾਕ ਸਾਬਤ ਹੋ ਰਹੇ ਹਨ ਤੇ ਅਜਿਹੀਆਂ ਥਾਵਾਂ 'ਤੇ ਹਾਦਸੇ ਵਾਪਰ ਰਹੇ ਹਨ ਪਰ ਇਸ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਦਾ ਅਜਿਹੇ ਪੁਲਾਂ ਵੱਲ ਧਿਆਨ ਨਹੀਂ ਹੈ ਤੇ ਇਨ੍ਹਾਂ ਥਾਵਾਂ ਨੂੰ ਸਰਕਾਰ ਵੱਲੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ। 

ਹਾਦਸੇ ਵਾਪਰਨ ਤੋਂ ਬਾਅਦ ਦਿੱਤਾ ਜਾਂਦੈ ਧਿਆਨ
ਸ਼ੁਰੂ ਤੋਂ ਹੀ ਸਮੇਂ ਦੀਆਂ ਸਰਕਾਰਾਂ ਦੀ ਇਹ ਰਵਾਇਤ ਹੈ ਕਿ ਜਦੋਂ ਵੀ ਕਿਤੇ ਕੋਈ ਵੱਡਾ ਹਾਦਸਾ ਅਜਿਹੇ ਪੁਲਾਂ 'ਤੇ ਵਾਪਰਦਾ ਹੈ ਤਾਂ ਫਿਰ ਹੀ ਉਸ ਪਾਸੇ ਧਿਆਨ ਦਿੱਤਾ ਜਾਂਦਾ ਹੈ, ਜਦਕਿ ਉਸ ਤੋਂ ਪਹਿਲਾਂ ਕੋਈ ਜਿੰਨਾ ਮਰਜ਼ੀ ਰੌਲਾ ਪਾਈ ਜਾਵੇ, ਉਸ ਨੂੰ ਅਣਗੌਲਿਆਂ ਹੀ ਕੀਤਾ ਜਾਂਦਾ ਹੈ। 
ਡਰੇਨ ਦੇ ਪੁਲ ਦੇ ਕੰਢਿਆਂ 'ਤੇ ਗਰਿੱਲਾਂ ਲਾਈਆਂ ਜਾਣ 
ਪਿੰਡ ਰਾਮਗੜ੍ਹ ਚੂੰਘਾਂ ਤੋਂ ਜਾਨੀਸਰ ਜਾਣ ਵਾਲੇ ਰਸਤੇ 'ਤੇ ਜੋ ਡਰੇਨ ਦਾ ਪੁਲ ਆਉਂਦਾ ਹੈ, ਉਹ ਪੁਲ ਲੋਕਾਂ ਲਈ ਖਤਰਾ ਬਣਿਆ ਹੋਇਆ ਹੈ। ਇਸ ਪੁਲ ਤੋਂ ਸਕੂਲੀ ਵੈਨਾਂ, ਟਰੈਕਟਰ-ਟਰਾਲੀਆਂ, ਕਾਰਾਂ, ਜੀਪਾਂ ਅਤੇ ਹੋਰ ਵਾਹਨ ਲੰਘਦੇ ਹਨ ਅਤੇ ਇਸ ਪੁਲ ਦੇ ਕੰਢਿਆਂ 'ਤੇ ਗਰਿੱਲਾ ਨਾ ਲੱਗੀਆਂ ਹੋਣ ਕਰ ਕੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਇਸ ਘੋਨੇ ਪੁਲ ਦੇ ਕੰਢਿਆਂ 'ਤੇ ਲੋਹੇ ਦੀਆਂ ਗਰਿੱਲਾਂ ਲਾਈਆਂ ਜਾਣ। 
ਖਤਰਨਾਕ ਹੈ ਨਹਿਰ ਦਾ ਪੁੱਲ
ਪਿੰਡ ਜਵਾਹਰੇਵਾਲਾ ਤੋਂ ਖੱਪਿਆਂਵਾਲੀ ਨੂੰ ਜਾਣ ਵਾਲੀ ਲਿੰਕ ਸੜਕ 'ਤੇ ਪੈਂਦੀ ਕੱਚੀ ਨਹਿਰ ਦਾ ਪੁਲ ਬੇਹੱਦ ਖਤਰਨਾਕ ਹੈ ਅਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਲਈ ਇਹ ਖਤਰਾ ਬਣਿਆ ਹੋਇਆ ਹੈ ਅਤੇ ਕਿਸੇ ਸਮੇਂ ਵੀ ਇਸ ਪੁਲ 'ਤੇ ਵੱਡਾ ਹਾਦਸਾ ਵਾਪਰ ਸਕਦਾ ਹੈ ਕਿਉਂਕਿ ਇਹ ਪੁਲ ਆਪਣੀ ਮਿਆਦ ਪੁਗਾ ਚੁੱਕਾ ਹੈ ਤੇ ਬਿਲਕੁਲ ਖਸਤਾ ਹੋਇਆ ਪਿਆ ਹੈ। ਬਹੁਤ ਹੀ ਤੰਗ ਇਸ ਪੁਲ ਦੇ ਦੋਵੇਂ ਪਾਸੇ ਘੋਨੇ ਪਏ ਹਨ। ਥੱਲਿਓਂ ਵੀ ਪੁਲ ਟੁੱਟ ਰਿਹਾ ਹੈ ਪਰ ਫਿਰ ਵੀ ਮਜਬੂਰੀਵੱਸ ਇਸ ਉੱਪਰੋਂ ਲੋਕਾਂ ਨੂੰ ਲੰਘਣਾ ਪੈਂਦਾ ਹੈ। 
ਅਨੇਕਾਂ ਹੋਰ ਪੁਲ ਹਨ ਘੋਨੇ
ਇਸੇ ਤਰ੍ਹਾਂ ਪਿੰਡ ਭੰਗਚੜ੍ਹੀ ਤੋਂ ਗੋਨਿਆਣਾ ਨੂੰ ਆਉਣ ਵਾਲੀ ਲਿੰਕ ਸੜਕ 'ਤੇ ਪੈਂਦੀ ਚੰਦ ਭਾਨ ਡਰੇਨ ਦਾ ਪੁਲ, ਜੋ ਬਹੁਤ ਲੰਮਾ ਹੈ, ਉਹ ਵੀ ਕੰਢਿਆਂ ਤੋਂ ਘੋਨਾ ਹੀ ਹੈ ਅਤੇ ਗਰਿੱਲਾਂ ਨਹੀਂ ਲਾਈਆਂ ਗਈਆਂ, ਜਦਕਿ ਇਹ ਪੁਲ ਸਰਕਾਰ ਨੇ ਨਵਾਂ ਬਣਾਇਆ ਸੀ। ਪਿੰਡ ਚੌਤਰਾਂ ਨੇੜੇ ਰਜਬਾਹੇ ਦਾ ਪੁਲ ਵੀ ਬੇਹੱਦ ਖਤਰਨਾਕ ਹੈ ਅਤੇ ਮੋੜ 'ਤੇ ਪੈਂਦਾ ਇਹ ਪੁਲ ਬਿਲਕੁਲ ਘੋਨਾ ਹੈ। 
ਸਰਕਾਰ ਦੇਵੇ ਧਿਆਨ
ਜ਼ਿਕਰਯੋਗ ਹੈ ਕਿ ਨਹਿਰਾਂ, ਡਰੇਨਾਂ ਅਤੇ ਰਜਬਾਹਿਆਂ ਦੇ ਇਨ੍ਹਾਂ ਘੋਨੇ ਪੁਲਾਂ ਵੱਲ ਸਰਕਾਰ ਦੀ ਨਜ਼ਰ ਹੀ ਨਹੀਂ ਪੈ ਰਹੀ, ਜਦਕਿ ਇਹ ਖਤਰਨਾਕ ਪੁਲ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਸਬੰਧਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਦੋਵੇਂ ਅੱਖਾਂ ਮੀਚੀ ਬੈਠੇ ਹਨ।


Related News