ਰਾਤ ਸਮੇਂ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ, ਇਕ ਬੱਚਾ ਜ਼ਖਮੀ
Monday, Jun 18, 2018 - 02:43 AM (IST)

ਹੰਬੜਾਂ, (ਸਤਨਾਮ)- ਸਥਾਨਕ ਕਸਬੇ ਦੇ ਅੰਦਰ ਬੀਤੀ ਰਾਤ ਅਚਾਨਕ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ, ਜਿਸ ਨਾਲ ਸੁੱਤੇ ਪਏ ਇਕ ਬੱਚੇ ਦੇ ਸੱਟਾਂ ਲੱਗ ਗਈਆਂ।
ਜਾਣਕਾਰੀ ਅਨੁਸਾਰ ਬੀਤੀ ਰਾਤ ਤੇਜ਼ ਮੀਂਹ ਤੇ ਹਨੇਰੀ ਕਾਰਨ ਹੰਬੜਾਂ ਦੇ ਗੁਰਦੁਆਰਾ ਸ੍ਰੀ ਗੁਰੁ ਰਵਿਦਾਸ ਜੀ ਨੇੜੇ ਰਹਿੰਦੇ ਤਰਸੇਮ ਸਿੰਘ ਪੁੱਤਰ ਅਨੋਖ ਸਿੰਘ ਦੇ ਘਰ ਦੀ ਛੱਤ ਡਿੱਗ ਗਈ, ਜਿਸ ਨਾਲ ਕਮਰੇ ਵਿਚ ਸੁੱਤੇ ਦੋ ਲੜਕਿਆਂ 'ਚੋਂ ਬਲਵਿੰਦਰ ਸਿੰਘ (10) ਦੇ ਸਿਰ 'ਤੇ ਸੱਟਾਂ ਲੱਗ ਗਈਆਂ। ਗੁਆਂਢੀਆਂ ਨੇ ਤੁਰੰਤ ਉਸ ਨੂੰ ਹੰਬੜਾਂ ਦੇ ਹਸਪਤਾਲ ਭਰਤੀ ਕਰਵਾਇਆ।
ਇਸ ਸਮੇਂ ਪਿੰਡ ਵਾਸੀਆਂ ਨੇ ਦੱਸਿਆ ਕਿ ਗਰੀਬ ਪਰਿਵਾਰ ਦੇ ਦੂਜੇ ਕਮਰੇ ਵਿਚ ਵੀ ਤਰੇੜਾਂ ਆ ਗਈਆਂ ਹਨ, ਉਸ ਦੇ ਬਾਲੇ ਵੀ ਟੁੱਟ ਗਏ ਹਨ ਤੇ ਇਹ ਕਿਸੇ ਸਮੇਂ ਵੀ ਡਿੱਗ ਸਕਦੇ ਹਨ। ਇਸ ਸਮੇਂ ਪਿੰਡ ਵਾਸੀਆਂ ਨੇ ਮਲਬੇ ਥੱਲੇ ਆਇਆ ਸਾਮਾਨ, ਜੋ ਕਿ ਬੁਰੀ ਤਰ੍ਹਾਂ ਟੁੱਟ ਗਿਆ ਸੀ, ਨੂੰ ਬਾਹਰ ਕੱਢਿਆ। ਲੋਕਾਂ ਨੇ ਪੰਜਾਬ ਸਰਕਾਰ ਤੇ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਅਪੀਲ ਕੀਤੀ ਕਿ ਗਰੀਬ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।