ਗਰੀਬ ਦੇ ਮਕਾਨ ਦੀ ਛੱਤ ਡਿੱਗਣ ਕਾਰਨ 1 ਬੱਚੇ ਦੀ ਮੌਤ,ਦੂਜੇ ਦੇ ਇਲਾਜ ਲਈ ਨਹੀਂ ਹਨ ਪੈਸੇ
Wednesday, Jul 15, 2020 - 06:07 PM (IST)
ਅਬੋਹਰ (ਸੁਨੀਲ): ਬੀਤੇ ਦੋ ਦਿਨਾਂ 'ਚ ਹੋਈ ਭਾਰੀ ਬਾਰਿਸ਼ ਲੋਕਾਂ ਲਈ ਮੁਸੀਬਤ ਲੈ ਕੇ ਆਈ ਹੈ। ਕਈ ਥਾਈ ਘਰਾਂ ਦੀਆਂ ਛੱਤਾਂ ਡਿੱਗ ਜਾਣ ਕਾਰਣ ਲੋਕਾਂ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਿਆ ਹੈ ਅਤੇ ਕਈ ਲੋਕ ਫੱਟੜ ਵੀ ਹੋਏ ਹਨ। ਅੱਜ ਸਵੇਰੇ ਇਕ ਦਰਦਨਾਕ ਹਾਦਸਾ ਉਸ ਸਮੇਂ ਹੋਇਆ ਜਦ ਸਥਾਨਕ ਅਜੀਤ ਨਗਰ 'ਚ ਅਚਾਨਕ ਇਕ ਘਰ ਦੀ ਛੱਤ ਡਿੱਗ ਪਈ ਅਤੇ ਉਸ 'ਚ ਦੋ ਮਾਸੂਮ ਭੈਣ-ਭਰਾ ਦਬ ਗਏ, ਜਿਸ 'ਚ ਭੈਣ ਦੀ ਮੌਤ ਹੋ ਗਈ ਅਤੇ ਭਰਾ ਗੰਭੀਰ ਰੂਪ ਤੋਂ ਫੱਟੜ ਹੋ ਗਿਆ। ਜਿਸ ਨਾਲ ਅਜੀਤਨਗਰ 'ਚ ਸੋਗ ਦੀ ਲਹਿਰ ਫੈਲ ਗਈ ਅਤੇ ਘਰ 'ਚ ਪਰਿਵਾਰ ਵਾਲਿਆਂ ਦਾ ਦੁੱਖ ਸਾਂਝਾ ਕਰਨ ਵਾਲਿਆਂ ਦੀ ਭੀੜ ਜਮ੍ਹਾ ਹੋ ਗਈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਅਜੀਤ ਨਗਰ ਵਾਸੀ ਸੁਨੀਲ ਡੋਡਾ ਦੇ ਪੁੱਤਰ ਵੰਸ਼ ਡੋਡਾ 7 ਸਾਲਾ ਅਤੇ ਪੁੱਤਰੀ ਰਜਨੀ ਡੋਡਾ 5 ਸਾਲਾ ਦੋਵੇਂ ਭਰਾ-ਭੈਣ ਸਵੇਰੇ ਚੱਪਲ ਲੈਣ ਲਈ ਕਮਰੇ 'ਚ ਗਏ। ਇੰਨੇ 'ਚ ਬਾਰਿਸ਼ 'ਚ ਕਮਜ਼ੋਰ ਹੋਈ ਛੱਤ ਹੇਠਾਂ ਡਿੱਗ ਪਈ ਅਤੇ ਦੋਵੇਂ ਭਰਾ-ਭੈਣ ਉਸ 'ਚ ਦੱਬ ਗਏ। ਚੀਕਾਂ ਸੁਣਨ ਬਾਅਦ ਨੇੜੇ-ਤੇੜੇ ਦੇ ਲੋਕਾਂ ਨੇ ਉਨ੍ਹਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ। ਜਦ ਤੱਕ ਮਾਸੂਮ ਰਜਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਵੰਸ਼ ਡੋਡਾ ਗੰਭੀਰ ਰੂਪ ਤੋਂ ਫੱਟੜ ਹੋ ਗਿਆ ਸੀ। ਜਿਸਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਾਦਸੇ ਦਾ ਦੁਖਦ ਪਹਿਲੂ ਇਹ ਹੈ ਕਿ ਸੁਨੀਲ ਡੋਡਾ ਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਹੈ ਕਿ ਡਾਕਟਰਾਂ ਵਲੋਂ ਉਸਦੇ ਬੱਚੇ ਨੂੰ ਰੈਫਰ ਕੀਤੇ ਜਾਣ 'ਤੇ ਉਸਦੇ ਕੋਲ ਇੰਨੇ ਵੀ ਪੈਸੇ ਨਹੀਂ ਸੀ ਕਿ ਉਹ ਉਸਨੂੰ ਕਿਥੇ ਬਾਹਰ ਲੈ ਜਾ ਸਕੇ।
ਇਹ ਵੀ ਪੜ੍ਹੋ: ਗਲੀ 'ਚ ਖੇਡ ਰਹੇ ਬੱਚੇ ਨੂੰ ਕੁੱਤੇ ਨੇ ਨੋਚ-ਨੋਚ ਕੇ ਖਾਧਾ, ਮੂੰਹ 'ਤੇ ਲੱਗੇ 26 ਟਾਂਕੇ
ਮੌਕੇ 'ਤੇ ਮੌਜੂਦ ਸਰਪੰਚ ਬਾਬੂ ਰਾਮ ਅਤੇ ਸਾਬਕਾ ਸਰਪੰਚ ਸੋਨੂੰ ਨੇ ਦੱਸਿਆ ਕਿ ਸੁਨੀਲ ਡੋਡਾ ਮਿਹਨਤ-ਮਜ਼ਦੂਰੀ ਕਰ ਕੇ ਆਪਣੀ ਪਤਨੀ, ਮਾਤਾ ਅਤੇ ਬੱਚਿਆਂ ਦਾ ਮੁਸ਼ਕਲ ਨਾਲ ਗੁਜਾਰਾ ਕਰ ਰਿਹਾ ਸੀ। ਬੱਚੀ ਦੀ ਮੌਤ ਬਾਅਦ ਪਰਿਵਾਰ ਗਹਿਰੇ ਸਦਮੇ 'ਚ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਦੇ ਬੇਟੇ ਦਾ ਠੀਕ ਢੰਗ ਨਾਲ ਇਲਾਜ ਕਰਵਾਉਣ ਅਤੇ ਉਸ ਨੂੰ ਮੁਆਵਜ਼ਾ ਦਵੇ, ਤਾਂ ਕਿ ਉਹ ਆਪਣਾ ਮਕਾਨ ਦੋਬਾਰਾ ਬਣਾ ਸਕੇ।ਜਦ ਇਸ ਗੱਲ ਦੀ ਸੂਚਨਾ ਉਪਮੰਡਲ ਅਧਿਕਾਰੀ ਜਸਪਾਲ ਸਿੰਘ ਬਰਾੜ ਨੂੰ ਮਿਲੀ ਤਾਂ ਉਨ੍ਹਾਂ ਨੇ ਜਲਦ ਪ੍ਰਾਈਵੇਟ ਐਂਬੂਲੈਂਸ ਤੋਂ ਵੰਸ਼ ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਪਹੁੰਚਾਇਆ ਅਤੇ ਉਥੇ ਗੱਲਬਾਤ ਕਰ ਉਸਦਾ ਇਲਾਜ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਬੱਚੇ ਦੇ ਇਲਾਜ 'ਚ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਹ ਹਾਦਸੇ ਦੀ ਪੂਰੀ ਰਿਪੋਰਟ ਤਿਆਰ ਕਰ ਕੇ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਕੋਲ ਭੇਜਣਗੇ, ਤਾਂ ਕਿ ਪਰਿਵਾਰ ਨੂੰ ਉੱਚਿਤ ਮੁਆਵਜ਼ਾ ਮਿਲ ਸਕੇ। ਸੁਨੀਲ ਕੁਮਾਰ ਹੀ ਨਹੀਂ ਪਿਛਲੇ ਦਿਨਾਂ ਜਿਨ੍ਹਾਂ ਪਰਿਵਾਰਾਂ ਦਾ ਵੀ ਨੁਕਸਾਨ ਹੋਇਆ ਹੈ ਉਨ੍ਹਾਂ ਸਾਰੀਆਂ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਤਾਂ ਕਿ ਇਨ੍ਹਾਂ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਇਆ ਜਾ ਸਕੇ।
ਇਹ ਵੀ ਪੜ੍ਹੋ: ਜ਼ਿਲ੍ਹਾ ਬਰਨਾਲਾ 'ਚ ਮੁੜ ਤੋਂ ਆਪਣੀ ਸਰਦਾਰੀ ਕਾਇਮ ਕਰਨ ਲਈ ਹੁਣੇ ਤੋਂ ਯਤਨਸ਼ੀਲ ਹੋਇਆ ਸ਼੍ਰੋਮਣੀ ਅਕਾਲੀ ਦਲ
ਪਰਿਵਾਰ ਦੀ ਪ੍ਰਸ਼ਾਸਨ ਅਤੇ ਸਰਕਾਰ ਹਰ ਸੰਭਵ ਸਹਾਇਤਾ ਕਰੇਗੀ : ਸੰਦੀਪ ਜਾਖੜ
ਇਸ ਘਟਨਾ ਦੀ ਜਾਣਕਾਰੀ ਜਿਵੇਂ ਹੀ ਨਗਰ ਕਾਂਗਰਸ ਮੁਖੀ ਸੰਦੀਪ ਜਾਖੜ ਨੂੰ ਮਿਲੀ ਉਨ੍ਹਾਂ ਨੇ ਇਸ ਦੁਖਦ ਘਟਨਾ ਤੇ ਗਹਿਰਾ ਦੁੱਖ ਜਤਾਇਆ ਅਤੇ ਜਲਦ ਸਿਵਲ ਹਸਪਤਾਲ ਦੇ ਸਟਾਫ ਨਾਲ ਗੱਲਬਾਤ ਕੀਤੀ ਅਤੇ ਵੰਸ਼ ਦੇ ਬਾਰੇ 'ਚ ਪੂਰਾ ਹਾਲ-ਚਾਲ ਜਾਣਿਆ। ਉਨ੍ਹਾਂ ਨੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਜਾਖੜ ਨੇ ਮੌਕੇ 'ਤੇ ਮੌਜੂਦ ਸਰਪੰਚ ਤੋਂ ਪਰਿਵਾਰ ਦੀ ਰਿਪੋਰਟ ਤਿਆਰ ਕਰ ਸੌਂਪਣ ਨੂੰ ਕਿਹਾ ਤਾਕਿਸਰਕਾਰ ਤੋਂ ਮੁਆਵਜ਼ਾ ਅਤੇ ਹਰ ਸੰਭਵ ਸਹਿਯੋਗ ਲਿਆ ਜਾ ਸਕੇ।
ਵਿਧਾਇਕ ਨਾਰੰਗ ਨੇ ਵੀ ਬੱਚੀ ਦੀ ਮੌਤ 'ਤੇ ਜਤਾਇਆ ਦੁੱਖ
ਸਥਾਨਕ ਵਿਧਾਇਕ ਆਰੁਣ ਨਾਰੰਗ ਨੇ ਅਜੀਤ ਨਗਰ 'ਚ ਹੋਏ ਹਾਦਸੇ 'ਚ ਬੱਚੀ ਦੀ ਮੌਤ 'ਤੇ ਗਹਿਰਾ ਸੋਗ ਪ੍ਰਗਟ ਕੀਤਾ ਹੈ। ਨਾਰੰਗ ਨੇ ਕਿਹਾ ਕਿ ਅਜੀਤਨਗਰ ਹੀ ਨਹੀਂ ਸ਼ਹਿਰ 'ਚ ਕਈ ਥਾਈ ਮਕਾਨ ਡਿੱਗੇ ਹਨ ਅਤੇ 4-5 ਲੋਕ ਫੱਟੜ ਵੀ ਹੋਏ ਸੀ। ਇੰਨਾ ਹੀ ਨਹੀਂ ਕਈ ਲੋਕ ਬਾਰਿਸ਼ ਕਾਰਣ ਬੇਘਰ ਹੋ ਗਏ। ਸ਼ਹਿਰ ਦੇ ਹੇਠਲਾਂ ਖੇਤਰਾਂ 'ਚ ਅਜੇ ਤੱਕ ਗਲੀਆਂ ਅਤੇ ਘਰਾਂ 'ਚ ਪਾਣੀ ਖੜ੍ਹਾ ਹੈ। ਜਿਸ ਨਾਲ ਮਕਾਨ ਕਮਜ਼ੋਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜਿਵੇਂ ਧੁੱਪ ਨਿਕਲੇਗੀ ਮਕਾਨਾਂ ਦੇ ਡਿੱਗਣ ਦਾ ਖਤਰਾ ਵੱਧ ਜਾਵੇਗਾ। ਨਗਰ ਨਿਗਮ ਦੇ ਅਧਿਕਾਰੀ ਆਪਣੇ ਦਫਤਰਾਂ ਤੋਂ ਬਾਹਰ ਨਿਕਲਣ ਅਤੇ ਬਾਰਿਸ਼ 'ਚ ਟੁੱਟੇ ਹੋਏ ਮਕਾਨਾਂ ਦਾ ਸਰਵੇ ਕਰਨ, ਤਾਂ ਕਿ ਗਰੀਬ ਲੋਕਾਂ ਨੂੰ ਮੁਆਵਜ਼ਾ ਮਿਲ ਸਕੇ।