ਹੁਣ ਹੁਸ਼ਿਆਰਪੁਰ, ਤਲਵਾੜਾ, ਦਸੂਹਾ, ਮੁਕੇਰੀਆਂ 'ਚ ਹੜ੍ਹ ਦਾ ਖਤਰਾ

09/03/2019 11:09:35 AM

ਹੁਸ਼ਿਆਰਪੁਰ— ਭਾਖੜਾ ਡੈਮ ਤੋਂ ਬਾਅਦ ਹੁਣ ਪੌਂਗ ਡੈਮ ਤੋਂ ਸੰਕਟ ਮੰਡਰਾਉਣ ਲੱਗ ਗਿਆ ਹੈ। ਕਸਬਾ ਤਲਵਾੜਾ ਨੇੜੇ ਪੈਂਦੇ ਪੌਂਗ ਡੈਮ ਦੀ ਝੀਲ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੱਕ 1386 ਫੁੱਟ ਭਰ ਚੁੱਕਾ ਹੈ। ਪੌਂਗ ਡੈਮ ਦੇ ਜਲ ਪੱਧਰ ਦੀ ਜ਼ਿਆਦਾਤਰ ਸਮਰਥਾ 1387 ਫੁੱਟ ਹੈ। ਇਸ ਨੂੰ ਧਿਆਨ ’ਚ ਰੱਖਦੇ ਹੋਏ ਬੀ. ਬੀ. ਐੱਮ. ਬੀ. ਅਤੇ ਹਿਮਾਚਲ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਸਮੇਂ ਰੋਜ਼ਾਨਾ 30 ਹਜ਼ਾਰ ਕਿਊਸਿਕ ਪਾਣੀ ਬੰਨ੍ਹ ’ਚ ਆ ਰਿਹਾ ਹੈ ਅਤੇ ਆਮਤੌਰ ’ਤੇ ਡੈਮ ’ਚੋਂ 12 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਂਦਾ ਹੈ। ਦੱਸ ਦੇਈਏ ਕਿ ਦੋ ਦਿਨਾਂ ’ਚ ਪੌਂਗ ਡੈਮ ’ਚੋਂ ਇਕੱਠਾ 26 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਸਕਦਾ ਹੈ। ਪਾਣੀ ਛੱਡਣ ਦੇ ਨਾਲ ਪੰਜਾਬ ਦੇ ਤਲਵਾੜਾ, ਮੁਕੇਰੀਆਂ, ਦਸੂਹਾ, ਮੰਦ ਸਮੇਤ ਗੁਰਦਾਸਪੁਰ ਦੇ ਇਲਾਕਿਆਂ ਤੱਕ ਇਸ ਦਾ ਪ੍ਰਭਾਵ ਪੈ ਸਕਦਾ ਹੈ। ਇਥੇ ਦੱਸਣਯੋਗ ਹੈ ਕਿ 2 ਸਤੰਬਰ 2018 ਨੂੰ ਪੌਂਗ ਡੈਮ ਦੀ ਝੀਲ ’ਚ 1372.07 ਫੁੱਟ ਪਾਣੀ ਸੀ। 

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਬੀ. ਬੀ. ਐੱਮ. ਬੀ. ਦੇ ਉੱਚ ਅਧਿਕਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਪੌਂਗ ਡੈਮ ਝੀਲ ’ਚ ਵਧ ਰਹੇ ਪਾਣੀ ਨੂੰ ਲੈ ਕੇ ਹੋਈ, ਜਿਸ ਵਿਚ ਵਿਚਾਰ ਕੀਤਾ ਗਿਆ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਹਿਮਾਚਲ ਵਿਖੇ ਭਾਰੀ ਬਾਰਿਸ਼ ਪੈਂਦੀ ਹੈ ਤਾਂ ਪੌਂਗ ਡੈਮ ਝੀਲ ’ਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਸ਼ਾਹ ਨਹਿਰ ਬੈਰਾਜ ਰਾਹੀਂ ਪਾਣੀ ਛੱਡਿਆ ਜਾ ਸਕਦਾ ਹੈ। ਫਿਲਹਾਲ ਪਾਣੀ ਛੱਡੇ ਜਾਣ ਦੀ ਕੋਈ ਸੰਭਾਵਨਾ ਨਹੀਂ, ਫਿਰ ਵੀ ਦਰਿਆ ਕੰਢੇ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।ਐੱਸ. ਡੀ. ਐੱਮ. ਮੁਕੇਰੀਆਂ ਆਦਿੱਤਿਆ ਉੱਪਲ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਹਡ਼੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਸੈਕਟਰ ਅਫਸਰ ਨਿਯੁਕਤ ਕੀਤੇ ਗਏ ਹਨ, ਜੋ ਇਲਾਕੇ ’ਚ ਪੂਰੀ ਤਰ੍ਹਾਂ ਚੌਕਸੀ ਬਣਾਈ ਰੱਖਣਗੇ।


shivani attri

Content Editor

Related News