ਪ੍ਰਦੂਸ਼ਣ ਸਮੱਸਿਆ ਗੰਭੀਰ, ਪਾਬੰਦੀ ਦੇ ਹੁਕਮਾਂ ਦੀ ਹੋ ਰਹੀ ਅਣਦੇਖੀ

11/20/2017 6:34:18 AM

ਗੁਰਦਾਸਪੁਰ, (ਵਿਨੋਦ)- ਪ੍ਰਦੂਸ਼ਣ ਸਮੱਸਿਆ ਦਿਨ ਪ੍ਰਤੀਦਿਨ ਏਨੀ ਗੰਭੀਰ ਹੁੰਦੀ ਜਾ ਰਹੀ ਹੈ ਕਿ ਇਸ ਨਾਲ ਹੁਣ ਮਨੁੱਖ ਸਮੇਤ ਹਰ ਜੀਵ ਜੰਤੂ ਪ੍ਰਭਾਵਿਤ ਹੋ ਰਿਹਾ ਹੈ। ਅੱਜ ਕੱਲ ਤਾਂ ਪ੍ਰਦੂਸ਼ਣ ਸਮੱਸਿਆ ਦੀ ਹੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਦਿੱਲੀ ਦੀ ਪ੍ਰਦੂਸ਼ਣ ਸਮੱਸਿਆ ਨੇ ਤਾਂ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਵਾਤਾਵਰਣ ਨੂੰ ਹੋਰ ਦੂਸ਼ਿਤ ਹੋਣ ਤੋਂ ਬਚਾਉਣ ਲਈ ਵਿਸ਼ਵ ਭਰ ਵਿਚ ਕਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਤੇ ਤਜਰਬੇ ਚਲ ਰਹੇ ਹਨ। ਭਾਰਤ ਵੀ ਇਸ ਸਮੱਸਿਆ ਤੋਂ ਬਚਿਆ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਵੀ ਸਮੇਂ-ਸਮੇਂ 'ਤੇ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਪ੍ਰਦੂਸ਼ਣ ਬੋਰਡ ਪੰਜਾਬ ਨੂੰ ਕਈ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਹਨ। ਇਹ ਦਿਸ਼ਾ-ਨਿਰਦੇਸ਼ ਅੱਗੇ ਅਧਿਕਾਰੀਆਂ ਨੂੰ ਦਿੱਤੇ ਜਾ ਰਹੇ ਹਨ। ਅਧਿਕਾਰੀ ਵੀ ਆਪਣੇ ਪੱਧਰ 'ਤੇ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਉਣ ਦੇ ਦਾਅਵੇ ਕਰਦੇ ਆ ਰਹੇ ਹਨ ਪਰ ਇਸ ਦੇ ਬਾਵਜੂਦ ਪੰਜਾਬ ਵਿਚ ਇਹ ਸਮੱਸਿਆ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ।   
ਕੀ ਹੈ ਹਵਾ, ਪਾਣੀ ਤੇ ਆਵਾਜ਼ ਪ੍ਰਦੂਸ਼ਣ 
ਸਮੇਂ ਦੇ ਨਾਲ ਪੰਜਾਬ ਵਿਚ ਵਾਹਨਾਂ, ਉਦਯੋਗਿਕ ਇਕਾਈਆਂ, ਇੱਟਾਂ ਦੇ ਭੱਠਿਆਂ, ਸਟੋਨ ਕ੍ਰੈਸ਼ਰਾਂ ਸਮੇਤ ਹੋਰ ਛੋਟੇ ਵੱਡੇ ਉਦਯੋਗਾਂ ਦੀ ਗਿਣਤੀ ਵਿਚ ਰਿਕਾਰਡ ਵਾਧਾ ਹੋਇਆ ਹੈ। ਇਸ ਲਈ ਦਰੱਖਤਾਂ ਨੂੰ ਕੱਟਿਆ ਜਾ ਰਿਹਾ ਹੈ ਅਤੇ ਨਵੇਂ ਦਰੱਖਤ ਲਾਉਣ ਦੇ ਲਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ। ਵਾਹਨਾਂ ਤੇ ਉਦਯੋਗਿਕ ਇਕਾਈਆਂ ਦੀ ਚਿਮਨੀਆਂ ਤੋਂ ਨਿਕਲਦੇ ਜ਼ਹਿਰੀਲੇ ਧੂੰਏ ਸਮੇਤ ਹੋਰ ਕਈ ਸਾਧਨਾਂ ਨਾਲ ਵਾਤਾਵਰਣ ਵਿਚ ਅਜਿਹੀ ਜ਼ਹਿਰੀਲੀ ਗੈਸ ਸ਼ਾਮਲ ਹੋ ਜਾਂਦੀ ਹੈ ਜੋ ਮਨੁੱਖ ਲਈ ਹੀ ਨਹੀਂ, ਬਲਕਿ ਜੀਵ-ਜੰਤੂਆਂ ਲਈ ਵੀ ਖਤਰਾ ਬਣ ਗਈ ਹੈ। ਵਾਤਾਵਰਣ ਵਿਚ ਅਜਿਹੇ ਕਈ ਕਣ ਉਡਦੇ ਹਨ ਜੋ ਸਾਨੂੰ ਦਿਖਾਈ ਤਾਂ ਨਹੀਂ ਦਿੰਦੇ ਪਰ ਉਹ ਮਨੁੱਖੀ ਜੀਵਨ ਲਈ ਬਹੁਤ ਹੀ ਘਾਤਕ ਸਿੱਧ ਹੁੰਦੇ ਹਨ।  
ਪ੍ਰਦੂਸ਼ਣ ਫੈਲਣ ਦੇ ਮੁੱਖ ਕਾਰਨ ਕੀ ਹਨ
ਜੇ ਜ਼ਿਲਾ ਗੁਰਦਾਸਪੁਰ ਦਾ ਸਰਵੇ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਸ ਜ਼ਿਲੇ ਵਿਚ ਬੇਸ਼ੱਕ ਬਹੁਤ ਜ਼ਿਆਦਾ ਉਦਯੋਗਿਕ ਇਕਾਈਆਂ ਨਹੀਂ ਹਨ ਪਰ ਫਿਰ ਵੀ ਰਾਈਸ ਸ਼ੈਲਰ, ਸਟੋਨ ਕ੍ਰੈਸ਼ਰ, ਕੁਪਲਾ ਭੱਠੀਆਂ, ਕੋਲਾ ਬਣਾਉਣ ਵਾਲੀਆਂ ਭੱਠੀਆਂ, ਵਾਹਨਾਂ ਦੀ ਵੱਧਦੀ ਗਿਣਤੀ, ਦਰੱਖਤਾਂ ਦੀ ਲਗਾਤਾਰ ਹੋ ਰਹੀ ਕਟਾਈ, ਘਟੀਆ ਸੀਵਰੇਜ ਤੇ ਵਾਟਰ ਸਪਲਾਈ ਪ੍ਰਣਾਲੀ ਸਮੇਤ ਆਵਾਜ਼ ਪ੍ਰਦੂਸ਼ਣ ਦੇ ਲਈ ਬਿਨਾਂ ਜ਼ਰੂਰਤ ਦੇ ਹੋ ਰਹੇ ਧਾਰਮਿਕ ਅਤੇ ਹੋਰ ਕਈ ਪ੍ਰੋਗਰਾਮ ਮੁੱਖ ਕਾਰਨ ਹਨ। 
ਹਵਾ ਪ੍ਰਦੂਸ਼ਣ ਦੇ ਮੁੱਖ ਕਾਰਨ ਕੀ ਹਨ
ਅੱਜ ਦੇ ਯੁੱਗ ਵਿਚ ਵਿਆਹ ਸਮਾਗਮ ਵਿਚ ਉੱਚੀ ਆਵਾਜ਼ ਵਿਚ ਡੀ. ਜੇ. ਸਿਸਟਮ ਵਜਾਉਣਾ, ਧਾਰਮਿਕ ਪ੍ਰੋਗਰਾਮਾਂ 'ਚ ਉੱਚੀ ਆਵਾਜ਼ ਵਿਚ ਧਾਰਮਿਕ ਗਾਣੇ ਪੇਸ਼ ਕਰਨਾ, ਵਾਹਨਾਂ ਵਿਚ ਪ੍ਰੈਸ਼ਰ ਹਾਰਨ ਲਾਉਣ ਸਮੇਤ ਕਈ ਤਰ੍ਹਾਂ ਦੇ ਹੋਰ ਕਾਰਨ ਹਨ ਜੋ ਹਵਾ 'ਚ ਪ੍ਰਦੂਸ਼ਣ ਪੈਦਾ ਕਰਦੇ ਹਨ।  
ਇਸ ਸਬੰਧੀ ਜ਼ਿਲਾ ਮੈਜਿਸਟ੍ਰੇਟ ਵੱਲੋਂ ਸਮੇਂ ਸਮੇਂ 'ਤੇ ਕਈ ਤਰ੍ਹਾਂ ਦੇ ਹੁਕਮ ਵੀ ਜਾਰੀ ਕੀਤੇ ਜਾਂਦੇ ਹਨ ਪਰ ਇਨ੍ਹਾਂ ਹੁਕਮਾਂ ਦੇ ਜਾਰੀ ਹੋਣ ਦੇ ਬਾਵਜੂਦ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਜ਼ਿਲਾ ਮੈਜਿਸਟ੍ਰੇਟ ਨੇ ਤਾਂ ਹੁਕਮ ਜਾਰੀ ਕੀਤਾ ਹੈ ਕਿ 5 ਡੀ. ਬੀ. ਤੋਂ ਜ਼ਿਆਦਾ ਆਵਾਜ਼ ਵਿਚ ਲਾਊਡ ਸਪੀਕਰ ਨਾ ਵਜਾਇਆ ਜਾਵੇ। ਨਾਲ ਹੀ  ਲਾਊਡ ਸਪੀਕਰ ਵਜਾਉਣ ਲਈ ਇਲਾਕੇ ਦੇ ਐੱਸ. ਡੀ. ਐੱਮ. ਤੋਂ ਮਨਜ਼ੂਰੀ ਲਈ ਜਾਵੇ। ਇਸ ਤਰ੍ਹਾਂ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰ ਵਜਾਉਣ 'ਤੇ ਵੀ ਪਾਬੰਦੀ ਲਾਈ ਗਈ ਹੈ। ਇਹ ਪਾਬੰਦੀ ਧਾਰਮਿਕ ਅਸਥਾਨਾਂ ਤੇ ਧਾਰਮਿਕ ਪ੍ਰੋਗਰਾਮਾਂ 'ਤੇ ਵੀ ਲਾਗੂ ਹੁੰਦੀ ਹੈ ਪਰ ਸਾਰੇ ਜਾਣਦੇ ਹਨ ਕਿ ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਪਾਬੰਦੀ ਦੇ ਹੁਕਮਾਂ ਦੀ ਕਿੰਨੀ ਕੁ ਪਾਲਣਾ ਹੁੰਦੀ ਹੈ  
ਪੰਜਾਬ ਸਰਕਾਰ ਦੀਆਂ ਨਰਮ ਤੇ ਭ੍ਰਿਸ਼ਟ ਨੀਤੀਆਂ ਵੀ ਵਾਤਾਵਰਣ ਲਈ ਖਤਰਾ 
ਜ਼ਿਆਦਾਤਰ ਸਟੋਨ ਕ੍ਰੈਸ਼ਰ ਜ਼ਿਲਾ ਪਠਾਨੋਕਟ ਵਿਚ ਲੱਗੇ ਹੋਏ ਹਨ। ਬਾਕੀ ਜ਼ਿਲੇ ਵਿਚ ਦੋ ਜਾਂ ਤਿੰਨ ਸਟੋਨ ਕ੍ਰੈਸ਼ਰ ਹੀ ਚਲ ਰਹੇ ਹਨ। ਇਹ ਸਾਰੇ ਸਟੋਨ ਕ੍ਰੈਸ਼ਰ ਪਹਿਲਾਂ ਪਠਾਨਕੋਟ ਦੇ ਹਿਮਾਚਲ ਪ੍ਰਦੇਸ਼ ਦੀ ਹੱਦ ਵਿਚ ਡਮਟਾਲ ਦੇ ਆਸ-ਪਾਸ ਲੱਗੇ ਹੋਏ ਸੀ ਪਰ ਸਮੇਂ ਦੇ ਨਾਲ ਹਿਮਾਚਲ ਪ੍ਰਦੇਸ਼ ਨੇ ਵਾਤਾਵਰਣ ਸਬੰਧੀ ਬਹੁਤ ਸਖ਼ਤ ਕਾਨੂੰਨ ਬਣਾ ਦਿੱਤੇ, ਜਿਨ੍ਹਾਂ ਨੂੰ ਪੂਰਾ ਕਰਨਾ ਸਟੋਨ ਕ੍ਰੈਸ਼ਰ ਮਾਲਿਕਾਂ ਲਈ ਮੁਸ਼ਕਲ ਸੀ। ਹਿਮਾਚਲ ਪ੍ਰਦੇਸ਼ ਦੀ ਹੱਦ ਵਿਚ ਲੱਗੇ ਲਗਭਗ ਸਾਰੇ ਸਟੋਨ ਕ੍ਰੈਸ਼ਰ ਬੰਦ ਕਰ ਦਿੱਤੇ ਗਏ। 
ਇਹ ਸਟੋਨ ਕ੍ਰੈਸ਼ਰ ਹੁਣ ਪੰਜਾਬ ਵਿਚ ਪਿੰਡ ਕੀੜੀ ਤੇ ਕੋਲੀਆਂ ਆਦਿ ਦੇ ਕੋਲ ਰਾਵੀ ਦਰਿਆ 'ਤੇ ਲੱਗ ਰਹੇ ਹਨ ਜਾਂ ਲੱਗ ਚੁੱਕੇ ਹਨ, ਜਿਸ ਥਾਂ 'ਤੇ ਇਹ ਸਟੋਨ ਕ੍ਰੈਸ਼ਰ ਲੱਗ ਰਹੇ ਹਨ ਉਹ ਇਲਾਕਾ ਜੰਮੂ-ਕਸ਼ਮੀਰ ਦੀ ਹੱਦ ਦੇ ਨਾਲ ਲੱਗਦਾ ਹੈ। 

 


Related News