ਹਲਕਾ ਸਾਹਨੇਵਾਲ ''ਚ ਪੋਲਿੰਗ ਬੂਥ ''ਤੇ ਕਾਂਗਰਸੀ ਤੇ ਅਕਾਲੀ ਭਿੜੇ, 2 ਜ਼ਖ਼ਮੀ

Wednesday, Sep 19, 2018 - 06:29 PM (IST)

ਹਲਕਾ ਸਾਹਨੇਵਾਲ ''ਚ ਪੋਲਿੰਗ ਬੂਥ ''ਤੇ ਕਾਂਗਰਸੀ ਤੇ ਅਕਾਲੀ ਭਿੜੇ, 2 ਜ਼ਖ਼ਮੀ

ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਾਹਨੇਵਾਲ ਦੇ ਪਿੰਡ ਬੁੱਢੇਵਾਲ ਵਿਖੇ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਦੌਰਾਨ ਪੋਲਿੰਗ ਬੂਥ 'ਤੇ ਹੀ ਕਾਂਗਰਸੀ ਅਤੇ ਅਕਾਲੀ ਵਰਕਰ ਭਿੜ ਪਏ। ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਉਮੀਦਵਾਰ ਦਾ ਪੋਲਿੰਗ ਏਜੰਟ ਤੇਜਿੰਦਰ ਸਿੰਘ ਪੋਲਿੰਗ ਬੂਥ ਦੇ ਅੰਦਰ ਬੈਠਾ ਸੀ ਕਿ ਅਚਾਨਕ ਕਾਂਗਰਸੀ ਉਮੀਦਵਾਰ ਬਲਵੀਰ ਸਿੰਘ ਬੁੱਢੇਵਾਲ ਨਾਲ ਉਸਦੀ ਤਕਰਾਰ ਹੋ ਗਈ। ਇਹ ਤਕਰਾਰ ਇੰਨੀ ਵੱਧ ਗਈ ਕਿ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ ਅਤੇ ਇਸ ਝਗੜੇ ਵਿਚ ਤੇਜਿੰਦਰ ਸਿੰਘ ਦੇ ਜ਼ਿਆਦਾ ਡੂੰਘੀਆਂ ਸੱਟਾਂ ਲੱਗੀਆਂ ਤੇ ਉਹ ਜ਼ਖ਼ਮੀ ਹੋ ਗਿਆ ਜਦਕਿ ਉਸਦੇ ਭਰਾ ਨਰਿੰਦਰ ਸਿੰਘ ਦੇ ਵੀ ਮਾਮੂਲੀ ਸੱਟਾਂ ਲੱਗੀਆਂ। 

PunjabKesari

ਘਟਨਾ ਦੀ ਸੂਚਨਾ ਮਿਲਦੇ ਹੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਵੀ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਪੁਲਸ ਤੇ ਪ੍ਰਸ਼ਾਸਨ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸੀ ਆਪਣੀ ਹਾਰ ਨੂੰ ਦੇਖਦਿਆਂ ਗੁੰਡਾਗਰਦੀ 'ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਹੋਵੇਗੀ। ਦੋਵੇਂ ਜ਼ਖ਼ਮੀ ਅਕਾਲੀ ਵਰਕਰਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਗਿਆ ਹੈ ਅਤੇ ਜੇਕਰ ਪੁਲਸ ਨੇ ਸਿਆਸੀ ਦਬਾਅ ਹੇਠ ਅਕਾਲੀਆਂ 'ਤੇ ਹਮਲਾ ਕਰਨ ਵਾਲਿਆਂ 'ਤੇ ਸਖਤ ਕਾਰਵਾਈ ਨਾ ਕੀਤੀ ਤਾਂ ਉਹ ਵਰਕਰਾਂ ਨੂੰ ਨਾਲ ਲੈ ਕੇ ਪੁਲਸ ਤੇ ਪ੍ਰਸ਼ਾਸਨ ਖਿਲਾਫ਼ ਧਰਨਾ ਲਗਾਉਣਗੇ। ਜ਼ਖ਼ਮੀ ਅਕਾਲੀ ਆਗੂ ਤੇਜਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਕਾਂਗਰਸੀ ਉਮੀਦਵਾਰ ਬਲਵੀਰ ਸਿੰਘ ਬੁੱਢੇਵਾਲ ਬੂਥ 'ਤੇ ਜਾਅਲੀ ਵੋਟਾਂ ਪਾਉਣਾ ਚਾਹੁੰਦਾ ਸੀ ਅਤੇ ਉਸ ਨੂੰ ਬੂਥ ਤੋਂ ਬਾਹਰ ਕੱਢਣਾ ਚਾਹੁੰਦਾ ਸੀ। 

PunjabKesari

ਦੂਜੇ ਪਾਸੇ ਬਲਾਕ ਸੰਮਤੀ ਜ਼ੋਨ ਬੁੱਢੇਵਾਲ ਤੋਂ ਚੋਣ ਲੜ ਰਹੇ ਬਲਵੀਰ ਸਿੰਘ ਬੁੱਢੇਵਾਲ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਵੋਟਾਂ ਦੌਰਾਨ ਪੋਲਿੰਗ ਬੂਥ 'ਤੇ ਗਏ ਸਨ ਅਤੇ ਅਚਾਨਕ ਉਨ੍ਹਾਂ 'ਤੇ ਪੋਲਿੰਗ ਏਜੰਟ ਤੇਜਿੰਦਰ ਸਿੰਘ ਅਤੇ ਹੋਰ ਅਕਾਲੀ ਸਮਰਥਕਾਂ ਨੇ ਹਮਲਾ ਕਰ ਦਿੱਤਾ। ਇਸ ਝਗੜੇ ਵਿਚ ਜਦੋਂ ਉਸਦਾ ਭਤੀਜਾ ਸਿਮਰਨ ਸਿੰਘ ਬਚਾਉਣ ਆਇਆ ਤਾਂ ਉਸਦੇ ਵੀ ਕੁੱਝ ਸੱਟਾਂ ਲੱਗੀਆਂ। ਉਮੀਦਵਾਰ ਬਲਵੀਰ ਸਿੰਘ ਨੇ ਅਕਾਲੀਆਂ 'ਤੇ ਪਹਿਲ ਕਰਨ ਦੀ ਗੱਲ ਨੂੰ ਨਕਾਰਿਆ। ਬਲਵੀਰ ਸਿੰਘ ਨੇ ਕਿਹਾ ਕਿ ਬੁੱਢੇਵਾਲ ਤੋਂ ਹਮੇਸ਼ਾ ਕਾਂਗਰਸ ਜਿੱਤਦੀ ਹੈ ਅਤੇ ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਆਪਣੀ ਹਾਰ ਨੂੰ ਦੇਖਦੇ ਹੋਏ ਉਨ੍ਹਾਂ 'ਤੇ ਹਮਲਾ ਕੀਤਾ।


Related News