ਸਿਆਸਤ ਦੀ ਲੜਾਈ : ਪਾਰਟੀ ਵਿਸ਼ੇਸ਼ 'ਚ ਲੰਬੇ ਸਮੇਂ ਲਈ ਸ਼ਾਹ-ਸਵਾਰ ਬਣਨਾ ਟੇਢੀ ਖੀਰ
Friday, Sep 29, 2023 - 12:27 PM (IST)
ਮੋਹਾਲੀ (ਪਰਦੀਪ) : ਰਾਜਨੀਤੀ ਇਕ ਅਜਿਹਾ ਖੇਤਰ ਹੈ, ਜਿਸ ਵਿਚ ਜਾਣਾ ਹਰ ਕੋਈ ਲੋਚਦਾ ਹੈ ਕਿਉਂਕਿ ਕਿਸੇ ਵੀ ਖੇਤਰ ਨਾਲ ਸਬੰਧਤ ਭਾਵੇਂ ਕੋਈ ਵੀ ਵਿਅਕਤੀ ਵਿਸ਼ੇਸ਼ ਹੋਵੇ, ਜਾਂ ਕੋਈ ਵਪਾਰ ਜਾਂ ਪ੍ਰਕਿਰਿਆ ਹੋਵੇ, ਉਸ ਦਾ ਵਾਹ ਸਿਆਸਤਦਾਨਾਂ ਦੇ ਨਾਲ ਜ਼ਰੂਰ ਪੈਂਦਾ ਹੈ। ਮੌਜੂਦਾ ਦੌਰ ਵਿਚ ਸਿਆਸਤਦਾਨਾਂ ਦੇ ਟੌਹਰ-ਟੱਪੇ ਨੂੰ ਵੇਖ ਕੇ ਨੌਜਵਾਨ ਵਰਗ ਵਿਚ ਖ਼ਾਸ ਕਰ ਕੇ ਇਸ ਗੱਲ ਲਈ ਕ੍ਰੇਜ਼ ਜ਼ਿਆਦਾ ਦਿਖਾਈ ਦਿੰਦਾ ਹੈ ਕਿ ਉਹ ਵੀ ਸਿਆਸਤ ਦੇ ਖੇਤਰ ਵਿਚ ਜ਼ੋਰ-ਅਜ਼ਮਾਈ ਕਰਨ। ਪਰ ਰਾਜਨੀਤੀ ਦੇ ਖੇਤਰ ਵਿਚ ਵਿਚਰਦੇ ਅਤੇ ਸਫਲਤਾਂ ਦੀਆਂ ਪੌੜੀਆਂ ਚੜ੍ਹਨ ਦੇ ਵਿਚਕਾਰ ਬਹੁਤੀ ਵਾਰ ਅਜਿਹੇ ਦੌਰ ਵਿਚੋਂ ਗੁਜ਼ਰਨਾ ਪੈਂਦਾ ਹੈ ਕਿ ਉਸ ਨੂੰ ਸਮਾਜਿਕ ਕਦਰਾਂ-ਕੀਮਤਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਕੇ ਅਤੇ ਪੀੜੀ-ਦਰ-ਪੀੜੀ ਚਲਦੀ ਆ ਰਹੀ ਰਵਾਇਤ ਨੂੰ ਪਿੱਛੇ ਰੱਖ ਕੇ ਅਗਾਂਹ ਵਧਣ ਲਈ ਸੋਚਣਾ ਪੈ ਜਾਂਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਕਾਂਗਰਸ ਅਤੇ 'ਆਪ' ਗਠਜੋੜ 'ਚ ਦਰਾੜਾਂ ਵਧੀਆਂ, ਦੋਵਾਂ ਪਾਰਟੀਆਂ 'ਚ ਅੰਦਰੂਨੀ ਯੁੱਧ ਦੀ ਸੰਭਾਵਨਾ
ਬਹੁਤੀ ਵਾਰ ਤਾਂ ਆਪਣੇ ਖਾਸਮ-ਖਾਸ ਅਤੇ ਬਹੁਤ ਵਾਰ ਜਿਹੜੇ ਲੋਕਾਂ ਦਾ ਤੁਹਾਨੂੰ ਉਸ ਖੇਤਰ ਵਿਚ ਲਿਆਉਣ ਲਈ ਅਹਿਮ ਯੋਗਦਾਨ ਹੁੰਦਾ ਹੈ, ਉਨ੍ਹਾਂ ਨੂੰ ਵੀ ਤੁਸੀਂ ਖੁਦ ਹੀ ਵਿਸਾਰ ਕੇ ਅਗਾਂਹ ਵਧਣਾ ਲੋਚਦੇ ਹੋ ਕਿਉਂਕਿ ਤੁਹਾਨੂੰ ਉਸ ਆਪਣੇ ਦੀ ਉਸ ਵਰਤਮਾਨ ਵਿਚ ਦਿੱਤੀ ਸਲਾਹ ਦੇ ਨਾਲੋਂ ਸਾਹਮਣੇ ਦਿਸ ਰਹੀ ਰਾਜਨੀਤੀ ਦੀ ਬਿਸਾਤ ਦੀ ਚਕਾ-ਚੌਂਧ ਆਪਣੇ ਵੱਲ ਆਕਰਸ਼ਿਤ ਕਰ ਲੈਂਦੀ ਹੈ। ਇਸ ਫ਼ੈਸਲੇ ਦੇ ਨਤੀਜੇ ਘਾਤਕ ਹੋਣਗੇ ਜਾਂ ਫਿਰ ਕੀ ਵੱਡਾ ਫਾਇਦਾ ਮਿਲ ਜਾਵੇਗਾ, ਇਹ ਸੋਚਣਾ ਤਾਂ ਤੁਹਾਡੇ ਉਸ ਵੇਲੇ ਜ਼ਹਿਨ ਦੇ ਨੇੜੇ-ਤੇੜੇ ਵੀ ਨਹੀਂ ਢੁੱਕਦਾ। ਤੁਸੀਂ ਉਸ ਚਿਰ-ਸਥਾਈ ਨਾ ਰਹਿਣ ਵਾਲੀ ਸ਼ੋਹਰਤ ਵਿਚ ਘੁਲ-ਮਿਲ ਜਾਂਦੇ ਜਾਂਦੇ ਹੋ।
ਭਾਵੇਂ ਕਿ ਹੋਰਨਾਂ ਖੇਤਰਾਂ ਵਾਂਗ ਹੀ ਸਿਆਸਤ ਦਾ ਖੇਤਰ ਵੀ ਹਰ ਕੋਈ ਆਪਣੇ ਜਾਂ ਪਰਾਏ ਨੂੰ ਪਿੱਛਾ ਵੱਲ ਧੱਕ ਕੇ ਸਫਲਤਾ ਦੀ ਉਡਾਰੀ ਮਾਰਨਾ ਲੋਚਦਾ ਹੈ ਪਰ ਅੱਜ ਇਸ ਹੱਦ ਤਕ ਸਿਆਸਤ ਮਹਿੰਗੀ ਹੋ ਚੁੱਕੀ ਹੈ ਅਤੇ ਕਿਸੇ ਵੀ ਰਾਜਨੇਤਾ ਵਿਸ਼ੇਸ ਲਈ ਜਾਂ ਪਾਰਟੀ ਵਿਸ਼ੇਸ਼ ਲਈ ਵਫ਼ਾਦਾਰੀ, ਪਾਰਟੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਨਾਲ-ਨਾਲ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਭਾਵਨਾ ਵਿਚ ਰਚ-ਮਿਚ ਕੇ ਕੰਮ ਕਰਨਾ ਆਦਿ ਗੱਲਾਂ ਲੰਘੇ ਸਮੇਂ ਦੀਆਂ ਗੱਲਾਂ ਹੋ ਨਿਬੜੀਆਂ ਹਨ।
ਇਹ ਵੀ ਪੜ੍ਹੋ : ਅਨੁਸੂਚਿਤ ਜਾਤੀ ਸਰਟੀਫਿਕੇਟ ਦੀ ਜਾਅਲਸਾਜ਼ੀ ਕਰਨ ਵਾਲਿਆਂ ਖ਼ਿਲਾਫ਼ ਪੰਜਾਬ ਸਰਕਾਰ ਦੀ ਸਖ਼ਤ ਕਾਰਵਾਈ
ਟਕਸਾਲੀਆਂ ਦਾ ਪ੍ਰਭਾਵ ਪਿਆ ਮੱਠਾ
ਅੱਜ ਸ਼ੋਸ਼ਲ ਮੀਡੀਆ ਦੇ ਲਗਾਤਾਰ ਵਧਦੇ ਜਾ ਰਹੇ ਪ੍ਰਭਾਵ ਨੇ ਸਿਆਸੀ ਪਾਰਟੀਆਂ ਲਈ ਟਕਸਾਲੀਆਂ ਦੇ ਮਾਇਨੇ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਦੇ ਪ੍ਰਭਾਵ ਨੂੰ ਮੱਠਾ ਕਰ ਕੇ ਰੱਖ ਸੁੱਟਿਆ ਹੈ ਕਿਉਂਕਿ ਕੰਪਿਊਟਰ ਦੇ ਜ਼ਰੀਏ ਸੋਸ਼ਲ ਮੀਡੀਆ ’ਤੇ ਕਿਸੇ ਵੀ ਪਾਰਟੀ ਵਿਸ਼ੇਸ਼ ਦੀਆ ਸਰਗਰਮੀਆਂ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਲਈ ਜ਼ਮੀਨੀ ਹਕੀਕਤ ਦੀ ਸਹੀ ਜਾਣਕਾਰੀ ਨਹੀਂ ਮਿਲਦੀ, ਜਿਹੜੀ ਕਿ ਸਥਾਨਕ ਟਕਸਾਲੀ ਆਗੂਆਂ ਅਤੇ ਪਾਰਟੀ ਵਿਸ਼ੇਸ਼ ਦੇ ਕੇਡਰ ਤੋਂ ਮਿਲ ਸਕਦੀ ਹੈ।ਜਦੋਂ ਕਿਸੇ ਵੀ ਪਾਰਟੀ ਦੇ ਟਕਸਾਲੀ ਨੇਤਾ ਨੂੰ ਪਾਰਟੀ ਵਿਚ ਬਣਦੀ ਥਾਂ ਜਾਂ ਰੁਤਬਾ ਨਹੀਂ ਮਿਲਦਾ ਤਾ ਉਹ ਸਿਰਫ ਇਕੱਲਾ ਨਹੀਂ ਸਗੋਂ ਉਸਦੇ ਜਾਣਕਾਰ ਅਤੇ ਜ਼ਿਆਦਾਤਰ ਵਰਕਰਾਂ ਦੇ ਹੌਸਲੇ ਵੀ ਪਾਰਟੀ ਵਿਸ਼ੇਸ਼ ਪ੍ਰਤੀ ਪਹਿਲਾਂ ਜਿੰਨੀ ਵਫ਼ਾਦਾਰੀ ਵਾਲੇ ਨਹੀਂ ਰਹਿੰਦੇ ਅਤੇ ਟਕਸਾਲੀ ਨੇਤਾਵਾਂ ਪ੍ਰਤੀ ਪਾਰਟੀ ਵਿਸ਼ੇਸ਼ ਦਾ ਬੇਰੁਖੀ ਭਰਿਆ ਵਤੀਰਾ ਨਤੀਜਿਆਂ ਵਿਚ ਪਾਰਟੀ ਵਿਸ਼ੇਸ਼ ਨੂੰ ਲੋੜੀਂਦਾ ਅੰਕੜਾ ਪਾਰ ਨਾ ਕਰ ਸਕਣ ਦੇ ਰੂਪ ਵਿਚ ਮਿਲਦਾ ਹੈ।
ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਅਮਿਤ ਸ਼ਾਹ ਸਾਹਮਣੇ SYL ਸਣੇ ਚੁੱਕੇ ਪੰਜਾਬ ਦੇ ਵੱਡੇ ਮੁੱਦੇ
ਮਹਿੰਗੀ ਹੋ ਰਹੀ ਸਿਆਸਤ ਦੀ ਖੇਡ ਬਦਲ ਦਿੰਦੀ ਹੈ ਸਿਆਸੀ ਸਮੀਕਰਨ
ਸਿਆਸਤ ਦੀ ਖੇਡ ਨੇ ਅੱਜ ਰਾਜਨੀਤੀ ਦਾ ਖੇਤਰ ਇੰਨਾ ਮਹਿੰਗਾ ਕਰ ਦਿੱਤਾ ਹੈ ਕਿ ਸਿਆਸਤ ਕਰਨ ਦੇ ਨਾਂ ’ਤੇ ਸੇਵਾ ਭਾਵਨਾ ਨੂੰ ਨਾ ਸਿਰਫ਼ ਰਾਜਨੇਤਾ ਬਲਕਿ ਖੁਦ ਲੋਕ ਵੀ ਇਸ ਗੱਲ ਦੇ ਮਾਇਨਿਆਂ ਨੂੰ ਭੁੱਲ ਚੁੱਕੇ ਹਨ, ਕਿਉਂਕਿ ਸੱਤਾ ਦੇ ਗਲਿਆਰਿਆਂ ਵਿਚ ਵਿਚਰਦਿਆਂ ਲਏ ਗਏ ਸਿਆਸੀ ਫ਼ੈਸਲੇ ਉਨ੍ਹਾਂ ਨੂੰ ਅੱਗੇ ਜਾ ਕੇ ਗੁੰਝਲ ਵੱਲ ਧੱਕ ਦਿੰਦੇ ਹਨ ਕਿ ਉਸਨੂੰ ਨਾ ਚਾਹੁੰਦੇ ਹੋਏ ਵੀ ਕਾਨੂੰਨੀ ਅੜਚਣਾਂ ਪਾਰ ਕਰਨ ਲਈ ਹਰ ਤਰੀਕਾ ਵਰਤਣਾ ਪੈਂਦਾ ਹੈ ਅਤੇ ਇਸ ਵਿਚ ਉਸਨੂੰ ਕਾਮਯਾਬੀ ਵੱਲ ਵਧਦਾ ਜਦੋਂ ਨੌਜਵਾਨ ਪੀੜੀ ਜਾਂ ਫਿਰ ਸਮਕਾਲੀ ਟਕਸਾਲੀ ਵੇਖਦੇ ਹਨ ਤਾਂ ਉਨ੍ਹਾਂ ਨੂੰ ਸਿਆਸਤ ਦੇ ਖੇਤਰ ਵਿਚ ਅੰਗੜਾਈ ਲੈਣ ਦੇ ਵਿਚਾਰ ਨੂੰ ਬ੍ਰੇਕ ਲਾ ਦਿੰਦੇ ਹਨ ਅਤੇ ਫਿਰ ਇਹ ਲੋਕ 'ਸਿਆਸਤ ਗੰਦਲੀ ਹੈ-ਸਿਆਸਤ ਗੰਦਲੀ ਹੈ' ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਹਨ।
ਇਹ ਵੀ ਪੜ੍ਹੋ : ਗਲੋਬਲ ਵਾਰਮਿੰਗ ਲਈ ਭਾਰਤ ਨੂੰ ਜ਼ਿੰਮੇਵਾਰ ਦੱਸਣ ਵਾਲੇ ਪੱਛਮੀ ਦੇਸ਼ ਕਾਰਬਨ ਨਿਕਾਸੀ ’ਤੇ ਹਟਣ ਲੱਗੇ ਪਿੱਛੇ
ਸਮਾਜਿਕ ਚਿੰਤਕ ਨਹੀਂ ਮੰਨਦੇ ਕਿ ਸਿਆਸਤ ਗੰਦਲੀ ਏ
ਸਮਾਜਿਕ ਚਿੰਤਕ ਇਸ ਗੱਲ ਨੂੰ ਬਹੁਤੀ ਵਾਰੀ ਸਹੀ ਨਹੀਂ ਮੰਨਦੇ ਕਿਉਂਕਿ ਸਿਆਸਤ ਗੰਦਲੀ ਨਹੀਂ ਸਿਆਸਤ ਕਰਨ ਵਾਲੇ ਗੰਦਲੇਪਣ ਦੀਆਂ ਹੱਦਾਂ ਪਾਰ ਕਰਦੇ ਹਨ ਤੇ ਸਿਆਸਤ ਸੇਵਾ ਭਾਵਨਾ ਨਾਲ ਕਰਨੀ ਚਾਹੀਦੀ ਹੈ, ਇਸ ਰੂਪ ਨੂੰ ਪੇਸ਼ ਹੀ ਨਹੀਂ ਕਰ ਪਾਉਂਦੇ ਅਤੇ ਅਜਿਹੀ ਹਾਲਤ ਵਿਚ ਸਮਾਜਿਕ ਮਾਹਿਰ ਇਹ ਗੱਲ ਕਹਿਣੋ ਗੁਰੇਜ਼ ਨਹੀਂ ਕਰਦੇ ਕਿ ਸਿਆਸਤ ਰਾਜਨੀਤੀ ਦਾ ਖੇਤਰ ਤਾਂ ਹੈ ਹੀ ਮਾੜਾ। ਜਦੋਂ ਇਸ ਖੇਤਰ ਵਿਚ ਆਉਣ ਲਈ ਚੰਗੇ ਲੋਕ ਪਹਿਲ ਨਹੀਂ ਕਰਦੇ ਅਤੇ ਅਜਿਹੀ ਹਾਲਤ ਵਿਚ ਸਿਆਸੀ ਲੋਕਾਂ ਦਾ ਜਮਾਵੜਾ ਸਿਆਸਤ ਤੋਂ ਬਾਹਰ ਬੈਠੇ ਲੋਕਾਂ ਲਈ ਉਦਾਹਰਣਾਂ ਅਤੇ ਮਿਸਾਲਾਂ ਦਿੰਦਾ ਨਹੀਂ ਥੱਕਦਾ।
ਭਾਵੇਂ ਕੁਝ ਵੀ ਹੋਵੇ ਪਰ ਮੌਜੂਦਾ ਦੌਰ 'ਚ ਵੀ ਰਾਸ਼ਟਰੀ ਪੱਧਰ ਦੀ ਰਾਜਨੀਤੀ ਵਿਚ ਵੀ ਬਹੁਤ ਸਾਰੇ ਰਾਜਨੇਤਾ ਸਿਰਫ਼ ਬੇਵਸੀ ਦੀ ਰਾਜਨੀਤੀ ਕਰਦੇ ਪ੍ਰਤੀਤ ਜਾਪਦੇ ਹਨ। ਉਨ੍ਹਾਂ ਨੇ ਸਿਰਫ਼ ਅਤੇ ਸਿਰਫ਼ ਸਮਾਜ ਸੇਵਾ ਦੇ ਖੇਤਰ ਵਿਚ ਵਿਚਰਦੇ ਹੋਏ ਸਿਆਸਤ ਦਾ ਅਖਾੜਾ ਤਾਂ ਹੀ ਚੁਣਿਆ, ਤਾਂ ਕਿ ਉਹ ਸੱਤਾ ਦੇ ਭਾਗੀਦਾਰ ਬਣ ਕੇ ਵੱਧ ਤੋਂ ਵੱਧ ਲੋਕਾਂ ਦੀ ਇਮਦਾਦ ਕਰ ਸਕਣ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8