ਸੰਗਰੂਰ ਜ਼ਿਮਨੀ ਚੋਣ ਦੇ ਨਤੀਜਿਆਂ ਪਿੱਛੋਂ ਸੋਸ਼ਲ ਮੀਡੀਆ ’ਤੇ ਸਿਆਸੀ ਪਾਰਟੀਆਂ ਖ਼ਿਲਾਫ਼ ਨਿਕਲੀ ‘ਭੜਾਸ’
Tuesday, Jun 28, 2022 - 12:09 PM (IST)
ਸੰਗਰੂਰ(ਵਿਸ਼ੇਸ਼): ਸੰਗਰੂਰ ’ਚ ਲੋਕ ਸਭਾ ਉਪ-ਚੋਣ ਵਿਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸੂਬਾ ਸਰਕਾਰ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਇਸ ਚੋਣ ਵਿਚ ਹਾਰ ਲਈ ਕਿਤੇ ਨਾ ਕਿਤੇ ਖੁਦ ਸਰਕਾਰ ਦੇ ਲੋਕ ਹੀ ਜ਼ਿੰਮੇਵਾਰ ਹਨ। ਸਰਕਾਰ ਹੀ ਨਹੀਂ, ਅਕਾਲੀ ਦਲ, ਕਾਂਗਰਸ ਤੇ ਭਾਜਪਾ ’ਤੇ ਵੀ ਲੋਕ ਭੜਾਸ ਕੱਢ ਰਹੇ ਹਨ। ਸੋਸ਼ਲ ਮੀਡੀਆ ’ਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ, ਜਦੋਂਕਿ ਇਹ ਪੰਜਾਬ ਤੋਂ ਚੱਲਣੀ ਚਾਹੀਦੀ ਹੈ। ਪੰਜਾਬ ਤੇ ਦਿੱਲੀ ’ਚ ਫਰਕ ਹੈ ਪਰ ਆਮ ਆਦਮੀ ਪਾਰਟੀ ਦੇ ਲੋਕ ਇਸ ਨੂੰ ਸਮਝ ਨਹੀਂ ਰਹੇ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੀ ਹੱਤਿਆ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਕਾਰਨ ਵੀ ਸੋਸ਼ਲ ਮੀਡੀਆ ’ਤੇ ‘ਆਪ’ ਦੇ ਹਾਰਨ ਦਾ ਕਾਰਨ ਦੱਸਿਆ ਜਾ ਰਿਹਾ ਹੈ। ਹੱਤਿਆ ਤੋਂ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਲੋੜੀਂਦੇ ਕਦਮ ਨਹੀਂ ਚੁੱਕੇ ਗਏ, ਇਸ ਗੱਲ ’ਤੇ ਵੀ ਰੋਸ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸੰਗਰੂਰ ਜ਼ਿਮਨੀ ਚੋਣ ’ਚ ਹਾਰ ਤੋਂ ਨਿਰਾਸ਼ ‘ਆਪ’ ਜਲਦ ਲੈ ਸਕਦੀ ਹੈ ਇਹ ਵੱਡਾ ਫ਼ੈਸਲਾ
ਲਿਖਣ ਵਾਲੇ ਤਾਂ ਸੋਸ਼ਲ ਮੀਡੀਆ ’ਤੇ ਇਹ ਵੀ ਲਿਖ ਰਹੇ ਹਨ ਕਿ ਮੌਜੂਦਾ ਸਰਕਾਰ ਦੇ ਲੋਕਾਂ ’ਚ ਹੰਕਾਰ ਆ ਗਿਆ ਹੈ , ਜਿਸ ਕਾਰਨ ਉਹ ਲਗਾਤਾਰ ਜਨਤਾ ਤੋਂ ਦੂਰ ਹੋ ਰਹੇ ਹਨ। ਖੁਦ ਪਾਰਟੀ ਦਾ ਵਰਕਰ ਵੀ ਹੁਣ ਪਹਿਲਾਂ ਵਾਂਗ ਕੰਮ ਨਹੀਂ ਕਰ ਰਿਹਾ, ਜਦੋਂਕਿ ਵਿਧਾਇਕਾਂ ਦੀ ਵੀ ਪਾਰਟੀ ਵਿਚ ਪੁੱਛ-ਪੜਤਾਲ ਨਹੀਂ ਰਹੀ। ਸੋਸ਼ਲ ਮੀਡੀਆ ’ਤੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਸੂਬੇ ’ਚ ਸੱਤਾ ਵਿਚ ਆਉਣ ਤੋਂ ਬਾਅਦ ਕਿਸੇ ਮਾਫ਼ੀਆ ਨੂੰ ਨਹੀਂ ਛੂਹਿਆ। ਸਭ ਕੁਝ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ। ਸਰਕਾਰ ਵੱਲੋਂ ਦਾਅਵੇ ਬਹੁਤ ਕੀਤੇ ਗਏ ਪਰ ਹਾਲਾਤ ਉਹੀ ਹਨ, ਜੋ ਪਹਿਲੀਆਂ ਸਰਕਾਰਾਂ ’ਚ ਰਹੇ ਹਨ। ਵਾਅਦਿਆਂ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਸਰਕਾਰ ਅਜੇ ਤੱਕ ਕੋਈ ਵਾਅਦਾ ਪੂਰਾ ਨਹੀਂ ਕਰ ਸਕੀ। ਲੋਕ ਆਪਣੇ ਕਾਰੋਬਾਰ ਠੱਪ ਹੋਣ ਤੋਂ ਲੈ ਕੇ ਸਕੂਲਾਂ ਦੀਆਂ ਫੀਸਾਂ ’ਤੇ ਵੀ ਸਰਕਾਰ ਉੱਪਰ ਸਵਾਲ ਚੁੱਕ ਰਹੇ ਹਨ। ਇਸ ਤੋਂ ਇਲਾਵਾ ਰੇਤ, ਕਾਲੋਨੀਆਂ, ਕੁੰਵਰ ਵਿਜੇ ਪ੍ਰਤਾਪ, ਸ਼ਰਾਬ ਮਾਫ਼ੀਆ, ਚੰਡੀਗੜ੍ਹ ਤੇ ਪੰਜਾਬ ਯੂਨੀਵਰਸਿਟੀ ਕੇਂਦਰ ਨੂੰ ਸੌਂਪਣ ਤੋਂ ਲੈ ਕੇ ਤਾਇਨਾਤ ਅਧਿਕਾਰੀਆਂ ’ਤੇ ਵੀ ਸਵਾਲ ਉਠਾਏ ਜਾ ਰਹੇ ਹਨ।
ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦੀ ਲੀਡਰਸ਼ਿਪ 'ਤੇ ਸਵਾਲ
ਸੋਸ਼ਲ ਮੀਡੀਆ ’ਤੇ ਐਤਵਾਰ ਨੂੰ ਨਤੀਜਿਆਂ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਹੀ ਨਹੀਂ, ਸਗੋਂ ਭਾਜਪਾ, ਕਾਂਗਰਸ ਤੇ ਅਕਾਲੀ ਦਲ ਵੀ ਲੋਕਾਂ ਦੇ ਨਿਸ਼ਾਨੇ ’ਤੇ ਹਨ। ਲੋਕ ਮੀਮਜ਼ ਰਾਹੀਂ ਤਿੰਨੋਂ ਪਾਰਟੀਆਂ ’ਤੇ ਵਾਰ ਕਰ ਰਹੇ ਹਨ। ਭਾਜਪਾ ਦੀ ਲੀਡਰਸ਼ਿਪ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਤੀਜੀ ਚੋਣ ਹੈ ਜਿਸ ਵਿਚ ਇਸ ਮੌਜੂਦਾ ਲੀਡਰਸ਼ਿਪ ਨੇ ਹਾਰ ਦੀ ਹੈਟ੍ਰਿਕ ਬਣਾਈ ਹੈ। ਇਹੀ ਨਹੀਂ, ਕਾਂਗਰਸ ’ਤੇ ਸਵਾਲ ਉਠਾਏ ਜਾ ਰਹੇ ਹਨ ਕਿ ਉਹ ਨਵਜੋਤ ਸਿੰਘ ਸਿੱਧੂ ਦੇ ਜਾਣ ਤੋਂ ਬਾਅਦ ਵੀ ਖੁਦ ਨੂੰ ਸਥਾਪਤ ਨਹੀਂ ਕਰ ਸਕੀ। ਅਕਾਲੀ ਦਲ ਬਾਰੇ ਸੁਖਬੀਰ ਬਾਦਲ ’ਤੇ ਸਵਾਲ ਉਠਾਏ ਜਾ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।