2016 ’ਚ ਸ਼ਾਮਲ ਹੋਏ ਮਨਪ੍ਰੀਤ ਸਿੰਘ ਬਾਦਲ ਨੇ 7 ਸਾਲ ਬਾਅਦ ਛੱਡੀ 'ਕਾਂਗਰਸ', ਵੜਿੰਗ ਨਾਲ ਰਿਹਾ 36 ਦਾ ਅੰਕੜਾ

Wednesday, Jan 18, 2023 - 06:19 PM (IST)

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕਾਂਗਰਸ ਦਾ 'ਹੱਥ' ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ। ਸਾਲ 2016 ’ਚ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਜੁਆਇੰਨ ਕੀਤੀ ਸੀ ਅਤੇ ਅੱਜ 7 ਸਾਲ ਬਾਅਦ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਦੇ 7 ਸਾਲਾਂ ਦੇ ਸਫ਼ਰ ਦੌਰਾਨ ਮਨਪ੍ਰੀਤ ਸਿੰਘ ਬਾਦਲ ਦਾ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ 36 ਦਾ ਅੰਕੜਾ ਰਿਹਾ ਹੈ। ਰਾਜਾ ਵੜਿੰਗ ਪੰਜਾਬ ਵਿਚ ਕਈ ਮੁੱਦਿਆਂ 'ਤੇ ਮਨਪ੍ਰੀਤ ਸਿੰਘ ਬਾਦਲ 'ਤੇ ਤਿੱਖੇ ਨਿਸ਼ਾਨੇ ਸਾਧਦੇ ਰਹੇ ਹਨ। ਰਾਜਾ ਵੜਿੰਗ ਨੇ ਇਕ ਵਾਰ ਇਥੋਂ ਤੱਕ ਕਹਿ ਦਿੱਤਾ ਸੀ ਕਿ ਮਨਪ੍ਰੀਤ ਸਿੰਘ ਬਾਦਲ, ਬਾਦਲ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਵਿਚ ਭੇਜੇ ਗਏ ਸਨ। ਇਥੇ ਦੱਸ ਦੇਈਏ ਕਿ ਮਨਪ੍ਰੀਤ ਸਿੰਘ ਬਾਦਲ ਦੋ ਵਾਰ ਵਿੱਤ ਮੰਤਰੀ ਅਤੇ 5 ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਕਾਂਗਰਸ ਪਾਰਟੀ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਠਿੰਡਾ ਸ਼ਹਿਰ ਤੋਂ ਚੋਣ ਜਿੱਤੇ ਹਨ।

ਮਨਪ੍ਰੀਤ ਸਿੰਘ ਬਾਦਲ ਦਾ ਜਨਮ 26 ਜੁਲਾਈ 1962 ਨੂੰ ਮੁਕਤਸਰ 'ਚ ਹੋਇਆ। ਉਨ੍ਹਾਂ ਦੇ ਪਿਤਾ ਗੁਰਦਾਸ ਬਾਦਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਸਨ। ਮਨਪ੍ਰੀਤ ਬਾਦਲ ਨੇ ਮੁੱਢਲੀ ਪਡ਼੍ਹਾਈ ਕਰਨ ਤੋਂ ਬਾਅਦ ਲੰਡਨ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ। ਵੀਨੂੰ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਬੇਟੇ ਅਰਜੁਨ ਬਾਦਲ ਅਤੇ ਬੇਟੀ ਰੀਆ ਬਾਦਲ ਨੇ ਜਨਮ ਲਿਆ। ਮਨਪ੍ਰੀਤ ਸਿੰਘ ਬਾਦਲ ਨੇ ਿਵੱਤ ਮੰਤਰੀ ਦੇ ਤੌਰ 'ਤੇ 9 ਬਜਟ ਪੇਸ਼ ਕੀਤੇ ਹਨ। 

ਸਿਆਸੀ ਸਫ਼ਰ ਦੀ ਸ਼ੁਰੂਆਤ 
ਸ਼੍ਰੋਮਣੀ ਅਕਾਲੀ ਦਲ

ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਤੋਂ 1995 ਵਿੱਚ ਕੀਤੀ ਸੀ। ਉਸ ਸਮੇਂ ਬੇਅੰਤ ਸਿੰਘ ਦੀ ਸਰਕਾਰ ਸੀ। ਮਨਪ੍ਰੀਤ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਗਿੱਦੜਬਾਹਾ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ, ਜਿਸ ਵਿੱਚ ਉਹ ਕਾਮਯਾਬ ਰਹੇ। 1997, 2002 ਅਤੇ 2007 ਵਿੱਚ ਉਹ ਫਿਰ ਜੇਤੂ ਰਹੇ। 2007 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਨੂੰ ਖ਼ਜ਼ਾਨਾ ਮੰਤਰੀ ਦਾ ਅਹੁਦਾ ਦਿੱਤਾ ਪਰ ਅਕਤੂਬਰ 2010 ਵਿੱਚ ਆਪਸੀ ਮਤਭੇਦ ਕਾਰਨ ਮਨਪ੍ਰੀਤ ਨੂੰ ਵਜ਼ਾਰਤ ਤੋਂ ਖ਼ਾਰਜ ਕਰ ਦਿੱਤਾ ਗਿਆ। 2007 ਤੋਂ 2010 ਤੱਕ ਮਨਪ੍ਰੀਤ ਬਾਦਲ ਨੇ ਮੁੱਖ ਮੰਤਰੀ ਬਾਦਲ ਦੀ ਸਰਕਾਰ 'ਚ ਵਿੱਤ ਮੰਤਰੀ ਦੇ ਤੌਰ 'ਤੇ ਕੰਮ ਕੀਤਾ। ਇਸ ਦੌਰਾਨ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨਾਲ ਵਿਵਾਦ ਕਾਰਨ ਉਨ੍ਹਾਂ ਨੇ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ। 

ਇਹ ਵੀ ਪੜ੍ਹੋ : ਜਲੰਧਰ: ASI ਦੀ ਬਹਾਦਰੀ ਨੂੰ ਸਲਾਮ, ਜਾਨ 'ਤੇ ਖੇਡ ਕੇ ਅੱਗ ਲੱਗੀ ਕਾਰ 'ਚੋਂ ਇੰਝ ਬਾਹਰ ਕੱਢਿਆ ਪਰਿਵਾਰ

PunjabKesari

ਆਪਣੀ ਪਾਰਟੀ ਪੀਪਲਜ਼ ਪਾਰਟੀ ਆਫ਼ ਪੰਜਾਬ ਵੀ ਬਣਾਈ
ਸ਼੍ਰੋਮਣੀ ਅਕਾਲੀ ਦਲ ਛੱਡਣ ਮਗਰੋਂ ਮਨਪ੍ਰੀਤ ਬਾਦਲ ਨੇ ਮਾਰਚ 2011 ਵਿੱਚ ਆਪਣੀ ਸਿਆਸੀ ਜਮਾਤ ਬਣਾਈ, ਜਿਸ ਦਾ ਨਾ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ. ਪੀ. ਪੀ.) ਰੱਖਿਆ। 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੀ. ਪੀ. ਪੀ. ਨੇ ਸੀ. ਪੀ. ਆਈ., ਸੀ. ਪੀ. ਆਈ. ਐੱਮ ਅਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨਾਲ ਗਠਜੋੜ ਕੀਤਾ ਪਰ ਇਸ ਗਠਜੋੜ ਨੂੰ ਸਫ਼ਲਤਾ ਨਹੀਂ ਮਿਲੀ। ਸ਼ੁਰੂਆਤੀ ਦੌਰ 'ਚ ਤਾਂ ਉਨ੍ਹਾਂ ਨੂੰ ਕਾਫ਼ੀ ਸਮਰਥਨ ਮਿਲਿਆ ਪਰ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ 2014 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਨਾਲ ਮਨਪ੍ਰੀਤ ਬਾਦਲ ਨੇ ਗਠਜੋੜ ਕਰਕੇ ਆਪਣੀ ਭਾਬੀ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਚੋਣ ਲੜੀ ਪਰ ਇਥੇ ਵੀ ਉਹ ਹਾਰ ਗਏ। 

ਕਾਂਗਰਸ ਵਿਚ ਸ਼ਾਮਲ ਹੋਣਾ
ਉਨ੍ਹਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਉਨ੍ਹਾਂ ਨੇ ਆਪਣੀ ਪਾਰਟੀ ਦਾ ਰਲੇਵਾਂ ਕਾਂਗਰਸ 'ਚ ਕਰ ਲਿਆ ਹੈ। ਜਨਵਰੀ 2016 ਵਿੱਚ ਮਨਪ੍ਰੀਤ ਨੇ ਪੀ. ਪੀ. ਪੀ. ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ ਅਤੇ ਫਰਵਰੀ-ਮਾਰਚ 2017 ਵਿੱਚ ਬਠਿੰਡਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਤੋਂ ਚੋਣ ਲੜੀ। ਉਹ 18,480 ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਦੀਪਕ ਬਾਂਸਲ ਤੋਂ ਜਿੱਤ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ ਤੀਜੇ ਨੰਬਰ 'ਤੇ ਆਏ। ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਉਨ੍ਹਾਂ ਨੂੰ ਖ਼ਜ਼ਾਨਾ ਮੰਤਰੀ ਬਣਾਇਆ ਗਿਆ ਸੀ। ਇਸ ਦੇ ਬਾਅਦ ਸਾਲ 2022 ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਬਠਿੰਡਾ ਅਰਬਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ਚੋਣਾਂ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਹਰਾਇਆ ਸੀ। ਜਗਰੂਪ ਸਿੰਘ ਗਿੱਲ ਨੂੰ 91509 ਵੋਟਾਂ ਮਿਲੀਆਂ ਸਨ ਜਦਕਿ ਮਨਪ੍ਰੀਤ ਸਿੰਘ ਬਾਦਲ ਨੂੰ 29190 ਵੋਟਾਂ ਹਾਸਲ ਹੋਈਆਂ ਸਨ ਅਤੇ ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ ਨੂੰ 23906 ਵੋਟਾਂ ਹਾਸਲ ਹੋਈਆਂ ਸਨ। ਅਖ਼ੀਰ ਹੁਣ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। 

ਇਹ ਵੀ ਪੜ੍ਹੋ : 'ਹਵੇਲੀ' 'ਤੇ ਚਲਿਆ ਜਲੰਧਰ ਨਗਰ ਨਿਗਮ ਦਾ ਬੁਲਡੋਜ਼ਰ, ਟੀਮ ਨਾਲ ਹੋਈ ਤਕਰਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News