ਪੰਜਾਬ ਦੇ ਬਦਲੇ ਸਿਆਸੀ ਸਮੀਕਰਣਾਂ ''ਚ ''ਪਟਿਆਲਾ'' ਦੇ ਕਾਂਗਰਸੀ ਹੋਏ ਸੁੰਨ
Monday, Oct 04, 2021 - 12:22 PM (IST)
ਪਟਿਆਲਾ (ਬਲਜਿੰਦਰ) : ਪੰਜਾਬ ਦੇ ਪਿਛਲੇ ਦਿਨੀਂ ਬਦਲੇ ਸਿਆਸੀ ਸਮੀਕਰਨਾਂ ’ਚ ਪੈਦਾ ਹੋਏ ਹਾਲਾਤ ’ਚ ਪਟਿਆਲਾ ਦੇ ਕਾਂਗਰਸੀ ਸੁੰਨ ਹੋ ਗਏ ਹਨ। ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਆਖ਼ਰ ਉਹ ਕੀ ਕਰਨ। ਹਾਲਾਤ ਦੀ ਗੱਲ ਕਰੀਏ ਤਾਂ ਨਾ ਤਾਂ ਪਟਿਆਲਾ ਦੇ ਕਾਂਗਰਸੀ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ’ਚ ਚੱਲੇ ਅਤੇ ਨਾ ਹੀ ਕਿਸੇ ਨੇ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ ਅਸਤੀਫ਼ਾ ਦਿੱਤਾ। ਬਦਲੇ ਹਾਲਾਤ ’ਚ ਜਿੱਥੇ ਕਾਂਗਰਸੀਆਂ ਦੀਆਂ ਗੀਤਵਿਧੀਆਂ ਠੁੱਸ ਹੋ ਗਈਆਂ ਹਨ, ਉੱਥੇ ਸ਼ਹਿਰ ਵਿਚ ਅਜੀਬ ਜਿਹੀ ਚੁੱਪੀ ਦੇਖਣ ਨੂੰ ਮਿਲ ਰਹੀ ਹੈ। ਅਹਿਮ ਗੱਲ ਇਹ ਹੈ ਕਿ ਪਟਿਆਲਾ ਦੇ ਲੋਕ ਇਹ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਆਖ਼ਰ ਅੱਗੇ ਕੀ ਹੋਵੇਗਾ। ਕੀ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾ ਕੇ ਜਾਂ ਫਿਰ ਭਾਜਪਾ ’ਚ ਸ਼ਾਮਲ ਹੋ ਕੇ ਪਟਿਆਲਾ ਤੋਂ ਚੋਣ ਲੜਨਗੇ? ਕੀ ਮਹਾਰਾਣੀ ਪ੍ਰਨੀਤ ਕੌਰ ਜੇਕਰ ਕਾਂਗਰਸ ’ਚ ਰਹਿੰਦੀ ਹਨ ਤਾਂ ਉਨ੍ਹਾਂ ਵੱਲੋਂ ਪਟਿਆਲਾ ਸ਼ਹਿਰ ਤੋਂ ਉਮੀਦਵਾਰ ਕੌਣ ਹੋਵੇਗਾ? ਜੇਕਰ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾਉਣਗੇ ਤਾਂ ਕੀ ਉਹ ਪਟਿਆਲਾ ਤੋਂ ਉਮੀਦਵਾਰ ਹੋਣਗੇ ਜਾਂ ਫਿਰ ਜਿਥੋਂ ਨਵਜੋਤ ਸਿੱਧੂ ਲੜਨਗੇ, ਉਥੇ ਜਾਣਗੇ? ਅਜਿਹੇ ’ਚ ਪਟਿਆਲਾ ਦੇ ਹਾਲਾਤ ਕਾਫੀ ਅਜੀਬ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਲ 1998 ਵਿਚ ਕਾਂਗਰਸ ਵਿਚ ਸ਼ਾਮਲ ਹੋਏ। ਉਸ ਤੋਂ ਬਾਅਦ 2 ਵਾਰ ਮੁੱਖ ਮੰਤਰੀ ਬਣੇ ਅਤੇ ਪਿਛਲੇ 23 ਸਾਲਾਂ ਤੋਂ ਪੰਜਾਬ ਕਾਂਗਰਸ ’ਤੇ ਉਨ੍ਹਾਂ ਦਾ ਹੀ ਰਾਜ ਰਿਹਾ ਹੈ। ਸਾਲ 2002 ਤੋਂ 2007 ਤੱਕ ਦੀ ਟਰਮ ਵਿਚ ਪਟਿਆਲਾ ਵਿਚ ਸ਼ਹਿਰ ਵਿਚ 17 ਦੇ ਕਰੀਬ ਲਾਲ ਬੱਤੀਆਂ ਪਟਿਆਲਾ ਦੇ ਕਾਂਗਰਸੀਆਂ ਦੀਆਂ ਕਾਰਾਂ ’ਤੇ ਲਗਵਾਈਆਂ। ਇਸ ਵਾਰ ਵੀ 15 ਤੋਂ ਜ਼ਿਆਦਾ ਆਗੂਆਂ ਨੂੰ ਪੰਜਾਬ ਪੱਧਰ ਦੀਆਂ ਚੇਅਰਮੈਨੀਆਂ, ਵਾਈਸ ਚੇਅਰਮੈਨੀਆਂ ਅਤੇ ਹੋਰ ਅਹੁਦਿਆਂ ਨਾਲ ਨਿਵਾਜਿਆ ਗਿਆ ਪਰ ਉਸ ਸਮੇਂ ਬੜੀ ਹੈਰਾਨੀ ਹੋਈ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨੂੰ ਅਲਵਿਦਾ ਕਹਿਣ ਦੀ ਗੱਲ ਆਖ ਦਿੱਤੀ ਹੈ। ਇਸ ਦੇ ਬਾਵਜੂਦ ਇਕ ਕਾਂਗਰਸੀ ਇੱਥੋਂ ਤੱਕ ਕਿ ਬਲਾਕ ਪੱਧਰ ਦੇ ਆਗੂ ਨੇ ਵੀ ਪਟਿਆਲਾ ਤੋਂ ਉਨ੍ਹਾਂ ਦੇ ਹੱਕ ਵਿਚ ਨਾ ਤਾਂ ਆਵਾਜ਼ ਬੁਲੰਦ ਕੀਤੀ ਅਤੇ ਨਾ ਹੀ ਅਸਤੀਫ਼ਾ ਦਿੱਤਾ। ਇਸ ਮਾਮਲੇ ’ਚ ਨਵਜੋਤ ਸਿੰਘ ਸਿੱਧੂ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਅੱਗੇ ਰਹੇ। ਉਨ੍ਹਾਂ ਦੇ ਅਸਤੀਫ਼ਾ ਦਿੰਦੇ ਹੀ ਇਕ ਮੰਤਰੀ ਰਜ਼ੀਆ ਸੁਲਤਾਨਾ, ਖਜ਼ਾਨਚੀ ਗੁਲਜਾਰ ਇੰਦਰ ਸਿੰਘ ਚਾਹਲ, ਸੀਨੀਅਰ ਮੀਤ ਪ੍ਰਧਾਨ ਗੌਰਵ ਸੰਧੂ ਅਤੇ ਸ਼ੈਰੀ ਰਿਆੜ ਸਮੇਤ ਕਈ ਆਗੂਆਂ ਨੇ ਅਸਤੀਫ਼ੇ ਦਿੱਤੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਦੀ ਪੂਜਾ ਕਰਨ ਵਾਲੇ ਅਤੇ ਉਨ੍ਹਾਂ ਨਾਲ 24 ਘੰਟੇ ਫੋਟੋਆਂ ਆਪਣੇ ਸਟੇਟਸ ’ਤੇ ਲਗਾਉਣ ਵਾਲਿਆਂ ਵਿਚੋਂ ਇਕ ਵੀ ਨਹੀਂ, ਜੋ ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ ਨਿੱਤਰਿਆ ਹੋਵੇ।
ਇਹ ਵੀ ਪੜ੍ਹੋ : ਧਰਮ ਪਰਿਵਰਤਨ ਨੂੰ ਰੋਕਣ ਲਈ ਸਰਕਾਰ ਨੇ ਕਦਮ ਨਾ ਚੁੱਕੇ ਤਾਂ ਨਿਕਲਣਗੇ ਭਿਆਨਕ ਸਿੱਟੇ : ਗਿ. ਹਰਪ੍ਰੀਤ ਸਿੰਘ
ਪਲਕ ਝਪਕਦੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਪਟਿਆਲਵੀਆਂ ਨੇ ਕੀਤਾ ਪਰਾਇਆ!
ਇੰਝ ਜਾਪਦਾ ਹੈ ਜਿਵੇਂ ਕਿ ਪਟਿਆਲਾ ਨਿਵਾਸੀਆਂ ਨੇ ਪਲਕ ਝਪਕਦੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਪਰਾਇਆ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰੀ ਵਿਧਾਨ ਸਭਾ ਦੀਆਂ 4 ਚੋਣਾਂ ਲੜੀਆਂ ਅਤੇ ਕਦੇ ਇਕ ਦਿਨ ਵੀ ਪ੍ਰਚਾਰ ਨਹੀਂ ਕੀਤਾ। ਪਟਿਆਲਾ ਦੇ ਲੋਕਾਂ ਨੇ ਹਮੇਸ਼ਾ ਉਨ੍ਹਾਂ ਨੂੰ ਰਿਕਾਰਡ ਤੋੜ ਅੰਤਰ ਨਾਲ ਜਿਤਾਇਆ ਹੈ ਪਰ ਵਕਤ ਦੀ ਗੱਲ ਦੇਖੋ ਕਿ ਕੋਈ ਅੱਜ ਉਨ੍ਹਾਂ ਦੇ ਹੱਕ ’ਚ ਬਿਆਨ ਤੱਕ ਨਹੀਂ ਦੇ ਰਿਹਾ। ਜੇਕਰ ਮੀਡੀਆ ਵਾਲੇ ਪੁੱਛਦੇ ਵੀ ਹਨ ਤਾਂ ਪਟਿਆਲਾ ਦੇ ਕਾਂਗਰਸੀ ਟਾਲ-ਮਟੋਲ ਹੀ ਕਰਦੇ ਹਨ। ਕੋਈ ਸਪੱਸ਼ਟ ਜਵਾਬ ਨਹੀਂ ਦਿੰਦਾ। ਕੋਈ ਵੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਨਹੀਂ ਬੋਲ ਰਿਹਾ। ਜਿਹੜੇ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਿਰ ’ਤੇ ਪੰਜਾਬ ਵਿਚ ਰਾਜ ਕੀਤਾ, ਉਹ ਵੀ ਕਿਤੇ ਨਹੀਂ ਲੱਭ ਰਹੇ।
ਇਹ ਵੀ ਪੜ੍ਹੋ : ਕਿਸਾਨ ਜਥੇਬੰਦੀ ਵੱਲੋਂ ਡੀ. ਸੀ. ਦਫਤਰਾਂ ਲੱਗਣ ਵਾਲੇ ਧਰਨੇ ਮੁਲਤਵੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ