ਪੰਜਾਬ ’ਚ ਰਾਜਨੀਤਕ ਸਰਗਰਮੀ ਬਰਕਰਾਰ, ਮੁੱਖ ਮੰਤਰੀ ਨੂੰ ਮਿਲੇ ਸੰਸਦ ਮੈਂਬਰ ਤੇ ਮੰਤਰੀ

Wednesday, Jun 09, 2021 - 01:08 AM (IST)

ਚੰਡੀਗੜ੍ਹ (ਅਸ਼ਵਨੀ, ਧਵਨ)- ਕਮੇਟੀ ਦੀ ਰਿਪੋਰਟ ਅਤੇ ਹਾਈਕਮਾਨ ਦੇ ਫੈਸਲੇ ਦੀ ਉਡੀਕ ’ਚ ਪੰਜਾਬ ’ਚ ਰਾਜਨੀਤਕ ਸਰਗਰਮੀ ਜਾਰੀ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੰਸਦ ਮੈਂਬਰਾਂ ਅਤੇ ਕਈ ਕਾਂਗਰਸੀ ਨੇਤਾਵਾਂ ਨਾਲ ਮੁਲਾਕਾਤ ਕੀਤੀ। ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਨੇ ਵੀ ਮੰਗਲਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਮੁੱਖ ਮੰਤਰੀ ਨਾਲ ਸੰਸਦ ਮੈਂਬਰਾਂ ਦੀ ਮੁਲਾਕਾਤ ਦੀ ਫੋਟੋ ਸ਼ੇਅਰ ਕੀਤੀ। ਇਸ ’ਚ ਡਿੰਪਾ ਨੇ ਸੰਸਦ ਮੈਂਬਰ ਰਵਨੀਤ ਬਿੱਟੂ, ਗੁਰਜੀਤ ਸਿੰਘ ਔਜਲਾ ਸਮੇਤ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਦੇ ਦੌਰਾਨ ਹਾਜ਼ਰ ਦਿਖਾਈ ਦੇ ਰਹੇ ਹਨ। ਡਿੰਪਾ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਸਾਥੀ ਸੰਸਦ ਮੈਂਬਰਾਂ ਅਤੇ ਮੰਤਰੀ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੁਲਾਕਾਤ ਕੀਤੀ, ਜਿਸ ’ਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਸਬੰਧੀ ਚਰਚਾ ਕੀਤੀ ਗਈ। ਨਾਲ ਹੀ ਲੋਕ ਸਭਾ ਦੇ ਅਗਲੇ ਸੈਸ਼ਨ ’ਚ ਪੰਜਾਬ ਸੂਬੇ ਦੇ ਨਾਲ-ਨਾਲ ਕਿਸਾਨਾਂ ਦੇ ਮੁੱਦੇ ਅਤੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਕੇਂਦਰ ਸਰਕਾਰ ਦੀ ਅਸਫਲਤਾਵਾਂ ਨੂੰ ਪੁਰਜ਼ੋਰ ਤਰੀਕੇ ਨਾਲ ਚੁੱਕਣ ਦੀ ਗੱਲ ਹੋਈ।
ਮੁੱਖ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਜਿਹੀ ਪਹਿਲੀ ਸਰਕਾਰ ਸੀ ਜਿਸ ਨੇ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਵਿਧਾਨ ਸਭਾ ’ਚ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਮਾਮਲੇ ’ਚ ਕੇਂਦਰ ਸਰਕਾਰ ਦੀ ਅਸਫਲਤਾ ਨੂੰ ਲੈ ਕੇ ਵੀ ਉਸ ਨੂੰ ਘੇਰਿਆ ਜਾਏ।

ਲੋਕ ਸਭਾ ਦੇ ਵਧੇਰੇ ਚੁਣੇ ਸੰਸਦ ਮੈਂਬਰ ਕੈਪਟਨ ਦੇ ਨਾਲ
ਤਿੰਨੇ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਦੇ ਬਾਅਦ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਲੋਕ ਸਭਾ ਦੇ ਵਧੇਰੇ ਚੁਣੇ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹਨ। ਇਸ ਨਾਲ ਇਹ ਵੀ ਪਤਾ ਲਗਦਾ ਹੈ ਕਿ ਇਨ੍ਹਾਂ ਸੰਸਦ ਮੈਂਬਰਾਂ ਨੇ 3 ਮੈਂਬਰੀ ਕਮੇਟੀ ਨਾਲ ਮੁਲਾਕਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਖੁੱਲ ਕੇ ਸਮਰਥਨ ਕੀਤਾ ਸੀ ਅਤੇ ਕੇਂਦਰੀ ਲੀਡਰਸ਼ਿਪ ਨੂੰ ਸੂਚਿਤ ਕੀਤਾ ਸੀ ਕਿ ਕਾਂਗਰਸ ਨੂੰ ਦੋਬਾਰਾ ਸਿਰਫ ਕੈਪਟਨ ਅਮਰਿਦੰਰ ਸਿੰਘ ਹੀ ਜਿਤਾ ਸਕਦੇ ਹਨ।


Bharat Thapa

Content Editor

Related News