ਸੀਨੀਅਰ ਸਿਟੀਜ਼ਨਜ਼ ਨੂੰ ਭਵਨ ਨਿਰਮਾਣ ਅਤੇ ਪਲਾਟਾਂ ''ਚ ਪਹਿਲ ਦੇਣ ਦੀ ਪਾਲਿਸੀ ਤਿਆਰ

Saturday, Jun 16, 2018 - 07:59 AM (IST)

ਸੀਨੀਅਰ ਸਿਟੀਜ਼ਨਜ਼ ਨੂੰ ਭਵਨ ਨਿਰਮਾਣ ਅਤੇ ਪਲਾਟਾਂ ''ਚ ਪਹਿਲ ਦੇਣ ਦੀ ਪਾਲਿਸੀ ਤਿਆਰ

ਰੂਪਨਗਰ  (ਵਿਜੇ) - ਸੂਬਾ ਸਰਕਾਰ ਨੇ ਰਾਜ 'ਚ ਫਲੈਟਾਂ ਅਤੇ ਪਲਾਟ ਅਲਾਟਮੈਂਟ 'ਚ ਸੀਨੀਅਰ ਸਿਟੀਜ਼ਨ ਨੂੰ ਪਹਿਲ ਦੇਣ ਦਾ ਫੈਸਲਾ ਕੀਤਾ ਹੈ, ਜਿਸ ਦਾ ਵੱਖ-ਵੱਖ ਸੀਨੀਅਰ ਸਿਟੀਜ਼ਨ ਕੌਂਸਲਾਂ ਵੱਲੋਂ ਸਵਾਗਤ ਕੀਤਾ ਗਿਆ ਹੈ।ਅਡੀਸ਼ਨਲ ਚੀਫ ਸੈਕਟਰੀ ਹਾਊਸਿੰਗ ਐਂਡ ਅਰਬਨ ਡਿਵੈੱਲਪਮੈਂਟ ਪੰਜਾਬ ਵਿਨੀ ਮਹਾਜਨ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਰਾਜ 'ਚ ਲਾਗੂ ਕੀਤੀ ਗਈ ਨਵੀਂ ਹਾਊਸਿੰਗ ਪਾਲਿਸੀ 'ਚ ਰਾਜ ਦੇ ਸੀਨੀਅਰ ਸਿਟੀਜ਼ਨਾਂ ਨੂੰ ਪਹਿਲ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨਜ਼ ਨੂੰ ਰਾਜ 'ਚ ਫਲੈਟ ਅਤੇ ਪਲਾਟ ਦੀ ਸਭ ਤੋ ਵੱਧ ਜ਼ਰੂਰਤ ਹੁੰਦੀ ਹੈ, ਜਦੋਂਕਿ ਹੋਰ ਵਰਗ ਵੀ ਇਸ ਪਾਲਿਸੀ ਤਹਿਤ ਫਲੈਟ ਅਤੇ ਪਲਾਟ ਅਪਲਾਈ ਕਰ ਸਕਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਦੀ ਪਹਿਲੀ ਪਾਲਿਸੀ ਅਨੁਸਾਰ ਸਮਾਜ ਦਾ ਕੋਈ ਵੀ ਵਰਗ ਪੁੱਡਾ ਦੁਆਰਾ ਵਿਕਾਸ ਦੀ ਜਾਰੀ ਕਿਸੇ ਵੀ ਸਕੀਮ 'ਚ ਅਪਲਾਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਅਤੇ ਪੰਜਾਬ ਦੇ ਹੋਰ ਸ਼ਹਿਰਾਂ 'ਚ ਵੀ ਨਵੀਆਂ ਹਾਊਸਿੰਗ ਸਕੀਮਾਂ ਤਿਆਰ ਕਰ ਰਹੀ ਹੈ ਤਾਂ ਕਿ ਸੂਬੇ ਦੇ ਹਰੇਕ ਨਾਗਰਿਕ ਨੂੰ ਇਕ ਵਧੀਆ ਭਵਨ ਦਿੱਤਾ ਜਾ ਸਕੇ। ਇਸ ਮੌਕੇ ਸੀਨੀਅਰ ਸਿਟੀਜ਼ਨ ਕੌਂਸਲ ਰੂਪਨਗਰ ਦੇ ਪ੍ਰਧਾਨ ਇੰਜੀਨੀਅਰ ਕਰਨੈਲ ਸਿੰਘ ਨੇ ਮੰਗ ਕੀਤੀ ਕਿ ਸਰਕਾਰ ਇਸ ਦੇ ਨਾਲ ਸੀਨੀਅਰ ਸਿਟੀਜ਼ਨਜ਼ ਦੀਆਂ ਵਿਸ਼ੇਸ਼ ਕਾਲੋਨੀਆਂ ਅਤੇ ਸੋਸਾਇਟੀਆਂ ਬਣਾਉਣ ਦੀ ਪਾਲਿਸੀ ਵੀ ਤਿਆਰ ਕਰੇ ਅਤੇ ਨਾਲ ਹੀ ਓਲਡ ਏਜ ਹੋਮ ਲਈ ਸਸਤੀਆਂ ਦਰਾਂ 'ਤੇ ਪਲਾਟ ਉਪਲੱਬਧ ਕਰਵਾਏ। ਇਸ ਮੌਕੇ 'ਆਪਣਾ ਘਰ' ਰੂਪਨਗਰ ਦੇ ਪ੍ਰਧਾਨ ਰਜਿੰਦਰ ਸੈਣੀ ਨੇ ਵੀ ਵਿਸ਼ੇਸ਼ ਤੌਰ 'ਤੇ ਸੂਬਾ ਸਰਕਾਰ ਅਤੇ ਅਡੀਸ਼ਨਲ ਚੀਫ ਸੈਕਟਰੀ ਵਿਨੀ ਮਹਾਜਨ ਦਾ ਧੰਨਵਾਦ ਕੀਤਾ।


Related News