ਚਮਕੀਲੇ ਦੇ ਗੀਤਾਂ ''ਤੇ ਭੰਗੜਾ ਪਾਉਣ ਵਾਲੇ ਪੁਲਸ ਮੁਲਾਜ਼ਮਾਂ ਨੂੰ ਭੁੱਲੀ ਮਰਿਆਦਾ, ਮਸਤੀ ਕਰਦਿਆਂ ਦੀ ਵੀਡੀਓ ਵਾਇਰਲ (ਵੀਡੀਓ)

Tuesday, Oct 31, 2017 - 04:51 PM (IST)

ਆਨੰਦਪੁਰ ਸਾਹਿਬ : ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਿਰਫ 500 ਮੀਟਰ ਦੀ ਦੂਰੀ 'ਤੇ ਪੁਲਸ ਥਾਣੇ 'ਚ ਬੈਠੇ ਪੁਲਸ ਮੁਲਾਜ਼ਮਾਂ ਨੂੰ ਸ਼ਰਾਬ ਤੇ ਕਬਾਬ ਦੀ ਅਜਿਹੀ ਲੋਰ ਚੜ੍ਹੀ ਕਿ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਭੁਲਾ ਦਿੱਤਾ ਅਤੇ ਆਪਣੀ ਹੀ ਮਸਤੀ 'ਚ ਚਮਕੀਲੇ ਦੇ ਗੀਤਾਂ 'ਤੇ ਭੰਗੜਾ ਪਾਉਂਦੇ ਹੋਏ ਨਜ਼ਰ ਆਏ। ਤੁਹਾਨੂੰ ਦੱਸ ਦੇਈਏ ਕਿ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਦੀ ਸਰਹੱਦ 'ਚ ਸ਼ਰਾਬ ਪੀਣ ਅਤੇ ਮੀਟ ਖਾਣ ਦੀ ਪਾਬੰਦੀ ਹੈ ਪਰ ਇਸ ਮਰਿਆਦਾ ਨੂੰ ਬਣਾਈ ਰੱਖਣ ਵਾਲੀ ਪੁਲਸ ਨੂੰ ਹੀ ਆਪਣਾ ਫਰਜ਼ ਭੁੱਲ ਗਿਆ। ਦੀਵਾਲੀ ਵਾਲੇ ਦਿਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਕਈ ਮੁਲਾਜ਼ਮ ਵਰਦੀ ਪਾ ਕੇ ਸ਼ਰਾਬ ਪੀਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਪਿੱਛੇ ਬੈਠਾ ਇਕ ਮੁਲਾਜ਼ਮ ਜਰਦਾ ਵੀ ਮਲਦਾ ਦਿਖਾਈ ਦੇ ਰਿਹਾ ਹੈ। ਪੁਲਸ ਮੁਲਾਜ਼ਮਾਂ ਦਾ ਇਕ ਸਾਥੀ ਹੀ ਉਨ੍ਹਾਂ ਦੀ ਇਹ ਵੀਡੀਓ ਬਣਾ ਰਿਹਾ ਹੈ। ਫਿਲਹਾਲ ਇਸ ਮਾਮਲੇ ਬਾਰੇ ਜਦੋਂ ਐੱਸ. ਐੱਸ. ਪੀ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵੀਡੀਓ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਕਿ ਇਨ੍ਹਾਂ ਮੁਲਾਜ਼ਮਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਗੁਰੂ ਨਗਰੀ 'ਚ ਸ਼ਰਾਬ ਵੇਚਣ 'ਤੇ ਪਾਬੰਦੀ ਹੈ ਅਤੇ ਹੋਟਲਾਂ, ਢਾਬਿਆਂ ਆਦਿ 'ਚ ਸ਼ਰਾਬ ਅਤੇ ਮੀਟ ਪਰੋਸਣ ਦੀ ਵੀ ਮਨਾਹੀ ਹੈ, ਇਸ ਦੇ ਬਾਵਜੂਦ ਵੀ ਪੁਲਸ ਵਾਲਿਆਂ ਨੇ ਹੀ ਇਨ੍ਹਾਂ ਨਿਯਮਾਂ ਨੂੰ ਤੋੜ ਦਿੱਤਾ ਅਤੇ ਆਪਣੀ ਹੀ ਮਸਤੀ ਕਰਦੇ ਹੋਏ ਨਜ਼ਰ ਆਏ।


Related News