ਉਧਾਰ ਪੈਸੇ ਨਾ ਦੇਣ ਤੋਂ ਗੁੱਸੇ ਵਿਚ ਆਏ ਪੁਲਸ ਕਰਮਚਾਰੀ ਨੇ ਭੰਨਿਆ ਮੈਡੀਕਲ ਸਟੋਰ

Tuesday, Dec 19, 2023 - 06:06 PM (IST)

ਮਲੋਟ (ਸ਼ਾਮ ਜੁਨੇਜਾ) : ਮਲੋਟ ਨੇੜੇ ਪਿੰਡ ਧੌਲਾ ਵਿਖੇ ਇਕ ਮੈਡੀਕਲ ਸਟੋਰ ਤੋਂ ਉਧਾਰ ਪੈਸੇ ਨਾ ਮਿਲਨ |ਤੇ ਗੁੱਸੇ ਵਿਚ ਆਏ ਇਕ ਪੁਲਸ ਕਰਮਚਾਰੀ ਨੇ ਦੁਕਾਨ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਤੋੜ ਫੋੜ ਕੀਤੀ। ਇਸ ਮਾਮਲੇ ਸਬੰਧੀ ਕੈਮਿਸਟ ਐਸੋਸੀਏਸ਼ਨ ਵੱਲੋਂ ਥਾਣਾ ਲੰਬੀ ਵਿਖੇ  ਜਾਕੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਤਰਸੇਮ ਯਾਦਵ ਨਾਮਕ ਇਕ ਵਿਅਕਤੀ ਦਾ ਪਿੰਡ ਧੌਲਾ ਵਿਖੇ ਮੈਡੀਕਲ ਸਟੋਰ ਹੈ। ਇਸ ਪਿੰਡ ਦਾ ਹੀ ਇਕ ਵਿਅਕਤੀ ਬਾਹਰਲੇ ਜ਼ਿਲ੍ਹੇ ਅੰਦਰ ਪੁਲਸ ਵਿਚ ਕਰਮਚਾਰੀ ਹੈ। ਉਕਤ ਕਰਮਚਾਰੀ ਪਹਿਲਾਂ ਵੀ ਕਈ ਵਾਰ ਮੈਡੀਕਲ ਸਟੋਰ ਮਾਲਕ ਤੋਂ ਉਧਾਰ ਪੈਸੇ ਮੰਗ ਕਿ ਲੈ ਜਾਂਦਾ ਸੀ। ਅੱਜ ਸਵੇਰੇ ਵੀ ਉਸਨੇ ਮੈਡੀਕਲ ਸਟੋਰ ਮਾਲਕ ਤੋਂ ਪੈਸੇ ਮੰਗੇ ਪਰ ਸਵੇਰ ਦਾ ਸਮਾਂ ਹੋਣ ਕਰਕੇ ਮੈਡੀਕਲ ਸਟੋਰ ਮਾਲਕ ਨੇ ਉਕਤ ਕਰਮਚਾਰੀ ਨੂੰ ਪੈਸੇ ਨਾ ਹੋਣ ਦਾ ਕਹਿ ਕਿ ਉਧਾਰੀ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ’ਤੇ ਉਕਤ ਕਰਮਚਾਰੀ ਤੈਸ਼ ਵਿਚ ਆ ਗਿਆ ਅਤੇ ਉਸਨੇ ਮੈਡੀਕਲ ਸਟੋਰ ਅੰਦਰ ਦਾਖਲ ਹੋ ਕੇ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ। ਉਕਤ ਕਰਮਚਾਰੀ ਵੱਲੋਂ ਦੁਕਾਨ ਦੇ ਬਾਹਰ ਲੱਗੇ ਸ਼ੀਸ਼ੇ ਦੇ ਗੇਟ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ। 

ਇਸ ਘਟਨਾ ਨੂੰ ਲੈ ਕੇ ਕੈਮਿਸਟ ਐਸੋ ਅਤੇ ਪਿੰਡ ਵਾਸੀਆਂ ਨੇ ਵੀ ਬੁਰਾ ਮਨਾਇਆ ਹੈ। ਬਾਅਦ ਵਿਚ ਕੈਮਿਸਟ ਐਸੋਸੀਏਸ਼ਨ ਦਾ ਇਕ ਵਫ਼ਦ ਜਿਸ ਵਿਚ ਸੁਨੀਲ ਮਿੱਡਾ ਲੰਬੀ, ਜਗਤਾਰ ਸਿੰਘ ਖਿਉਵਾਲੀ, ਹਰਦੀਪ ਮਹਿਣਾ, ਕਾਲਾ  ਚੰਨੂੰ, ਸੁੱਖਾ ਖੁੱਡੀਆ,ਅਸ਼ੋਕ  ਅਬੁਲਖੁਰਾਣਾ, ਸੁਨੀਲ ਮਾਹੂਆਨਾ, ਭਾਰਤ ਲੰਬੀ, ਮਲਕੀਤ ਲੰਬੀ ਅਤੇ ਬਲਵਿੰਦਰ ਸ਼ਰਮਾ ਮਹਿਣਾ ਹਾਜ਼ਰ ਸਨ। ਇਸ ਸਬੰਧੀ ਕੈਮਸਿਟ ਐਸੋਸੀਏਸ਼ਨ ਮਲੋਟ ਲੰਬੀ ਦੇ ਪ੍ਰਧਾਨ ਰਜਿੰਦਰ ਜੁਨੇਜਾ ਦੀ ਅਗਵਾਈ ਹੇਠ ਕੈਮਿਸਟਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ’ਤੇ ਐੱਸ. ਐੱਚ. ਓ. ਲੰਬੀ ਰਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।  


Gurminder Singh

Content Editor

Related News