ਗੱਡੀ ਤੋੜਨ ਤੇ ਹੌਲਦਾਰ ਦੀ ਵਰਦੀ ਪਾੜਨ ਦੇ ਦੋਸ਼ ''ਚ 1 ਗ੍ਰਿਫਤਾਰ

Monday, Dec 31, 2018 - 03:24 PM (IST)

ਗੱਡੀ ਤੋੜਨ ਤੇ ਹੌਲਦਾਰ ਦੀ ਵਰਦੀ ਪਾੜਨ ਦੇ ਦੋਸ਼ ''ਚ 1 ਗ੍ਰਿਫਤਾਰ

ਕੋਟਕਪੂਰਾ (ਨਰਿੰਦਰ, ਜ.ਬ.) : ਬੀਤੀ ਸ਼ਾਮ ਪੁਲਸ ਦੀ ਗੱਡੀ 'ਤੇ ਹਮਲਾ ਕਰਨ ਨੂੰ ਲੈ ਕੇ ਥਾਣਾ ਸਦਰ ਕੋਟਕਪੂਰਾ ਵਿਖੇ 5 ਨਾਮਜ਼ਦ ਅਤੇ 15-20 ਨਾਮਾਲੂਮ ਮਰਦ ਅਤੇ ਔਰਤਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਇਸ ਸਬੰਧ ਵਿਚ ਹੌਲਦਾਰ ਬਲਰਾਜ ਸਿੰਘ ਦੇ ਬਿਆਨ ਦੇ ਆਧਾਰ 'ਤੇ ਥਾਣਾ ਸਦਰ ਕੋਟਕਪੂਰਾ ਵਿਖੇ ਦਰਜ ਮਾਮਲੇ ਅਨੁਸਾਰ ਹੌਲਦਾਰ ਬਲਰਾਜ ਸਿੰਘ ਥਾਣਾ ਸਿਟੀ ਕੋਟਕਪੂਰਾ ਦੀ ਸਰਕਾਰੀ ਸਕਾਰਪੀਓ ਗੱਡੀ 'ਤੇ ਡਰਾਇਵਰੀ ਦੀ ਡਿਊਟੀ ਕਰਦਾ ਹੈ।
ਜਾਣਕਾਰੀ ਅਨੁਸਾਰ ਜਦ ਪੁਲਸ ਪਾਰਟੀ ਸ਼ਾਮ 5:45 ਵਜੇ ਦੇ ਕਰੀਬ ਪੈਟਰੋਲਿੰਗ ਕਰਦੀ ਹੋਈ ਪੰਚਾਇਤੀ ਚੋਣਾਂ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੂੰ ਘਰਾਂ ਨੂੰ ਭੇਜਣ ਲਈ ਕੋਠੇ ਹਵਾਨਾ (ਢਿੱਲਵਾਂ ਕਲਾ) ਸਕੂਲ ਕੋਲ ਪੁੱਜੀ ਤਾਂ ਕੁੱਝ ਲੋਕਾਂ ਨੇ ਸਾਹਮਣੇ ਤੋਂ ਇਕ ਸਕਾਰਪੀਓ ਗੱਡੀ ਅਤੇ ਇਕ ਟਰੈਕਟਰ ਸਰਕਾਰੀ ਗੱਡੀ ਅੱਗੇ ਲਾ ਕੇ ਗੱਡੀ ਨੂੰ ਰੋਕ ਲਿਆ ਅਤੇ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਉਕਤ ਲੋਕਾਂ ਨੇ ਹੌਲਦਾਰ ਬਲਰਾਜ ਸਿੰਘ ਦੀ ਵਰਦੀ ਪਾੜ ਦਿੱਤੀ ਅਤੇ ਡਾਂਗਾ-ਸੋਟੀਆਂ ਨਾਲ ਗੱਡੀ ਦੀ ਭੰਨ ਤੋੜ ਕਰ ਕੇ ਡਿਊਟੀ ਵਿਚ ਵੀ ਵਿਘਨ ਪਾਇਆ।
ਇਸ ਸਬੰਧ ਵਿਚ ਜਗਜੀਤ ਸਿੰਘ, ਰਾਜਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਤੋਂ ਇਲਾਵਾ 15-20 ਹੋਰ ਨਾਮਲੂਮ ਮਰਦ ਅਤੇ ਔਰਤਾਂ ਖਿਲਾਫ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿਚ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਗਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


Related News