ਕਾਲਜਾਂ ਦੇ ਬਾਹਰ ਮੰਡਰਾਉਂਦੇ ਮਜਨੂੰਆਂ ''ਤੇ ਪੁਲਸ ਕੱਸੇਗੀ ਸ਼ਿਕੰਜਾ
Saturday, Aug 19, 2017 - 01:02 PM (IST)
ਲੁਧਿਆਣਾ(ਰਿਸ਼ੀ) - ਗਰਲਜ਼ ਕਾਲਜ ਦੇ ਬਾਹਰ ਮੰਡਰਾਉਂਦੇ ਮਜਨੂੰਆਂ 'ਤੇ ਪੁਲਸ ਸ਼ਿਕੰਜਾ ਕੱਸ ਰਹੀ ਹੈ। ਵੀਰਵਾਰ ਨੂੰ ਸਰਕਾਰੀ ਕਾਲਜ ਤੋਂ ਬਾਅਦ ਅੱਜ ਆਈ. ਪੀ. ਐੱਸ. ਅਧਿਕਾਰੀ ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਘੁਮਾਰ ਮੰਡੀ ਖਾਲਸਾ ਕਾਲਜ ਫਾਰ ਵੂਮੈਨ ਦੇ ਬਾਹਰ ਅਚਾਨਕ ਚੈਕਿੰਗ ਕਰਨ ਪੁੱਜ ਗਏ। ਉਨ੍ਹਾਂ ਨੂੰ ਦੇਖ ਕੇ ਕਈ ਮਜਨੂੰਆਂ ਦੇ ਇਸ਼ਕ ਦਾ ਭੂਤ ਉਤਰ ਗਿਆ ਅਤੇ ਕੁਝ ਸੈਕਿੰਡਾਂ 'ਚ ਗਾਇਬ ਹੋ ਗਏ। ਜਦੋਂਕਿ ਕਈਆਂ ਨੂੰ ਮੌਕੇ 'ਤੇ ਰੋਕ ਕੇ ਪੁੱਛਗਿੱਛ ਕੀਤੀ ਗਈ।
ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਲੜਕੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਪੁਲਸ ਕੋਲ ਕਾਫੀ ਸ਼ਿਕਾਇਤਾਂ ਆ ਰਹੀਆਂ ਸਨ ਕਿ ਸਵਾਰੀਆਂ ਬਿਠਾਉਣ ਬਹਾਨੇ ਕਈ ਆਟੋ ਚਾਲਕ ਅਤੇ ਕਈ ਕਾਲਜਾਂ ਦੇ ਬਾਹਰ ਖੜ੍ਹੇ ਨੌਜਵਾਨ ਲੜਕੀਆਂ ਨੂੰ ਸ਼ਰੇਆਮ ਤੰਗ ਕਰ ਰਹੇ ਹਨ। ਬਦਨਾਮੀ ਦੇ ਡਰੋਂ ਲੜਕੀਆਂ ਚੁੱਪਚਾਪ ਉੱਥੋਂ ਨਿਕਲ ਜਾਂਦੀਆਂ ਹਨ। ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ ਅਤੇ ਅੱਗੇ ਵੀ ਹਰ ਰੋਜ਼ ਸ਼ਹਿਰ ਦੇ ਸਾਰੇ ਗਰਲਜ਼ ਕਾਲਜਾਂ ਅਤੇ ਸਕੂਲਾਂ ਦੇ ਬਾਹਰ ਚੈਕਿੰਗ ਹੋਵੇਗੀ ਤਾਂ ਕਿ ਵਿਦਿਆਰਥਣਾਂ ਅਤੇ ਲੜਕੀਆਂ ਸੁਰੱਖਿਅਤ ਮਹਿਸੂਸ ਕਰਨ।
