ਜੀਜੇ ਨੇ ਕੀਤਾ ਸੀ ਸਾਲ਼ੇ ਦਾ ਕਤਲ, ਪੁਲਸ ਨੇ 72 ਘੰਟਿਆਂ ‘ਚ ਸੁਲਝਾਈ ਕਤਲ ਕੇਸ ਦੀ ਗੁੱਥੀ, ਕਾਤਲ ਗ੍ਰਿਫ਼ਤਾਰ

Wednesday, Jan 18, 2023 - 07:46 PM (IST)

ਜੀਜੇ ਨੇ ਕੀਤਾ ਸੀ ਸਾਲ਼ੇ ਦਾ ਕਤਲ, ਪੁਲਸ ਨੇ 72 ਘੰਟਿਆਂ ‘ਚ ਸੁਲਝਾਈ ਕਤਲ ਕੇਸ ਦੀ ਗੁੱਥੀ, ਕਾਤਲ ਗ੍ਰਿਫ਼ਤਾਰ

ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ) : ਬੀਤੇ ਦਿਨੀਂ ਸਰਾਫਾ ਬਜ਼ਾਰ ‘ਚ ਸੋਨੇ ਦੀ ਢਲਾਈ ਦਾ ਕੰਮ ਕਰਨ ਵਾਲੇ ਮੁਹੰਮਦ ਸ਼ਕੀਲ ਨਾਂ ਦੇ ਵਿਅਕਤੀ ਦਾ ਦਿਨ-ਦਿਹਾੜੇ ਛੁਰਾ ਮਾਰ ਕੇ ਕਤਲ ਕਰਨ ਉਪਰੰਤ ਫਰਾਰ ਹੋਏ ਮੁਲਜ਼ਮ ਨੂੰ ਮਾਲੇਰਕੋਟਲਾ ਪੁਲਸ ਨੇ 72 ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਵਾਰਦਾਤ ‘ਚ ਵਰਤੇ ਗਏ ਤੇਜ਼ਧਾਰ ਹਥਿਆਰ ਸਮੇਤ ਅੱਜ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਸ਼ਨਾਖਤ ਮੁਹੰਮਦ ਅਸਲਮ ਉਰਫ ਅੱਛੂ ਪੁੱਤਰ ਮੁਹੰਮਦ ਜਮੀਲ ਵਾਸੀ ਮਾਲੇਰਕੋਟਲਾ ਵਜੋਂ ਹੋਈ, ਜੋ ਕਿ ਰਿਸ਼ਤੇ ‘ਚ ਮ੍ਰਿਤਕ ਮੁਹੰਮਦ ਸ਼ਕੀਲ ਦਾ ਸਕਾ ਜੀਜਾ ਲੱਗਦਾ ਹੈ।

ਇਹ ਵੀ ਪੜ੍ਹੋ : ਰਾਹੁਲ ਦਾ ‘ਸਿੱਧੂ’ ਨੂੰ ਰਿਹਾਈ ਉਪਰੰਤ ਵੱਡੇ ਥਾਪੜੇ ਦਾ ਇਸ਼ਾਰਾ, ਬੱਝੀਆਂ 2024 ’ਤੇ ਆਸਾਂ

ਅੱਜ ਇਥੇ ਬਾਅਦ ਦੁਪਹਿਰ ਪੁਲਸ ਜ਼ਿਲ੍ਹਾ ਹੈੱਡ ਕੁਆਰਟਰ ਦੇ ਮੀਟਿੰਗ ਹਾਲ ‘ਚ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ. ਮਾਲੇਰਕੋਟਲਾ ਮੈਡਮ ਅਵਨੀਤ ਕੌਰ ਸਿੱਧੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ‘ਚ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਜ਼ਿਲ੍ਹਾ ਪੁਲਸ ਨੇ ਮੁਸਤੈਦੀ ਨਾਲ ਕੰਮ ਕਰਦਿਆਂ ਜਗਦੀਸ਼ ਬਿਸ਼ਨੋਈ ਕਪਤਾਨ ਪੁਲਸ ਇਨਵੈਸਟੀਗੇਸ਼ਨ ਦੀ ਅਗਵਾਈ ਹੇਠ ਜਤਿਨ ਬਾਂਸਲ ਉਪ ਕਪਤਾਨ ਪੁਲਸ ਇਨਵੈਸਟੀਗੇਸ਼ਨ, ਕੁਲਦੀਪ ਸਿੰਘ ਡੀ.ਐੱਸ.ਪੀ. ਸਬ-ਡਵੀਜ਼ਨ ਮਾਲੇਰਕੋਟਲਾ, ਇਕਬਾਲ ਸਿੰਘ ਡੀ.ਐੱਸ.ਪੀ. ਅਮਰਗੜ੍ਹ, ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ. ਮਾਹੋਰਾਣਾ, ਇੰਸਪੈਕਟਰ ਜਸਵੀਰ ਸਿੰਘ ਤੂਰ ਮੁੱਖ ਅਫ਼ਸਰ ਥਾਣਾ ਸਿਟੀ-2 ਮਾਲੇਰਕੋਟਲਾ ਅਤੇ ਥਾਣੇਦਾਰ ਪਰਮਦੀਨ ਖਾਨ ਮੁੱਖ ਅਫ਼ਸਰ ਥਾਣਾ ਸਿਟੀ-1 ਮਾਲੇਰਕੋਟਲਾ ਆਦਿ ਪੁਲਸ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ, ਜਿਨ੍ਹਾਂ ਵੱਲੋਂ ਦੋਸ਼ੀ ਮੁਹੰਮਦ ਅਸਲਮ ਨੂੰ ਟ੍ਰੇਸ ਕਰਨ ਲਈ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰੇ ਗਏ।

ਇਹ ਵੀ ਪੜ੍ਹੋ : ਦਿੱਲੀ ’ਚ ਗ੍ਰਿਫ਼ਤਾਰ ਅੱਤਵਾਦੀਆਂ ਦੇ 4 ਸਾਥੀ ਅਜੇ ਵੀ ਫਰਾਰ, ਤਲਾਸ਼ ’ਚ ਜੁਟੀਆਂ ਸੁਰੱਖਿਆ ਏਜੰਸੀਆਂ

ਇਸ ਦੌਰਾਨ ਇੰਸਪੈਕਟਰ ਜਸਵੀਰ ਸਿੰਘ ਤੂਰ ਦੀ ਟੀਮ ਨੇ ਬਾਕੀ ਪੁਲਸ ਟੀਮਾਂ ਦੀ ਮਦਦ ਨਾਲ ਅੱਜ ਦੋਸ਼ੀ ਮੁਹੰਮਦ ਅਸਲਮ ਉਰਫ ਅੱਛੂ ਨੂੰ ਸਥਾਨਕ ਜਰਗ ਚੌਕ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਤੇ ਵਾਰਦਾਤ ‘ਚ ਵਰਤਿਆ ਗਿਆ ਹਥਿਆਰ ਵੀ ਦੋਸ਼ੀ ਤੋਂ ਬਰਾਮਦ ਕਰਵਾ ਲਿਆ ਗਿਆ ਹੈ। ਮੈਡਮ ਅਵਨੀਤ ਸਿੱਧੂ ਨੇ ਦੱਸਿਆ ਕਿ ਦੋਸ਼ੀ ਕੋਲੋਂ ਮੁਕੱਦਮੇ ਸਬੰਧੀ ਅਗਲੀ ਪੁੱਛਗਿੱਛ ਜਿਥੇ ਅਮਲ ‘ਚ ਲਿਆਂਦੀ ਜਾ ਰਹੀ ਹੈ, ਉਥੇ ਹੁਣ ਤੱਕ ਦੀ ਕੀਤੀ ਗਈ ਤਫਤੀਸ਼ ਦੌਰਾਨ ਦੋਸ਼ੀ ਨੇ ਦੱਸਿਆ ਕਿ ਮ੍ਰਿਤਕ ਮੁਹੰਮਦ ਸ਼ਕੀਲ ਰਿਸ਼ਤੇ ‘ਚ ਉਸ ਦਾ ਸਾਲ਼ਾ ਲੱਗਦਾ ਹੈ। ਪੁੱਛਗਿੱਛ ਦੌਰਾਨ ਕਤਲ ਪਿੱਛੇ ਜੋ ਕਹਾਣੀ ਖੁੱਲ੍ਹ ਕੇ ਸਾਹਮਣੇ ਆਈ, ਉਸ ਮੁਤਾਬਕ ਦੋਸ਼ੀ ਮੁਹੰਮਦ ਅਸਲਮ ਦੀ ਪਤਨੀ ਫਰਜ਼ਾਨਾ ਆਪਣੇ ਪਤੀ ਨਾਲ ਚੱਲਦੇ ਘਰੇਲੂ ਝਗੜੇ ਕਾਰਨ ਆਪਣੇ ਕਰੀਬ 10 ਸਾਲਾ ਲੜਕੇ ਆਸਿਮ ਮੁਹੰਮਦ ਸਮੇਤ ਪਿਛਲੇ ਲੰਬੇ ਸਮੇਂ ਤੋਂ ਆਪਣੇ ਮ੍ਰਿਤਕ ਭਰਾ ਮੁਹੰਮਦ ਸ਼ਕੀਲ ਦੇ ਕੋਲ ਉਸ ਦੇ ਘਰ ‘ਚ ਹੀ ਰਹਿੰਦੀ ਸੀ। ਦੋਸ਼ੀ ਮੁਹੰਮਦ ਅਸਲਮ ਉਰਫ ਅੱਛੂ ਸ਼ਰਾਬੀ ਅਤੇ ਜੂਏਬਾਜ਼ ਹੋਣ ਕਰਕੇ ਉਸ ਦੀ ਪਤਨੀ ਫਰਜ਼ਾਨਾਂ ਨੇ ਉਸ ਨਾਲ ਸਹੁਰੇ ਘਰ ਜਾਣ ਤੋਂ ਜਵਾਬ ਦੇ ਦਿੱਤਾ ਸੀ। ਦੋਸ਼ੀ ਮੁਹੰਮਦ ਅਸਲਮ ਹੁਣ ਗੌਂਸਪੁਰਾ ਲੁਧਿਆਣਾ ਵਿਖੇ ਮੀਟ ਦੀ ਦੁਕਾਨ ਕਰਦਾ ਹੈ ਅਤੇ ਕਰੀਬ 2 ਸਾਲ ਤੋਂ ਲੁਧਿਆਣੇ ਵਿਖੇ ਹੀ ਇਕੱਲਾ ਰਹਿੰਦਾ ਆ ਰਿਹਾ ਹੈ। 

ਇਹ ਵੀ ਪੜ੍ਹੋ : ਛੇੜਖਾਨੀ ਤੋਂ ਪ੍ਰੇਸ਼ਾਨ ਵਿਦਿਆਰਥਣ ਨੇ ਚੁੱਕਿਆ ਖ਼ੌਫਨਾਕ ਕਦਮ, ਗਲ਼ ਲਾਈ ਮੌਤ

ਐੱਸ.ਐੱਸ.ਪੀ. ਮੈਡਮ ਸਿੱਧੂ ਨੇ ਦੱਸਿਆ ਕਿ ਲੰਘੀ 16 ਜਨਵਰੀ ਨੂੰ ਦੋਸ਼ੀ ਅਸਲਮ ਸਥਾਨਕ ਸਰਾਫਾ ਬਜ਼ਾਰ ‘ਚ ਘਟਨਾ ਸਥਾਨ ਵਿਖੇ ਆਪਣੇ ਮ੍ਰਿਤਕ ਸਾਲ਼ੇ ਕੋਲ ਆਪਣੀ ਘਰਵਾਲੀ ਨੂੰ ਧੱਕੇ ਨਾਲ ਆਪਣੇ ਨਾਲ ਲਿਜਾਣ ਲਈ ਆਇਆ ਸੀ, ਜਿੱਥੇ ਮ੍ਰਿਤਕ ਸ਼ਕੀਲ ਨੇ ਦੋਸ਼ੀ ਨੂੰ ਜਵਾਬ ਦੇ ਦਿੱਤਾ। ਇਸੇ ਰੰਜਿਸ਼ ਕਾਰਨ ਗੁੱਸੇ ‘ਚ ਆ ਕੇ ਦੋਸ਼ੀ ਅਸਲਮ ਉਰਫ ਅੱਛੂ ਜੋ ਕਿ ਪਹਿਲਾਂ ਤੋਂ ਹੀ ਕਤਲ ਕਰਨ ਦਾ ਮਨ ਬਣਾ ਕੇ ਆਇਆ ਸੀ, ਨੇ ਆਪਣੇ ਨਾਲ ਲਿਆਂਦੀ ਮੀਟ ਕੱਟਣ ਵਾਲੀ ਛੁਰੀ ਨਾਲ ਆਪਣੇ ਸਾਲ਼ੇ ਮੁਹੰਮਦ ਸ਼ਕੀਲ ਦੀ ਛਾਤੀ ‘ਤੇ ਇਕ ਤੋਂ ਬਾਅਦ ਇਕ ਕਰੀਬ ਅੱਧੀ ਦਰਜਨ ਵਾਰ ਕਰ ਦਿੱਤੇ। ਤੇਜ਼ਧਾਰ ਛੁਰੀ ਦੇ ਅਟੈਕ ਨਾਲ ਮ੍ਰਿਤਕ ਮੁਹੰਮਦ ਸ਼ਕੀਲ ਦੇ ਜਿਸਮ ‘ਤੇ ਕਈ ਡੂੰਘੇ ਜ਼ਖਮ ਹੋਣ ਨਾਲ ਉਸ ਦੀ ਮੌਤ ਹੋ ਗਈ ਸੀ। ਐੱਸ.ਐੱਸ.ਪੀ. ਮੈਡਮ ਸਿੱਧੂ ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਕਤਲ ਦੀ ਧਾਰਾ 302 ਤਹਿਤ ਮਾਲੇਰਕੋਟਲਾ ਥਾਣਾ ਸਿਟੀ-2 ਵਿਖੇ ਮੁਕੱਦਮਾ ਨੰਬਰ 8 ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਕੱਲ੍ਹ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਉਸ ਦਾ ਪੁਲਸ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News