ਪੁਲਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ 24 ਘੰਟਿਆਂ ’ਚ ਕੀਤਾ ਹੱਲ, 3 ਮੁਲਜ਼ਮ ਗ੍ਰਿਫ਼ਤਾਰ
Sunday, Aug 04, 2024 - 04:00 AM (IST)
ਹੁਸ਼ਿਆਰਪੁਰ (ਰਾਕੇਸ਼) - ਜ਼ਿਲਾ ਪੁਲਸ ਨੇ ਪਿੰਡ ਖੈਰੜ ਰਾਵਲ ਬੱਸੀ ਥਾਣਾ ਮਾਹਿਲਪੁਰ ਵਿਖੇ ਹੋਏ ਅੰਨ੍ਹੇ ਕਤਲ ਦੀ ਘਟਨਾ ਨੂੰ 24 ਘੰਟਿਆਂ ਅੰਦਰ ਸੁਲਝਾਉਣ ’ਚ ਸਫਲਤਾ ਹਾਸਲ ਕੀਤੀ ਹੈ। ਜ਼ਿਲਾ ਪੁਲਸ ਮੁਖੀ ਸੁਰਿੰਦਰ ਲਾਂਬਾ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਬੀਤੀ 2 ਅਗਸਤ ਨੂੰ ਘਰ ਵਿਚ ਇਕੱਲੇ ਰਹਿੰਦੇ ਵਿਅਕਤੀ ਹਰਮੇਸ਼ ਲਾਲ ਪੁੱਤਰ ਰਾਮ ਲੁਭਾਇਆ ਵਾਸੀ ਖੈਰੜ ਰਾਵਲ ਬੱਸੀ ਥਾਣਾ ਮਾਹਿਲਪੁਰ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਸਬੰਧੀ ਥਾਣਾ ਮਾਹਿਲਪੁਰ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 151 ਮਿਤੀ 2 ਅਗਸਤ 2024 ਦਰਜ ਕੀਤਾ ਗਿਆ ਸੀ।
ਇਸ ਅੰਨ੍ਹੇ ਕਤਲ ਨੂੰ ਟਰੇਸ ਕਰਨ ਲਈ ਸਬ ਡਵੀਜ਼ਨ ਗੜ੍ਹਸ਼ੰਕਰ ਦੀ ਸਥਾਨਕ ਪੁਲਸ ਅਤੇ ਸੀ.ਆਈ.ਏ. ਸਟਾਫ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਜਿਨ੍ਹਾਂ ਨੇ ਟੈਕਨੀਕਲ ਸੀ.ਸੀ.ਟੀ.ਵੀ. ਫੁੱਟੇਜ ਅਤੇ ਖੁਫੀਆ ਸੂਤਰਾਂ ਦੀ ਵਰਤੋਂ ਕਰਦੇ ਹੋਏ ਡੂੰਘਾਈ ਨਾਲ ਕੀਤੀ ਗਈ ਜਾਂਚ ਦੀ ਮਦਦ ਨਾਲ 24 ਘੰਟਿਆਂ ਦੇ ਅੰਦਰ ਉਕਤ ਮਾਮਲੇ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕ ਰਮੇਸ਼ ਲਾਲ ਇਕੱਲਾ ਰਹਿੰਦਾ ਸੀ। ਉਸ ਦੀ ਪਤਨੀ 8-9 ਸਾਲ ਪਹਿਲਾਂ ਆਪਣੇ ਚਾਰ ਬੱਚਿਆਂ ਸਮੇਤ ਪੇਕੇ ਚਲੀ ਗਈ ਸੀ। ਤਫਤੀਸ਼ ਦੌਰਾਨ 24 ਘੰਟਿਆਂ ਦੇ ਅੰਦਰ ਮਾਮਲੇ ਨੂੰ ਟਰੇਸ ਕਰ ਕੇ ਅਮਰਜੀਤ ਸਿੰਘ ਅਤੇ ਸੁਨੀਲ ਕੁਮਾਰ ਦੋਵੇਂ ਪੁੱਤਰ ਰਾਮ ਪ੍ਰਕਾਸ਼, ਸੰਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਖੈਰੜ ਰਾਵਲ ਬੱਸੀ ਥਾਣਾ ਮਾਹਿਲਪੁਰ ਨੂੰ ਗ੍ਰਿਫ਼ਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਉਹ ਚੋਰੀ ਦੀ ਨੀਅਤ ਨਾਲ ਘਰ ਅੰਦਰ ਦਾਖਲ ਹੋਏ ਸੀ ਅਤੇ ਹਰਮੇਸ਼ ਲਾਲ ਦਾ ਮੂੰਹ ਕੱਪੜੇ ਨਾਲ ਦਬਾਅ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਐੱਸ. ਪੀ. ਸਰਬਜੀਤ ਸਿੰਘ ਬਾਹੀਆ, ਡੀ. ਐੱਸ. ਪੀ. ਪਰਮਿੰਦਰ ਸਿੰਘ ਗੜ੍ਹਸ਼ੰਕਰ, ਇੰਸਪੈਕਟਰ ਗੁਰਪ੍ਰੀਤ ਇੰਚਾਰਜ ਸੀ.ਆਈ.ਏ. ਸਟਾਫ ਅਤੇ ਸਬ ਇੰਸਪੈਕਟਰ ਰਮਨ ਕੁਮਾਰ ਮੁੱਖ ਥਾਣਾ ਅਫਸਰ ਮਾਹਿਲਪੁਰ ਵੀ ਹਾਜ਼ਰ ਸਨ।