ਪੁਲਸ ਨੇ ਸ਼ਰਾਰਤੀ ਨੌਜਵਾਨਾਂ ’ਤੇ ਕੱਸਿਆ ਸ਼ਿਕੰਜਾ
Thursday, Aug 02, 2018 - 12:11 AM (IST)

ਰੂਪਨਗਰ, (ਵਿਜੇ)- ਸਿਟੀ ਪੁਲਸ ਰੂਪਨਗਰ ਨੇ ਅੱਜ ਇਕ ਮੁਹਿੰਮ ਤਹਿਤ ਸਥਾਨਕ ਸਕੂਲਾਂ ਦੇ ਬਾਹਰ ਛੁੱਟੀ ਸਮੇਂ ਘੁੰਮ ਰਹੇ ਲਗਭਗ 40 ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਅਤੇ 18 ਵਾਹਨ ਜ਼ਬਤ ਕੀਤੇ ਗਏ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ 2 ਵਜੇ ਡੀ.ਐੱਸ.ਪੀ. (ਆਰ) ਗੁਰਵਿੰਦਰ ਸਿੰਘ ਦੀ ਅਗਵਾਈ ’ਚ ਸਿਟੀ ਪੁਲਸ ਨੇ ਬੇਲਾ ਚੌਕ ਦੇ ਨੇਡ਼ੇ ਘੁੰਮ ਰਹੇ 40 ਸ਼ਰਾਰਤੀ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ ਜਦੋਂ ਕਿ ਕਰੀਬ 18 ਵਾਹਨਾਂ ਨੂੰ ਜ਼ਬਤ ਕਰ ਲਿਆ। ਪਿਛਲੇ ਕੁਝ ਸਮੇਂ ਤੋਂ ਸਿਟੀ ਪੁਲਸ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਸ਼ਰਾਰਤੀ ਨੌਜਵਾਨ ਬੇਲਾ ਚੌਕ ਦੇ ਨੇਡ਼ੇ ਕੁਝ ਸਕੂਲਾਂ ਦੀਆਂ ਵਿਦਿਆਰਥਣਾਂ ਦਾ ਪਿੱਛਾ ਕਰਦੇ ਹਨ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਹਨ। ਜਿਸ ਦੇ ਬਾਅਦ ਅੱਜ ਸਿਟੀ ਪੁਲਸ ਨੇ ਚੌਕ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਸ਼ਰਾਰਤੀ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ। ਜਿਸ ਕਾਰਨ ਪੁਲਸ ਦੀ ਇਸ ਕਾਰਵਾਈ ਨਾਲ ਸ਼ਹਿਰ ’ਚ ਹਾਹਾਕਾਰ ਮਚ ਗਈ।
ਮਾਪਿਆਂ ’ਚ ਰੋਸ
ਕੁਝ ਨੌਜਵਾਨਾਂ ਦੇ ਮਾਤਾ-ਪਿਤਾ ਨੇ ਰੋਸ ਪ੍ਰਗਟ ਕਰਦਿਅਾਂ ਕਿਹਾ ਕਿ ਕੁਝ ਨੌਜਵਾਨਾਂ ਨੂੰ ਪੁਲਸ ਨੇ ਗਲਤੀ ਨਾਲ ਹਿਰਾਸਤ ’ਚ ਲਿਆ ਹੈ ਕਿਉਂਕਿ ਉਹ ਦੁਪਹਿਰ ਦੇ ਸਮੇਂ ਖਾਣਾ ਖਾਣ ਜਾ ਰਹੇ ਸਨ ਅਤੇ ਉਹ ਆਪਣੇ-ਆਪਣੇ ਕਾਰੋਬਾਰ ਕਰਦੇ ਹਨ। ਮਾਪਿਆਂ ਨੇ ਪੁਲਸ ਨੂੰ ਅਪੀਲ ਕੀਤੀ ਕਿ ਉਹ ਪੁੱਛ-ਗਿੱਛ ਦੇ ਬਾਅਦ ਬੇਕਸੂਰ ਨੌਜਵਾਨਾਂ ਨੂੰ ਰਿਹਾਅ ਕਰੇ।
ਕੀ ਕਹਿੰਦੇ ਨੇ ਐੱਸ.ਐੱਚ.ਓ.
ਐੱਸ.ਐੱਚ.ਓ. ਸੰਨੀ ਖੰਨਾ ਨੇ ਦੱਸਿਆ ਕਿ ਪੁਲਸ ਨੇ ਅੱਜ ਯੋਜਨਾ ਤਹਿਤ ਸ਼ਰਾਰਤੀ ਨੌਜਵਾਨਾਂ ’ਤੇ ਇਹ ਕਾਰਵਾਈ ਕੀਤੀ ਹੈ ਜੋ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਆਮ ਲੋਕਾਂ ਨੂੰ ਤੰਗ-ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ। ਪੁਲਸ ਇਨ੍ਹਾਂ 40 ਨੌਜਵਾਨਾਂ ਤੋਂ ਪੁੱਛ-ਗਿੱਛ ਕਰ ਰਹੀ ਹੈ।