ਚੋਰੀ ਦੇ ਸਾਮਾਨ ਸਮੇਤ 2 ਕਾਬੂ, ਦੋ ਦਿਨ ਦਾ ਪੁਲਸ ਰਿਮਾਂਡ
Saturday, Jul 20, 2024 - 05:26 PM (IST)
ਮੋਗਾ (ਆਜ਼ਾਦ) : ਮਾੜੇ ਅਨਸਰਾਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਫਤਹਿਗੜ੍ਹ ਪੰਜਤੂਰ ਪੁਲਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਤੇਜ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਜਸਵੀਰ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਮਾੜੇ ਅਨਸਰਾਂ ਦੀ ਤਲਾਸ਼ ਵਿਚ ਸੀ ਤਾਂ ਜਦੋਂ ਉਹ ਧਰਮਕੋਟ ਚੌਕ ਫਤਿਹਗੜ੍ਹ ਪੰਜਤੂਰ ਦੇ ਕੋਲ ਪੁੱਜੇ ਤਾਂ ਥਾਣਾ ਫਤਿਹਗੜ੍ਹ ਪੰਜਤੂਰ ਦੇ ਮੁੱਖ ਮੁਣਸ਼ੀ ਨੂੰ ਮੋਬਾਈਲ ਫੋਨ ’ਤੇ ਜਾਣਕਾਰੀ ਮਿਲੀ ਕਿ ਧਰਮਕੋਟ ਰੋਡ ਨੇੜੇ ਪੈਟਰੋਲ ਪੰਪ ਸੈਦੇਸ਼ਾਹ ਵਾਲਾ ਦੇ ਕੋਲ ਦੋ ਵਿਅਕਤੀਆਂ ਨੂੰ ਚੋਰੀ ਦੇ ਮਾਲ ਸਮੇਤ ਫੜਿਆ ਹੈ, ਜਿਸ ’ਤੇ ਪੁਲਸ ਪਾਰਟੀ ਤੁਰੰਤ ਮੌਕੇ ’ਤੇ ਪੁੱਜੀ ਅਤੇ ਦੋਹਾਂ ਕਥਿਤ ਮੁਲਜ਼ਮਾਂ ਹਰਜਿੰਦਰ ਸਿੰਘ ਅਤੇ ਰਘਵੀਰ ਸਿੰਘ ਦੋਵੇਂ ਨਿਵਾਸੀ ਧਰਮਕੋਟ ਨੂੰ ਕਾਬੂ ਕਰ ਲਿਆ।
ਥਾਣਾ ਮੁਖੀ ਗੁਰਤੇਜ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਕੋਲੋਂ ਦੋ ਬੈਟਰੀਆਂ, ਲੋਹੇ ਦੀਆਂ ਪਾਈਪਾਂ, ਸੱਤ ਪਲੇਟਾਂ ਸਟਰਿੰਗ ਵਾਲੀਆਂ ਅਤੇ ਪਾਨੇ ਦੇ ਇਲਾਵਾ ਹੋਰ ਸਮਾਨ ਬਰਾਮਦ ਕੀਤਾ ਗਿਆ, ਜਿਨ੍ਹਾਂ ਖਿਲਾਫ ਥਾਣਾ ਫਤਹਿਗੜ੍ਹ ਪੰਜਤੂਰ ਵਿਚ ਮਾਮਲਾ ਦਰਜ ਕਰਨ ਦੇ ਬਾਅਦ ਉਨ੍ਹਾਂ ਨੂੰ ਸਹਾਇਕ ਥਾਣੇਦਾਰ ਜਸਵੀਰ ਸਿੰਘ ਵੱਲੋਂ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮਾਂ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਕੋਲੋਂ ਹੋਰ ਵੀ ਕਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।