22 ਦੇ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਪੁਲਸ ਵੱਲੋਂ ਕਿਸਾਨਾਂ ਦੇ ਘਰਾਂ ''ਚ ਛਾਪੇਮਾਰੀ

Tuesday, Sep 19, 2017 - 12:03 AM (IST)

22 ਦੇ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਪੁਲਸ ਵੱਲੋਂ ਕਿਸਾਨਾਂ ਦੇ ਘਰਾਂ ''ਚ ਛਾਪੇਮਾਰੀ

ਮੋਗਾ,   (ਪਵਨ ਗਰੋਵਰ/ਗੋਪੀ ਰਾਊਕੇ)-  ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਕੈਪਟਨ ਸਰਕਾਰ ਨੂੰ ਘੇਰਨ ਲਈ 7 ਕਿਸਾਨ ਜਥੇਬੰਦੀਆਂ ਵੱਲੋਂ 22 ਸਤੰਬਰ ਨੂੰ ਪਟਿਆਲਾ ਮੋਤੀ ਮਹਿਲ ਅੱਗੇ ਸ਼ੁਰੂ ਕੀਤੇ ਜਾਣ ਵਾਲੇ 5 ਰੋਜ਼ਾ ਕਰਜ਼ਾ ਮੁਕਤੀ ਮੋਰਚਾ ਸੰਘਰਸ਼ ਨੂੰ ਤਾਰਪੀਡੋ ਅਤੇ ਅਸਫਲ ਕਰਨ ਲਈ ਪੁਲਸ ਵੱਲੋਂ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਕਿਸਾਨਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਈ ਕਿਸਾਨ ਆਗੂ ਸੰਘਰਸ਼ ਨੂੰ ਹਰ ਹੀਲੇ ਸਫਲ ਬਣਾਉਣ ਲਈ ਪੁਲਸ ਨੂੰ ਚਕਮਾ ਦੇਣ 'ਚ ਸਫਲ ਹੋ ਗਏ ਹਨ। 
ਮੋਗਾ ਜ਼ਿਲੇ 'ਚ ਕਿਸਾਨ ਸੰਘਰਸ਼ ਨੂੰ ਅਸਫਲ ਬਣਾਉਣ ਲਈ ਬੀਤੀ ਰਾਤ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਥਾਵਾਂ ਤੋਂ 11 ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਕਿਰਤੀ ਕਿਸਾਨ ਯੂਨੀਅਨ ਆਗੂ ਨਿਰਮਲਜੀਤ ਸਿੰਘ ਘੱਲ ਕਲਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਲਾਭ ਸਿੰਘ ਬਾਘਾਪੁਰਾਣਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਦੇਵ ਸਿੰਘ ਕਿਸ਼ਨਪੁਰਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸ਼ਿੰਦਰ ਸਿੰਘ ਜਲਾਲਾਬਾਦ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਦੇਵ ਸਿੰਘ ਕਿਸ਼ਨਪੁਰਾ, ਗੁਰਮੇਲ ਸਿੰਘ ਪੰਚ, ਅਮਰਜੀਤ ਸਿੰਘ, ਸੁਖਮੰਦਰ ਸਿੰਘ, ਗੁਰਦੇਵ ਸਿੰਘ, ਭਜਨ ਸਿੰਘ ਅਤੇ ਇਕ ਹੋਰ ਕਿਸਾਨ ਆਗੂ ਨੂੰ ਮੋਗਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ।
ਉਧਰ, ਦੂਸਰੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਵਿਰੁੱਧ ਸੰਘਰਸ਼ ਨੂੰ ਹਰ ਹੀਲੇ ਕਾਮਯਾਬ ਕੀਤਾ ਜਾਵੇਗਾ। ਸੰਘਰਸ਼ ਦੀ ਸਫਲਤਾ ਲਈ ਜ਼ਿਲੇ ਦੇ ਵੱਖ-ਵੱਖ ਪਿੰਡਾਂ 'ਚ ਕਿਸਾਨ ਜਥੇਬੰਦੀਆਂ ਵੱਲੋਂ ਕੈਪਟਨ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ। 


Related News