ਥਾਣੇਦਾਰਾਂ ਦੇ ਕਤਲ ਦੇ ਮਾਮਲੇ ’ਚ ਪੁਲਸ ਨੇ ਵਿੱਕੀ ਗੌਂਡਰ ਅਤੇ ਸ਼ੇਰੇ ਖੁੱਬਣ ਦੇ ਰਿਸ਼ਤੇਦਾਰਾਂ ਤੋਂ ਕੀਤੀ ਪੁੱਛਗਿੱਛ
Tuesday, May 18, 2021 - 01:14 PM (IST)
ਮਲੋਟ (ਜੁਨੇਜਾ) : ਪਿਛਲੇ ਦਿਨੀ ਜਗਰਾਓਂ ਪੁਲਸ ਦੇ ਦੋ ਸਹਾਇਕ ਥਾਣੇਦਾਰਾਂ ਦੇ ਕਤਲ ਤੋਂ ਬਾਅਦ ਦੋਸ਼ੀਆਂ ਦੀ ਭਾਲ ਲਈ ਪੰਜਾਬ ਪੁਲਸ ਨੇ ਦਿਨ-ਰਾਤ ਇਕ ਕਰ ਦਿੱਤਾ ਹੈ। ਇਸ ਸਬੰਧੀ ਵੱਖ-ਵੱਖ ਜ਼ਿਲ੍ਹਿਆਂ ਦੇ ਸੀਨੀਅਰ ਕਪਤਾਨਾਂ ਦੀ ਅਗਵਾਈ ਹੇਠ ਪੁਲਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਗਰਾਓਂ ਵਿਚ ਗੈਗਸਟਰਾਂ ਹੱਥੋਂ ਡਿਊਟੀ ਦੌਰਾਨ ਕਤਲ ਹੋਏ ਏ. ਐੱਸ. ਆਈ. ਭਗਵਾਨ ਸਿੰਘ ਅਤੇ ਏ. ਐੱਸ. ਆਈ. ਦਲਵਿੰਦਰ ਸਿੰਘ ਦੇ ਕਤਲਾਂ ਲਈ ਪੁਲਸ ਗੈਂਗਸਟਰ ਜੈਪਾਲ ਭੁੱਲਰ ਸਮੇਤ ਗਿਰੋਹ ਨੂੰ ਜ਼ਿੰਮੇਵਾਰ ਮੰਨ ਕਿ ਗਿਰੋਹ ਨਾਲ ਸਬੰਧਤ ਗੈਂਗਸਟਰਾਂ ਦੇ ਪਰਿਵਾਰਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਕੁਝ ਮ੍ਰਿਤਕ ਜਾਂ ਫਰਾਰ ਗੈਂਗਸਟਰਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਪੁੱਛਗਿੱਛ ਲਈ ਲਿਜਾ ਰਹੀ ਹੈ ।
ਇਹ ਵੀ ਪੜ੍ਹੋ : ਪੰਜਾਬ ਦੀ ਪੰਥਕ ਸਿਆਸਤ ’ਚ ਵੱਡਾ ਧਮਾਕਾ, ਢੀਂਡਸਾ ਤੇ ਬ੍ਰਹਮਪੁਰਾ ਨੇ ਐਲਾਨਿਆ ਨਵਾਂ ਦਲ
ਇਸ ਸਬੰਧੀ ਮੋਗਾ ਦੇ ਸੀ. ਆਈ. ਏ. ਸਟਾਫ਼ ਵੱਲੋਂ ਮ੍ਰਿਤਕ ਗੈਂਗਸਟਰ ਹਰਜਿੰਦਰ ਸਿੰਘ ਵਿੱਕੀ ਗੌਂਡਰ ਦੇ ਚਾਚੇ ਜਗਦੀਸ਼ ਸਿੰਘ ਪੱਪੂ ਅਤੇ ਇਕ ਹੋਰ ਚਚੇਰੇ ਭਰਾ ਅਨੰਤਬੀਰ ਸਿੰਘ ਅਤੇ ਗੁਰਸ਼ਹੀਦ ਸਿੰਘ ਉਰਫ਼ ਸ਼ੇਰਾ ਖੁੱਬਣ ਦੇ ਪਿਤਾ ਸਰਪੰਚ ਜਰਨੈਲ ਸਿੰਘ ਨੂੰ ਸੱਦਿਆ ਗਿਆ। ਇਸ ਸਬੰਧੀ ਕਬਰਵਾਲਾ ਦੀ ਪੁਲਸ ਭਾਵੇਂ ਖੁਦ ਨੂੰ ਅਣਜਾਣ ਦੱਸ ਰਹੀ ਹੈ ਪਰ ਵਿੱਕੀ ਗੌਂਡਰ ਦੇ ਪਿੰਡ ਸਰਾਵਾਂ ਬੌਦਲਾਂ ਦੀ ਪੰਚਾਇਤ ਨੇ ਮੋਗਾ ਪੁੱਜ ਕੇ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਪੱਤਰਕਾਰਾਂ ਨੂੰ ਸਰਪੰਚ ਗੁਰਜੀਤ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਪੁਲਸ ਅਧਿਕਾਰੀਆਂ ਨੂੰ ਪਰਿਵਾਰ ਦੇ ਇਨ੍ਹਾਂ ਮੈਂਬਰਾਂ ਦੀ ਹਰ ਤਰ੍ਹਾਂ ਦੀ ਤਸੱਲੀ ਦਿੱਤੀ ਅਤੇ ਛੁਡਾ ਕਿ ਵਾਪਸ ਨਾਲ ਲਿਆਂਦਾ ਹੈ। ਓਧਰ, ਸ਼ੇਰੇ ਖੁੱਬਣ ਦੇ ਪਿਤਾ ਅਤੇ ਕਸਬਾਨੁਮਾ ਪਿੰਡ ਖੁੱਬਣ ਦੇ ਸਰਪੰਚ ਜਰਨੈਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਮੋਗਾ ਸੀ. ਆਈ. ਏ. ਸਟਾਫ਼ ਨੇ ਸੱਦਿਆ ਸੀ ਅਤੇ ਉਨ੍ਹਾਂ ਪੰਚਾਇਤ ਸਮੇਤ ਪੁੱਜ ਕਿ ਅਧਿਕਾਰੀਆਂ ਨੂੰ ਇਸ ਘਟਨਾ ਸਬੰਧੀ ਆਪਣੇ ਵੱਲੋਂ ਹਰ ਤਰ੍ਹਾਂ ਦੀ ਸਫ਼ਾਈ ਦਿੱਤੀ ਹੈ ਅਤੇ ਜਾਂਚ ਵਿਚ ਸਹਿਯੋਗ ਦਾ ਵੀ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ 2012 ਵਿਚ ਬਠਿੰਡਾ ਵਿਚ ਸ਼ੇਰੇ ਖੁੱਬਣ ਦੇ ਪੁਲਸ ਮੁਕਾਬਲੇ ਦਾ ਬਦਲਾ ਲੈਣ ਲਈ ਜੈਪਾਲ ਭੁੱਲਰ ਨੇ 2016 ਵਿਚ ਸੋਲਨ ਕੋਲ ਗੈਂਗਸਟਰ ਤੋਂ ਸਿਆਸੀ ਆਗੂ ਬਣ ਚੁੱਕੇ ਜਸਵਿੰਦਰ ਸਿੰਘ ਰੌਕੀ ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪਹਿਲਾਂ ਹੀ ਫਰਾਰ ਜੈਪਾਲ ਭੁੱਲਰ ਦੀ ਪੁਲਸ ਨੂੰ ਕੋਈ ਉਘ-ਸੁੱਘ ਨਹੀਂ ਮਿਲੀ।
ਇਹ ਵੀ ਪੜ੍ਹੋ : ਪੇਂਡੂ ਲੋਕਾਂ ਦੇ ਕੋਵਿਡ ਟੈਸਟ ਤੇ ਟੀਕਾਕਰਨ ’ਚ ਤੇਜ਼ੀ ਲਿਆਂਦੀ ਜਾਵੇਗੀ : ਮੁੱਖ ਸਕੱਤਰ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ