400 ਪੁਲਸ ਮੁਲਾਜ਼ਮਾਂ ਵੱਲੋਂ ਫਰੀਦਕੋਟ ਜੇਲ ਵਿਚ ਰੇਡ

Tuesday, May 27, 2025 - 04:26 PM (IST)

400 ਪੁਲਸ ਮੁਲਾਜ਼ਮਾਂ ਵੱਲੋਂ ਫਰੀਦਕੋਟ ਜੇਲ ਵਿਚ ਰੇਡ

ਫ਼ਰੀਦਕੋਟ (ਚਾਵਲਾ) : ਡਾ. ਪ੍ਰਗਿਆ ਜੈਨ ਐੱਸ.ਐੱਸ.ਪੀ ਫ਼ਰੀਦਕੋਟ ਦੀ ਅਗਵਾਈ ਹੇਠ ਫ਼ਰੀਦਕੋਟ ਪੁਲਸ ਦੇ ਲਗਭਗ 400 ਪੁਲਸ ਮੁਲਾਜ਼ਮਾਂ ਵੱਲੋਂ ਸੀਨੀਅਰ ਪੁਲਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਅੱਜ ਕੇਦਰੀ ਮਾਡਰਨ ਜੇਲ੍ਹ, ਫ਼ਰੀਦਕੋਟ 'ਚ ਇਕ ਵਿਸਤ੍ਰਿਤ ਅਤੇ ਅਚਾਨਕ ਚੈੱਕਿੰਗ ਮੁਹਿੰਮ ਚਲਾਈ, ਜੋ ਕਿ ਲਗਭਗ 4 ਘੰਟੇ ਦੇ ਕਰੀਬ ਤੱਕ ਚੱਲੀ। ਇਹ ਕਾਰਵਾਈ ਸੰਦੀਪ ਕੁਮਾਰ ਐੱਸ.ਪੀ(ਇੰਨਵੈਸਟੀਗੇਸ਼ਨ) ਫ਼ਰੀਦਕੋਟ ਦੀ ਨਿਗਰਾਨੀ ਹੇਠ ਹੋਈ। ਇਸ ਮੌਕੇ ਉਨ੍ਹਾਂ ਨਾਲ ਸ਼ਮਸ਼ੇਰ ਸਿੰਘ ਡੀ.ਐੱਸ.ਪੀ(ਸਥਾਨਿਕ) ਫ਼ਰੀਦਕੋਟ ਵੀ ਮੌਜੂਦ ਸਨ। ਇਸ ਸਬੰਧੀ ਸੰਦੀਪ ਕੁਮਾਰ ਐੱਸ.ਪੀ (ਇਨਵੈਸਟੀਗੇਸ਼ਨ) ਫ਼ਰੀਦਕੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚੈੱਕਿੰਗ ਕਿਸੇ ਵੀ ਗੈਰਕਾਨੂੰਨੀ ਚੀਜ਼ ਜਾਂ ਨਸ਼ੀਲੇ ਪਦਾਰਥ ਦੀ ਚੈਕਿੰਗ ਅਤੇ ਜੇਲ ਦੇ ਅੰਦਰ ਸੁਰੱਖਿਆ ਪ੍ਰਬੰਧਾ ਦੀ ਚੈਕਿੰਗ ਲਈ ਕੀਤੀ ਗਈ। ਇਹ ਮੁਹਿੰਮ ਗੁਪਤ ਰੱਖੀ ਗਈ ਤਾਂ ਜੋ ਕੋਈ ਸ਼ਰਾਰਤੀ ਤੱਤ ਇਸ ਦੀ ਜਾਣਕਾਰੀ ਲੈ ਕੇ ਬਚ ਨਾ ਸਕਣ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਔਰਤਾਂ ਦੀ ਗੋਪਨੀਯਤਾ ਅਤੇ ਪ੍ਰੋਟੋਕੋਲ ਨੂੰ ਧਿਆਨ ਵਿਚ ਰੱਖਦਿਆਂ, ਮਹਿਲਾ ਪੁਲਸ ਮੁਲਾਜ਼ਮਾਂ ਵੱਲੋਂ ਵੱਖਰੇ ਤੌਰ 'ਤੇ ਔਰਤਾਂ ਵਾਲੀਆਂ ਬੈਰਕਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਜਿਹੀਆਂ ਅਚਾਨਕ ਜਾਂਚਾਂ ਜੇਲ ਵਿਚ ਬੁਰੇ ਰੁਝਾਨ ਵਾਲੇ ਕੈਦੀਆਂ ਵਿਚ ਡਰ ਪੈਦਾ ਕਰਦੀਆਂ ਹਨ, ਜਿਸ ਨਾਲ ਗੈਰਕਾਨੂੰਨੀ ਸਰਗਰਮੀਆਂ ਨੂੰ ਰੋਕਣ ਵਿਚ ਮਦਦ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹੀਆਂ ਜਾਂਚਾਂ ਨਿਯਮਤ ਤੌਰ 'ਤੇ ਜਾਰੀ ਰਹਿਣਗੀਆਂ। ਉਨ੍ਹਾਂ ਕੈਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਗੈਰਕਾਨੂੰਨੀ ਗਤੀਵਿਧੀਆਂ ਤੋਂ ਦੂਰ ਰਹਿਣ ਅਤੇ ਆਪਣੀ ਨਿੱਜੀ ਸੁਧਾਰ ਵੱਲ ਧਿਆਨ ਦੇਣ ਤਾਂ ਜੋ ਸਜ਼ਾ ਮੁਕੰਮਲ ਹੋਣ 'ਤੇ ਵਧੀਆਂ ਜੀਵਨ ਬਤੀਤ ਕਰ ਸਕਣ। ਪੁਲਸ ਟੀਮਾਂ ਨੇ ਜੇਲ ਦੀ ਬਾਹਰੀ ਚਾਰਦੀਵਾਰੀ, ਨਿਗਰਾਨੀ ਕੈਮਰੇ ਅਤੇ ਸੁਰੱਖਿਆ ਪ੍ਰਣਾਲੀਆਂ ਦੀ ਵੀ ਜਾਂਚ ਵੀ ਕੀਤੀ ਗਈ। ਇਸ ਸਬੰਧੀ ਐੱਸ.ਐੱਸ.ਪੀ ਫ਼ਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਥਾਣਾ ਇੰਚਾਰਜ ਅਤੇ ਹੋਰ ਸਬੰਧਤ ਪੁਲਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਜੇਲ ਦੇ ਆਲੇ ਦੁਆਲੇ ਰਹਿਣ ਵਾਲੇ ਨਿਵਾਸੀਆਂ ਦਾ ਰਿਕਾਰਡ ਰੱਖਣ ਤਾਂ ਜੋ ਉਹ ਕੈਦੀਆਂ ਜਾਂ ਉਨ੍ਹਾਂ ਦੇ ਸਾਥੀਆਂ ਨਾਲ ਮਿਲਕੇ ਜੇਲ ਵਿਚ ਨਸ਼ਾ ਜਾਂ ਹੋਰ ਗੈਰਕਾਨੂੰਨੀ ਚੀਜ਼ਾਂ ਅੰਦਰ ਸੁੱਟਣ ਵਿੱਚ ਸ਼ਾਮਿਲ ਨਾ ਹੋਣ।


author

Gurminder Singh

Content Editor

Related News