ਕਿੱਕਰ ਵੱਢਣ ਦੇ ਮਾਮਲੇ ਨੂੰ ਲੈ ਕੇ ਪੁਲਸ ਤੇ ਬਸਤੀ ਨਿਵਾਸੀਆਂ ਵਿਚਕਾਰ ਚੱਲੇ ਇੱਟਾਂ-ਰੋੜੇ
Friday, Apr 03, 2020 - 06:27 PM (IST)
ਤਪਾ ਮੰਡੀ (ਸ਼ਾਮ, ਗਰਗ) - ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਸਖ਼ਤੀ ਨਾਲ ਕਰਫਿਉ ਲਾਗੂ ਕੀਤੇ ਹੋਏ ਨੂੰ ਲਗਪਗ 12 ਦਿਨ ਬੀਤ ਚੁੱਕੇ ਹਨ, ਜਿਸ ਨਾਲ ਗ਼ਰੀਬ ਪਰਿਵਾਰਾਂ ਨੂੰ ਭਰ ਪੇਟ ਭੋਜਨ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਸ਼ਹਿਰ ਤਪਾ ਮੰਡੀ ਦੀ ਢਿਲਵਾਂ ਰੋਡ ਗੋਬਿੰਦ ਬਸਤੀ ਵਿਖੇ ਉਸ ਵਕਤ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਬਸਤੀ ਦੇ ਲੋਕ ਆਪਣੇ ਲਈ ਲੰਗਰ ਬਣਾਉਣ ਵਾਸਤੇ ਲੱਕੜਾਂ ਦੇ ਇੰਤਜ਼ਾਮ ਕਰਨ ਲਈ ਸੜਕ ’ਤੇ ਖੜ੍ਹੀ ਕਿੱਕਰ ਨੂੰ ਵੱਢਣ ਲੱਗ ਪਏ ਤਾਂ ਕਿਸੇ ਵਿਅਕਤੀ ਵਲੋਂ ਜੰਗਲਾਤ ਵਿਭਾਗ ਦੇ ਦਰੋਗ਼ੇ ਨੂੰ ਫੋਨ ਕਰਕੇ ਮੌਕੇ ’ਤੇ ਸੱਦ ਲਿਆ।
ਮੌਕੇ ’ਤੇ ਪੁੱਜੇ ਦਰੋਗੇ ਗੁਰਤੇਜ ਸਿੰਘ ਨੇ ਦੱਸਿਆ ਕਿ ਢਿੱਲਵਾਂ ਸੜਕ ਉੱਪਰ ਜੰਗਲਾਤ ਵਿਭਾਗ ਦੀ ਖੜ੍ਹੀ ਕਿੱਕਰ ਨੂੰ ਵੱਢਣ ਤੋਂ ਜਦੋਂ ਬਸਤੀ ਵਾਸੀਆਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਉਸ ਨਾਲ ਦੁਰਵਿਹਾਰ ਕੀਤਾ। ਇਸ ਦੌਰਾਨ ਜਦੋਂ ਉਸ ਨੇ ਪੁਲਸ ਪ੍ਰਸ਼ਾਸਨ ਦੀ ਮਦਦ ਮੰਗੀ ਤਾਂ ਸਿਟੀ ਇੰਚਾਰਜ ਸਰਵਜੀਤ ਸਿੰਘ ਦੀ ਅਗਵਾਈ ‘ਚ ਪੁਲਸ ਪਾਰਟੀ ਮਦਦ ਲਈ ਪਹੁੰਚ ਗਈ। ਪੁਲਸ ਦੇ ਪਹੁੰਚਣ ’ਤੇ ਅਣਪਛਾਤੇ ਲੋਕਾਂ ਨੇ ਪੁਲਸ ਮੁਲਾਜ਼ਮਾਂ ’ਤੇ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਪੁਲਸ ਕਰਮਚਾਰੀ ਗੁਰਸੇਵਕ ਸਿੰਘ ਹੌਲਦਾਰ ਅਤੇ ਮੋਹਨ ਲਾਲ ਹੋਮਗਾਰਡ ਦੇ ਜਵਾਨ ਜ਼ਖਮੀ ਹੋ ਗਏ। ਉਕਤ ਮੁਲਾਜ਼ਮਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ। ਇਸ ਮਸਲੇ ਸਬੰਧੀ ਜਦੋਂ ਬਸਤੀ ਵਾਸੀਆਂ ਦਾ ਪੱਖ ਜਾਣਿਆ ਤਾਂ ਉਨ੍ਹਾਂ ਪੁਲਸ ਪ੍ਰਸ਼ਾਸਨ ਅਤੇ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਤੱਕ ਕਿਸੇ ਵਲੋਂ ਵੀ ਕੋਈ ਰਾਹਤ ਸਮੱਗਰੀ ਨਹੀਂ ਪਾਈ ਗਈ।
ਪੜ੍ਹੋ ਇਹ ਵੀ ਖਬਰ - ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੇ ਗੰਨਮੈਨ ਦੀ ਗੋਲੀ ਲੱਗਣ ਕਾਰਨ ਮੌਤ
ਪੜ੍ਹੋ ਇਹ ਵੀ ਖਬਰ - ਭਾਈ ਜੀ ਦੇ ਸਸਕਾਰ ’ਚ ਵਿਘਨ ਪਾਉਣ ਵਾਲਿਆਂ ਨੂੰ ਕੋਰੋਨਾ ਹੋਇਆ ਤਾਂ ਸਸਕਾਰ ਕਿਥੇ ਹੋਵੇਗਾ : ਜ਼ੀਰਾ
ਉਨ੍ਹਾਂ ਵਲੋਂ ਆਪਣੇ ਪੱਧਰ ’ਤੇ ਬਸਤੀ ਵਾਸੀਆਂ ਲਈ ਲੰਗਰ ਦੇ ਇੰਤਜ਼ਾਮ ਕਰਨ ਵਾਸਤੇ ਸੁੱਕੇ ਕਿੱਕਰ ਨੂੰ ਬਾਲਣ ਦੇ ਤੌਰ ’ਤੇ ਵਰਤਣ ਲਈ ਵੱਢਿਆ ਜਾ ਰਿਹਾ ਸੀ, ਜਿਸ ਦੌਰਾਨ ਪ੍ਰਸ਼ਾਸਨ ਨੇ ਉਨ੍ਹਾਂ ’ਤੇ ਲਾਠੀਚਾਰਜ ਕਰ ਦਿੱਤਾ। ਮਹਾਕਾਂਬੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਅਤੇ ਅਰਵਿੰਦ ਰੰਗੀ ਨੇ ਮਾਮਲੇ ਨੂੰ ਸ਼ਾਂਤ ਕਰਵਾਉਣ ਲਈ ਦੋਨੋਂ ਧਿਰਾਂ ਨੂੰ ਸਮਝਾਇਆ ਅਤੇ ਜੰਗਲਾਤ ਵਿਭਾਗ ਦੇ ਦਰੋਗ਼ੇ ਨੂੰ ਸਮਝਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਸਬਰ ਤੋਂ ਕੰਮ ਲੈਣਾ ਚਾਹੀਦਾ ਸੀ। ਇਸ ਤਰ੍ਹਾਂ ਜਲਦਬਾਜ਼ੀ ਨਾਲ ਫੈਸਲੇ ਲੈ ਕੇ ਮੰਡੀ ਦੇ ਮਾਹੌਲ ਨੂੰ ਖ਼ਰਾਬ ਨਹੀਂ ਸੀ ਕਰਨਾ ਚਾਹੀਦਾ। ਇਸ ਸੰਬੰਧੀ ਜਦੋਂ ਡੀ.ਐੱਸ.ਪੀ ਤਪਾ ਰਵਿੰਦਰ ਰੰਧਾਵਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਵਲੋਂ ਕੋਈ ਲਾਠੀਚਾਰਜ ਨਹੀਂ ਕੀਤਾ ਗਿਆ ਅਤੇ ਨਾ ਹੀ ਪੁਲਸ ਮੁਲਾਜ਼ਮ ਜ਼ਖਮੀ ਹੋਏ ਹਨ।